ਕੋਰੋਨਾ ਮਹਾਂਮਾਰੀ : ਨਵੇਂ ਮਾਮਲੇ ਆਉਣ ਨਾਲ ਨਿਊਜ਼ੀਲੈਂਡ ਦੇ ਆਕਲੈਂਡ ’ਚ ਤਾਲਾਬੰਦੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੀਨੀਅਰ ਸਾਂਸਦਾਂ ਨਾਲ ਬੈਠਕ ਤੋਂ ਬਾਅਦ ਤਾਲਾਬੰਦੀ ਲਗਾਏ ਜਾਣ ਦਾ ਕੀਤਾ ਐਲਾਨ

Corona epidemic

ਵੈਲਿੰਗਟਨ : ਨਿਊਜ਼ੀਲੈਂਡ ਦੇ ਸੱਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਕੋਰੋਨਾ ਵਾਇਰਸ ਦੇ 3 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਥੇ ਤਿੰਨ ਦਿਨ ਦੀ ਤਾਲਾਬੰਦੀ ਲਗਾਈ ਗਈ ਹੈ। ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਦਸਿਆ ਕਿ ਨਵੇਂ ਮਾਮਲੇ ਬਿ੍ਰਟੇਨ ਵਿਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਜ਼ਿਆਦਾ ਖ਼ਤਰਨਾਕ ਨਵੇਂ ਰੂਪ ਨਾਲ ਜੁੜੇ ਹਨ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕੈਬਨਿਟ ਵਿਚ ਸ਼ਾਮਲ ਸੀਨੀਅਰ ਸਾਂਸਦਾਂ ਤੋਂ ਨਾਲ ਬੈਠਕ ਕਰਨ ਤੋਂ ਬਾਅਦ ਤਾਲਾਬੰਦੀ ਲਗਾਏ ਜਾਣ ਦਾ ਐਲਾਨ ਕੀਤਾ।

ਅਰਡਰਨ ਨੇ ਦਸਿਆ ਕਿ ਉਨ੍ਹਾਂ ਨੇ ਵਾਇਰਸ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਸਾਵਧਾਨੀ ਵਜੋਂ ਕਦਮ ਚੁੱਕਣ ਦਾ ਫ਼ੈਸਲਾ ਲਿਆ ਹੈ। ਗੌਰਤਲਬ ਹੈ ਕਿ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਦੇ ਕਰੀਬ 6 ਮਹੀਨੇ ਬਾਅਦ ਪਹਿਲੀ ਵਾਰ ਦੇਸ਼ ਵਿਚ ਤਾਲਾਬੰਦੀ ਲਗਾਈ ਗਈ ਹੈ, ਜੋ ਬੁਧਵਾਰ ਤਕ ਜਾਰੀ ਰਹੇਗੀ। ਅਰਡਰਨ ਨੇ ਕਿਹਾ,‘‘ਮੈਂ ਨਿਊਜ਼ੀਲੈਂਡ ਦੇ ਸਾਰੇ ਵਸਨੀਕਾਂ ਤੋਂ ਮਜ਼ਬੂਤ ਅਤੇ ਨਾਲ ਹੀ ਖੁੱਲ੍ਹੇ ਦਿਲ ਵਾਲੇ ਬਣੇ ਰਹਿਣ ਦੀ ਅਪੀਲ ਕਰਦੀ ਹਾਂ।’’

ਉਨ੍ਹਾਂ ਨੇ ਕਿਹਾ,‘‘ਮੈਨੂੰ ਪਤਾ ਹੈ ਕਿ ਅਜਿਹਾ ਕੁਝ ਵੀ ਹੋਣ ’ਤੇ ਅਸੀਂ ਸਾਰੇ ਇਕੋ ਜਿਹਾ ਮਹਿਸੂਸ ਕਰਦੇ ਹਾਂ। ਸਾਨੂੰ ਸਾਰਿਆਂ ਨੂੰ ਲਗਦਾ ਹੈ ਕਿ ਦੁਬਾਰਾ ਇੰਝ ਨਾ ਹੋਵੇ ਪਰ ਯਾਦ ਰੱਖੋ, ਅਸੀਂ ਪਹਿਲਾਂ ਵੀ ਇਸ ਸਥਿਤੀ ਦਾ ਸਾਹਮਣਾ ਕਰ ਚੁੱਕੇ ਹਾਂ ਅਤੇ ਇਸ ਦਾ ਮਤਲਬ ਹੈ ਕਿ ਸਾਨੂੰ ਇਸ ਸਥਿਤੀ ਵਿਚੋਂ ਇਕੱਠੇ ਬਾਹਰ ਨਿਕਲਣਾ ਆਉਂਦਾ ਹੈ।’’

ਅਧਿਕਾਰੀਆਂ ਨੇ ਦਸਿਆ ਕਿ ਆਕਲੈਂਡ ਵਿਚ ਮਾਤਾ-ਪਿਤਾ ਅਤੇ ਉਨ੍ਹਾਂ ਦੀ ਬੇਟੀ ਪਾਜ਼ੇਟਿਵ ਪਾਈ ਗਈ ਹੈ। ਔਰਤ ਇਕ ਕੈਂਟਰਿੰਗ ਕੰਪਨੀ ਵਿਚ ਕੰਮ ਕਰਦੀ ਹੈ, ਜਿਥੇ ਏਅਰਲਾਈਨਜ਼ ਦੇ ਕਰਮਚਾਰੀਆਂ ਦੇ ਕਪੜੇ ਧੋਣ ਦਾ ਕੰਮ ਹੁੰਦਾ ਹੈ ਅਤੇ ਇਸ ਪਹਿਲੂ ਨੂੰ ਧਿਆਨ ਵਿਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਕੋਈ ਯਾਤਰੀ ਤਾਂ ਪੀੜਤ ਨਹੀਂ ਸੀ।