PM Modi-Rishi Sunak News: ਪ੍ਰਧਾਨ ਮੰਤਰੀ ਮੋਦੀ ਨੇ ਰਿਸ਼ੀ ਸੁਨਕ ਨਾਲ ਕੀਤੀ ਗੱਲਬਾਤ, ਇਜ਼ਰਾਈਲ-ਹਮਾਸ ਸੰਘਰਸ਼ ਸਣੇ ਇਨ੍ਹਾਂ ਮਸਲਿਆਂ ’ਤੇ ਚਰਚਾ
ਉਨ੍ਹਾਂ ਨੇ ਅਤਿਵਾਦ, ਵਿਗੜਦੀ ਸੁਰੱਖਿਆ ਸਥਿਤੀ ਅਤੇ ਆਮ ਨਾਗਰਿਕਾਂ ਦੀ ਮੌਤ 'ਤੇ ਵੀ ਡੂੰਘੀ ਚਿੰਤਾ ਪ੍ਰਗਟਾਈ।
PM Modi-Rishi Sunak News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬ੍ਰਿਟਿਸ਼ ਹਮਰੁਤਬਾ ਰਿਸ਼ੀ ਸੁਨਕ ਨੇ ਸ਼ੁਕਰਵਾਰ ਨੂੰ ਟੈਲੀਫੋਨ 'ਤੇ ਗੱਲਬਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਪੱਛਮੀ ਏਸ਼ੀਆ ਦੇ ਵਿਕਾਸ ਅਤੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ 'ਤੇ ਚਰਚਾ ਕੀਤੀ। ਉਨ੍ਹਾਂ ਨੇ ਅਤਿਵਾਦ, ਵਿਗੜਦੀ ਸੁਰੱਖਿਆ ਸਥਿਤੀ ਅਤੇ ਆਮ ਨਾਗਰਿਕਾਂ ਦੀ ਮੌਤ 'ਤੇ ਵੀ ਡੂੰਘੀ ਚਿੰਤਾ ਪ੍ਰਗਟਾਈ।
ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਨੇ ਇਕ ਬਿਆਨ ਵਿਚ ਕਿਹਾ, "ਮੋਦੀ ਅਤੇ ਸੁਨਕ ਨੇ ਅਤਿਵਾਦ, ਵਿਗੜਦੀ ਸੁਰੱਖਿਆ ਸਥਿਤੀ ਅਤੇ ਨਾਗਰਿਕਾਂ ਦੀ ਮੌਤ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਨੇ ਖੇਤਰ ਵਿਚ ਸ਼ਾਂਤੀ, ਸੁਰੱਖਿਆ, ਸਥਿਰਤਾ ਅਤੇ ਨਿਰੰਤਰ ਮਾਨਵਤਾਵਾਦੀ ਸਹਾਇਤਾ ਦੀ ਲੋੜ 'ਤੇ ਸਹਿਮਤੀ ਜਤਾਈ"।
ਬਿਆਨ ਅਨੁਸਾਰ, ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਦਾ ਇਕ ਸਾਲ ਪੂਰਾ ਹੋਣ 'ਤੇ ਸੁਨਕ ਨੂੰ ਵਧਾਈ ਦਿਤੀ ਅਤੇ ਦੋਵਾਂ ਨੇਤਾਵਾਂ ਨੇ ਆਪਸੀ ਲਾਭਕਾਰੀ ਮੁਕਤ ਵਪਾਰ ਸਮਝੌਤੇ (ਐਫਟੀਏ) ਨੂੰ ਜਲਦੀ ਰੂਪ ਦੇਣ ਵਿਚ ਹੋਈ ਪ੍ਰਗਤੀ ਦਾ ਸਵਾਗਤ ਕੀਤਾ।
ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, ''ਅੱਜ ਸ਼ਾਮ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਗੱਲ ਕੀਤੀ। ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ ਅਤੇ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਚਰਚਾ ਕੀਤੀ। ਅਸੀਂ ਸਹਿਮਤ ਹੋਏ ਕਿ ਅਤਿਵਾਦ ਅਤੇ ਹਿੰਸਾ ਲਈ ਕੋਈ ਥਾਂ ਨਹੀਂ ਹੈ”।
ਉਨ੍ਹਾਂ ਕਿਹਾ, “ਨਾਗਰਿਕ ਮੌਤਾਂ ਗੰਭੀਰ ਚਿੰਤਾ ਦਾ ਵਿਸ਼ਾ ਹਨ। ਖੇਤਰੀ ਸ਼ਾਂਤੀ, ਸੁਰੱਖਿਆ, ਸਥਿਰਤਾ ਅਤੇ ਨਿਰੰਤਰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਕੰਮ ਕਰਨ ਦੀ ਲੋੜ ਹੈ”।
ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵਾਂ ਨੇਤਾਵਾਂ ਨੇ ਵਪਾਰ, ਨਿਵੇਸ਼, ਉੱਭਰਦੀ ਤਕਨਾਲੋਜੀ, ਰੱਖਿਆ, ਸੁਰੱਖਿਆ, ਸਿਹਤ ਅਤੇ ਹੋਰ ਖੇਤਰਾਂ ਸਮੇਤ ਦੁਵੱਲੀ ਵਿਆਪਕ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਅਪਣੀ ਵਚਨਬੱਧਤਾ ਨੂੰ ਦੁਹਰਾਇਆ।
ਬਿਆਨ ਮੁਤਾਬਕ, ਮੋਦੀ ਅਤੇ ਸੁਨਕ ਸੰਪਰਕ ਵਿਚ ਰਹਿਣ ਲਈ ਸਹਿਮਤ ਹੋਏ ਅਤੇ ਅਖੀਰ ਵਿਚ ਉਨ੍ਹਾਂ ਨੇ ਇਕ ਦੂਜੇ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿਤੀਆਂ।