Israel Hamas War : ਹਮਾਸ ਕੋਲ ਬੰਧਕ ਇਜ਼ਰਾਈਲੀਆਂ ਦੇ ਪਰਿਵਾਰਾਂ ਦੇ ਮੰਚ ਨੇ ਨੇਤਨਯਾਹੂ ਸਰਕਾਰ ਵਿਰੁਧ ਮਾਰਚ ਸ਼ੁਰੂ ਕੀਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਿਛਲੇ 39 ਦਿਨਾਂ ਤੋਂ ਬੰਧਕਾਂ ਦੇ ਰਿਸ਼ਤੇਦਾਰਾਂ ਕੋਲ ਸਿਰਫ ਇਕ ਹੀ ਖਬਰ ਹੈ ਜੋ ਹਮਾਸ ਵਲੋਂ ਪ੍ਰਕਾਸ਼ਤ ਵੀਡੀਓ ਹੈ

Israel Hamas War : Hostages And Missing Families forum march

Israel Hamas War : ਬੰਧਕਾਂ ਅਤੇ ਲਾਪਤਾ ਪਰਿਵਾਰ ਮੰਚ ਨੇ ਮੰਗਲਵਾਰ ਨੂੰ ਤੇਲ ਅਵੀਵ ਤੋਂ ਅਪਣਾ ਮਾਰਚ ਸ਼ੁਰੂ ਕੀਤਾ ਜੋ ਸ਼ਨਿਚਰਵਾਰ ਨੂੰ ਯੇਰੂਸ਼ਲਮ ਸਥਿਤ ਪ੍ਰਧਾਨ ਮੰਤਰੀ ਦਫਤਰ ਵਿਖੇ ਸਮਾਪਤ ਹੋਵੇਗਾ। ਮੰਚ 7 ਅਕਤੂਬਰ ਦੇ ਹਮਲੇ ਤੋਂ ਬਾਅਦ ਲਾਪਤਾ ਵਿਅਕਤੀਆਂ ਨੂੰ ਵਾਪਸ ਲਿਆਉਣ ’ਚ ਅਸਫਲ ਰਹਿਣ ਲਈ ਇਜ਼ਰਾਈਲੀ ਸਰਕਾਰ ਵਿਰੁਧ ਆਵਾਜ਼ ਉਠਾ ਰਿਹਾ ਹੈ। ਮੰਚ ਚਾਹੁੰਦਾ ਹੈ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਗਾਜ਼ਾ ’ਚ ਹਮਾਸ ਵਲੋਂ ਬਣਾਏ ਬੰਧਕਾਂ ਨੂੰ ਰਿਹਾਅ ਕਰਨ ਲਈ ਸੌਦਾ ਕਰਨ ਬਾਰੇ ਜਵਾਬ ਦੇਣ। ਮੰਚ ਨੇ ਜੰਗੀ ਕੈਬਨਿਟ ਨੂੰ ਮਿਲਣ ਦੀ ਮੰਗ ਕੀਤੀ ਹੈ ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਬੰਧਕਾਂ ਦੀ ਰਿਹਾਈ ਲਈ ਹਮਾਸ ਨੇ ਕਿਹੜੀਆਂ ਮੰਗਾਂ ਰੱਖੀਆਂ ਹਨ। 

ਇਹ ਮਾਰਚ ਕਈ ਸਟੇਸ਼ਨਾਂ ’ਚੋਂ ਲੰਘੇਗਾ ਜਿਸ ’ਚ ਸ਼ਾਮਲ ਹਨ: ਬੇਰ ਯਾਕੋਵ, ਬੀਟ ਹਾਸ਼ਮੋਨਾਈ, ਲੈਟਰੂਨ ਜੰਕਸ਼ਨ, ਅਤੇ ਕਿਰਿਆਤ ਅਨਾਵਿਮ - ਜਿੱਥੇ ਸਾਰੇ ਪਰਵਾਰਾਂ ਨਾਲ ਇਕ ਤਿਉਹਾਰ ਸ਼ੱਬਤ ਭੋਜਨ ਕੀਤਾ ਜਾਵੇਗਾ। ਸ਼ਨਿਚਰਵਾਰ ਨੂੰ, ਮਾਰਚ ਪ੍ਰਧਾਨ ਮੰਤਰੀ ਦਫਤਰ ਵਿਖੇ ਸਮਾਪਤ ਹੋਵੇਗਾ ਅਤੇ ਇਸ ਤੋਂ ਬਾਅਦ, ਸਾਰੇ ਪਰਿਵਾਰ ਰੋਜ਼ ਗਾਰਡਨ ’ਚ ਕੇਂਦਰੀ ਰੈਲੀ ਲਈ ਪਹੁੰਚਣਗੇ। ਮੰਚ ਨੇ ਇਜ਼ਰਾਈਲੀ ਨਾਗਰਿਕਾਂ, ਯੁੱਧ ਕੈਬਨਿਟ ਅਤੇ ਸ਼ਹਿਰ ਦੇ ਨੇਤਾਵਾਂ ਨੂੰ ਅਪਣੀਆਂ ਮੰਗਾਂ ਦੇ ਹੱਕ ’ਚ ਮਾਰਚ ’ਚ ਸ਼ਾਮਲ ਹੋਣ ਦਾ ਸੱਦਾ ਦਿਤਾ ਹੈ।

ਬੰਧਕਾਂ ਦੇ ਰਿਸ਼ਤੇਦਾਰਾਂ ਦਾ ਦਰਦ

ਅਦੀ ਸ਼ੋਹਮ ਦੇ ਭਰਾ ਯੁਵਲ ਹੇਰਨ, ਜਿਸ ਨੂੰ ਉਸ ਦੇ ਪਤੀ ਤਾਲ ਅਤੇ ਉਸ ਦੇ ਦੋ ਬੱਚਿਆਂ - ਯਹਾਲ (3) ਅਤੇ ਨੋਆ (8) ਦੇ ਨਾਲ ਅਗਵਾ ਕੀਤਾ ਗਿਆ ਸੀ, ਨੇ ਕਿਹਾ, ‘‘ਮੈਂ ਅਪਣੀ ਪੂਰੀ ਜ਼ਿੰਦਗੀ ਕਿਬੁਟਜ਼ ’ਚ ਬਿਤਾਈ ਹੈ ਅਤੇ ਸੋਚਿਆ ਕਿ ਇਹ ਰਹਿਣ ਲਈ ਇਕ ਸੁਰੱਖਿਅਤ ਜਗ੍ਹਾ ਹੈ। ਪਰ 39 ਦਿਨ ਪਹਿਲਾਂ ਮੇਰਾ ਸੁਪਨਾ ਟੁੱਟ ਗਿਆ। ਸਾਡਾ ਸਭ ਤੋਂ ਭੈੜਾ ਸੁਪਨਾ ਸੱਚ ਹੋ ਗਿਆ। ਬੱਚਿਆਂ ਸਮੇਤ ਮੇਰੇ ਸੱਤ ਪਰਿਵਾਰਕ ਮੈਂਬਰ ਗਾਜ਼ਾ ’ਚ ਹਨ। ਅਸੀਂ ਹਰ ਪਲ ਦਰਦ ’ਚ ਰਹਿੰਦੇ ਹਾਂ।’’ ਉਨ੍ਹਾਂ ਕਿਹਾ, ‘‘ਮੈਂ ਸਾਰਿਆਂ ਨੂੰ ਸਾਡੇ ਨਾਲ ਸ਼ਾਮਲ ਹੋਣ ਲਈ, ਨੇਸੈਟ ਦੇ ਮੈਂਬਰਾਂ, ਮੰਤਰੀਆਂ, ਸ਼ਹਿਰ ਦੇ ਨੇਤਾਵਾਂ, ਨੌਜਵਾਨ ਅੰਦੋਲਨਾਂ ਅਤੇ ਇਜ਼ਰਾਈਲ ਦੇ ਸਾਰੇ ਨਾਗਰਿਕਾਂ ਨੂੰ ਸੱਦਾ ਦਿੰਦਾ ਹਾਂ। ਸਾਡੇ ਨਾਲ ਯਰੂਸ਼ਲਮ ਆਉ।’’

ਓਮੇਰ ਸ਼ੈਮ ਟੋਵ ਦੀ ਮਾਂ ਸ਼ੈਲੀ ਸ਼ੇਮ ਟੋਵ ਨੇ ਕਿਹਾ ਕਿ ਓਮੇਰ ਪਿਛਲੇ 39 ਦਿਨਾਂ ਤੋਂ ਹਮਾਸ ਦੀ ਕੈਦ ’ਚ ਹੈ। ਉਨ੍ਹਾਂ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਮੇਰੇ ਬੇਟੇ ਨਾਲ ਕੀ ਹੋ ਰਿਹਾ ਹੈ। ਮੈਨੂੰ ਨਹੀਂ ਪਤਾ ਕਿ ਉਹ ਕੀ ਖਾ ਰਿਹਾ ਹੈ, ਕੀ ਉਸ ਨੇ ਸੂਰਜ ਵੇਖਿਆ ਹੈ ਜਾਂ ਕੀ ਉਹ ਉਸ ਨੂੰ ਕੁੱਟ ਰਹੇ ਹਨ। ਮੈਨੂੰ ਨਹੀਂ ਪਤਾ ਕਿ ਉਹ ਅਪਣੀਆਂ ਦਵਾਈਆਂ ਲੈ ਰਿਹਾ ਹੈ ਜਾਂ ਨਹੀਂ। ਉਸ ਨੂੰ ਦਮਾ ਹੈ।’’ ਉਨ੍ਹਾਂ ਕਿਹਾ ਕਿ ਨੇਤਨਯਾਹੂ ਅਤੇ ਕੈਬਨਿਟ ਨੂੰ ਜਵਾਬ ਦੇਣਾ ਚਾਹੀਦਾ ਹੈ, ‘‘ਸਾਡੇ ਕੋਲ ਹੋਰ ਕੋਈ ਤਾਕਤ ਨਹੀਂ ਬਚੀ ਹੈ। ਸਾਡੇ ਬੱਚਿਆਂ, ਸਾਡੇ ਪਰਿਵਾਰਾਂ ਅਤੇ ਸਾਡੇ ਘਰ ਵਾਪਸ ਕਰੋ।’’

ਸਰਕਾਰੀ ਨਹੀਂ ਕਰ ਰਹੀ ਬੰਧਕਾਂ ਦੇ ਰਿਸ਼ਤੇਦਾਰਾਂ ਨਾਲ ਗੱਲ

ਓਮਰੀ ਮੀਰਾਨ ਦੇ ਪਿਤਾ ਡੈਨ ਮੀਰਾਨ ਨੇ ਕਿਹਾ ਕਿ ਇਜ਼ਰਾਈਲ ’ਚ ਕੋਈ ਸਰਕਾਰ ਨਹੀਂ ਰਹਿ ਗਈ ਹੈ ਅਤੇ ਨੇਸੇਟ ਦੇ ਮੈਂਬਰ ਲਾਪਤਾ ਵਿਅਕਤੀਆਂ ਦੇ ਪਰਿਵਾਰਾਂ ਨਾਲ ਗੱਲ ਨਹੀਂ ਕਰ ਰਹੇ। ਉਨ੍ਹਾਂ ਕਿਹਾ, ‘‘ਜਦੋਂ ਮੈਂ ਅਪਣੇ ਪੁੱਤਰ ਨੂੰ ਪੁਛਿਆ ਕਿ ਉਹ ਨਾਹਲ ਓਜ਼ ’ਚ ਕਿਉਂ ਰਿਹਾ, ਤਾਂ ਉਸ ਨੇ ਮੈਨੂੰ ਕਿਹਾ ਕਿ ਉਸ ਦੇ ਆਲੇ-ਦੁਆਲੇ ਪੂਰੀ ਫੌਜ ਹੈ ਅਤੇ ਉਸ ਨੂੰ ਜਾਂ ਉਸ ਦੇ ਪਰਿਵਾਰ ਨੂੰ ਕੁਝ ਨਹੀਂ ਹੋ ਸਕਦਾ।’’ ਉਨ੍ਹਾਂ ਕਿਹਾ ਕਿ ਹਾਲਾਂਕਿ ਇਜ਼ਰਾਈਲ ਦੀ ਸਰਕਾਰ ਨੇ ਉਸ ਦੇ ਪੁੱਤਰ ਨਾਲ ਧੋਖਾ ਕੀਤਾ। ਉਨ੍ਹਾਂ ਕਿਹਾ, ‘‘ਉਹ ਸਿਰਫ਼ ਉਹੀ ਹਨ ਜੋ ਮੈਨੂੰ ਮੇਰੇ ਪੁੱਤਰ ਬਾਰੇ ਦੱਸ ਸਕਦੇ ਹਨ। ਮੈਂ ਮੰਗ ਕਰਦਾ ਹਾਂ ਕਿ ਕੈਬਨਿਟ ਸਾਡੇ ਕੋਲ ਆਵੇ ਅਤੇ ਸਾਨੂੰ ਦੱਸੇ ਕਿ ਕੀ ਹੋ ਰਿਹਾ ਹੈ। ਮੈਨੂੰ ਕੁਝ ਨਹੀਂ ਪਤਾ! ਸਾਡੇ ਕੋਲ ਆਉ, ਸਾਨੂੰ ਕੁਝ ਦੱਸੋ। ਤੁਸੀਂ ਇਜ਼ਰਾਈਲ ਦੇ ਲੋਕਾਂ ਨੂੰ ਜਵਾਬਦੇਹ ਹੋ।’’

ਇਵਯਾਤਾਰ ਡੇਵਿਡ ਦੀ ਭੈਣ ਯੇਲਾ ਡੇਵਿਡ ਨੇ ਮੀਡੀਆ ਕਰਮੀਆਂ ਨੂੰ ਦਸਿਆ ਕਿ ਪਿਛਲੇ 39 ਦਿਨਾਂ ਤੋਂ ਉਨ੍ਹਾਂ ਕੋਲ ਏਵਯਾਤਾਰ ਬਾਰੇ ਸਿਰਫ ਇਕ ਹੀ ਖਬਰ ਹੈ ਜੋ ਹਮਾਸ ਵਲੋਂ ਪ੍ਰਕਾਸ਼ਤ ਵੀਡੀਓ ਤੋਂ ਹੈ। ਉਸ ਨੇ ਕਿਹਾ, ‘‘ਮੈਂ ਅਪਣੇ ਭਰਾ ਨੂੰ ਵੇਖਿਆ - ਅਗਵਾ ਕੀਤੇ ਗਏ ਵੀਡੀਉ-ਫੁਟੇਜ ’ਚ - ਹਮਾਸ ਵਲੋਂ ਜਾਰੀ ਕੀਤਾ ਗਿਆ।’’ ਉਨ੍ਹਾਂ ਕਿਹਾ ਕਿ ਜੰਗੀ ਕੈਬਨਿਟ ਨੂੰ ਲਾਪਤਾ ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਅਸੀਂ ਜਵਾਬ ਚਾਹੁੰਦੇ ਹਾਂ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਜ਼ਰਾਈਲ ਰਾਜ ਵਲੋਂ ਹਮਾਸ ਨੂੰ ਬੰਧਕਾਂ ਦੀ ਰਿਹਾਈ ਲਈ ਕੀ ਪੇਸ਼ਕਸ਼ ਕੀਤੀ ਗਈ ਹੈ। ਇਹ ਸਿਰਫ ਆਈ.ਡੀ.ਐਫ. ਫ਼ੌਜੀਆਂ ਜਾਂ ਬੰਧਕਾਂ ਦੀ ਲੜਾਈ ਨਹੀਂ ਹੈ ਬਲਕਿ ਸਾਰੇ ਇਜ਼ਰਾਈਲੀਆਂ ਲਈ ਲੜਾਈ ਹੈ।’’

ਇਟਜ਼ਿਕ ਐਲਗਾਰਟ ਦੇ ਭਰਾ ਡੈਨੀ ਐਲਗਾਰਟ ਨੇ ਕਿਹਾ ਕਿ ਸਰਕਾਰ ਨੂੰ ਉਨ੍ਹਾਂ ’ਤੇ ਇਹ ਮਨੋਵਿਗਿਆਨਕ ਤਸ਼ੱਦਦ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਹਮਾਸ ਕੀ ਚਾਹੁੰਦਾ ਹੈ ਪਰ ਇਹ ਨਹੀਂ ਪਤਾ ਕਿ ਇਜ਼ਰਾਈਲ ਕੀ ਚਾਹੁੰਦਾ ਹੈ।’’ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਕ ਅਧਿਕਾਰਤ ਨੁਮਾਇੰਦਗੀ ਹੋਣੀ ਚਾਹੀਦੀ ਹੈ ਜੋ ਸਾਡੀ ਸ਼ਿਕਾਇਤ ਦਾ ਹੱਲ ਕਰੇ। ਉਨ੍ਹਾਂ ਕਿਹਾ, ‘‘ਨੇਤਨਯਾਹੂ ਨੂੰ ਜਵਾਬ ਦੇਣਾ ਚਾਹੀਦਾ ਹੈ। ਅੰਸ਼ਕ ਸੌਦੇ ਵਰਗੀ ਕੋਈ ਚੀਜ਼ ਨਹੀਂ ਹੈ। ਤੁਸੀਂ ਸਾਨੂੰ 7 ਅਕਤੂਬਰ ਨੂੰ ਸਾਡੇ ਪਰਿਵਾਰਾਂ ਤੋਂ ਵੱਖ ਕਰ ਦਿਤਾ ਸੀ, ਉਨ੍ਹਾਂ ਨੂੰ ਸਾਨੂੰ ਵਾਪਸ ਕਰ ਦਿਓ।’’

ਰੋਮੀ ਗੋਨੇਨ (23) ਦੀ ਮਾਂ ਮੀਰਾਵ ਲੇਸ਼ੇਮ ਗੋਨੇਨ ਨੇ ਕਿਹਾ ਕਿ ਸਾਨੂੰ ਸਾਡੀ ਸਰਕਾਰ ਤੋਂ ਕੋਈ ਜਵਾਬ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ, ‘‘ਪਿਛਲੇ 39 ਦਿਨਾਂ ਤੋਂ, ਅਸੀਂ ਇੱਥੇ ਤੇਲ ਅਵੀਵ ’ਚ ਸੁਰੱਖਿਅਤ ਮਹਿਸੂਸ ਕਰ ਰਹੇ ਹਾਂ ਜਦੋਂ ਕਿ ਬੰਧਕ ਗਾਜ਼ਾ ’ਚ ਹਨ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਪਣੇ ਅਜ਼ੀਜ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ, ‘‘ਸਾਨੂੰ ਅੱਜ ਮਾਰਚ ਖਤਮ ਕਰਨ ’ਚ ਖੁਸ਼ੀ ਹੋਵੇਗੀ ਜੇਕਰ ਯੁੱਧ ਬਨਿਟ ਆ ਕੇ ਸਾਡੇ ਨਾਲ ਗੱਲ ਕਰੇ। ਅਸੀਂ ਸਾਰੇ ਪਰਿਵਾਰਾਂ ਦਾ ਹੱਲ ਚਾਹੁੰਦੇ ਹਾਂ। ਕੋਈ ਸੌਦਾ ਕਿਵੇਂ ਨਹੀਂ ਹੈ? ਮੰਗ ਸਾਰੇ ਬੰਧਕਾਂ ਨੂੰ ਰਿਹਾਅ ਕਰਨ ਦੀ ਹੈ।’’

(For more news apart from Israel Hamas War, stay tuned to Rozana Spokesman)