ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਪਤਨੀ ਅਤੇ ਧੀਆਂ ਗੋਆ 'ਚ ਨਜ਼ਰ ਆਈਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੁਨਕ ਦੀ ਪਤਨੀ, ਦੋਵੇਂ ਧੀਆਂ ਤੇ ਮਾਂ, ਦੱਖਣੀ ਗੋਆ ਦੇ ਬੇਨੌਲਿਮ ਬੀਚ 'ਤੇ ਛੁੱਟੀਆਂ ਮਨਾਉਂਦੇ ਦੇਖੇ ਗਏ

Representative Image

 

ਪਣਜੀ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਪਤਨੀ ਅਕਸ਼ਤਾ ਮੂਰਤੀ, ਆਪਣੀਆਂ ਦੋ ਬੇਟੀਆਂ ਅਤੇ ਮਾਂ ਸੁਧਾ ਮੂਰਤੀ ਨਾਲ ਦੱਖਣੀ ਗੋਆ ਦੇ ਬੇਨੌਲਿਮ ਬੀਚ 'ਤੇ ਛੁੱਟੀਆਂ ਮਨਾਉਂਦੇ ਦੇਖੇ ਗਏ।

ਫ਼੍ਰਾਂਸਿਸ ਫ਼ਰਨਾਂਡਿਸ ਨਾਂਅ ਦੇ ਇੱਕ ਮਛੇਰੇ ਨੇ ਕਿਹਾ ਕਿ ਉਸ ਨੇ 'ਬ੍ਰਿਟਿਸ਼ ਫ਼ਸਟ ਲੇਡੀ' (ਅਕਸ਼ਤਾ ਮੂਰਤੀ) ਨੂੰ ਤੁਰੰਤ ਪਛਾਣ ਲਿਆ ਜਦੋਂ ਉਨ੍ਹਾਂ ਨੇ ਇਸ ਪ੍ਰਸਿੱਧ ਸੈਰ-ਸਪਾਟਾ ਸਥਾਨ 'ਤੇ 'ਵਾਟਰ ਸਪੋਰਟਸ' ਬਾਰੇ ਪੁੱਛਿਆ।

ਫ਼ਰਨਾਂਡਿਸ ਨੂੰ ਸਥਾਨਕ ਤੌਰ 'ਤੇ ਪੇਲੇ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ।

ਸਥਾਨਕ ਲੋਕਾਂ ਵੱਲੋਂ ਬਣਾਈ ਗਈ ਇੱਕ ਵੀਡੀਓ ਵਿੱਚ ਪੇਲੇ ਨੂੰ ਅਕਸ਼ਤਾ ਨਾਲ ਗੱਲ ਕਰਦੇ ਦੇਖਿਆ ਜਾ ਸਕਦਾ ਹੈ। ਬਾਅਦ 'ਚ ਮਛੇਰੇ ਨੇ ਅਕਸ਼ਤਾ ਅਤੇ ਸੁਧਾ ਮੂਰਤੀ ਨਾਲ ਆਪਣੀ ਤਸਵੀਰ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤੀ।

ਅਕਸ਼ਤਾ ਦੇ ਪਿਤਾ ਨਾਰਾਇਣ ਮੂਰਤੀ ਇਨਫ਼ੋਸਿਸ ਦੇ ਸਹਿ-ਸੰਸਥਾਪਕ ਹਨ।

ਪੇਲੇ ਨੇ ਕਿਹਾ, “ਉਸ (ਅਕਸ਼ਤਾ) ਨੇ ਮੈਨੂੰ ਪੁੱਛਿਆ, ਕੀ ਗੋਆ ਵਿੱਚ ਵਾਟਰ ਸਪੋਰਟਸ ਸੁਰੱਖਿਅਤ ਹੈ?"
ਮੈਂ ਉਸ ਨੂੰ ਕਿਹਾ, "ਮੈਡਮ, ਇਹ 100 ਫ਼ੀਸਦੀ ਸੁਰੱਖਿਅਤ ਹੈ, ਅਤੇ ਜੇਕਰ ਤੁਸੀਂ ਇਸ ਦਾ ਅਨੰਦ ਲੈਣਾ ਚਾਹੁੰਦੇ ਹੋ, ਤਾਂ ਮੈਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸੁਰੱਖਿਅਤ ਰੱਖਾਂਗਾ।"

ਅਕਸ਼ਤਾ ਨਾਲ ਆਪਣੀ ਗੱਲਬਾਤ ਦੇ ਹੋਰ ਵੇਰਵੇ ਸਾਂਝੇ ਕਰਦੇ ਹੋਏ, ਮਛੇਰੇ ਨੇ ਕਿਹਾ, "ਸਾਡੀ ਕਿਸ਼ਤੀ 'ਤੇ ਸਵਾਰ ਹੋਣ ਤੋਂ ਪਹਿਲਾਂ, ਮੈਂ ਉਨ੍ਹਾਂ ਨੂੰ ਕਿਹਾ ਕਿ ਯੂ.ਕੇ. ਵਿੱਚ ਬਹੁਤ ਸਾਰੇ ਗੋਆ ਵਾਸੀ ਰਹਿੰਦੇ ਹਨ ਅਤੇ ਮੈਨੂੰ ਉਮੀਦ ਹੈ ਕਿ ਉਹ ਵੀ ਸੁਰੱਖਿਅਤ ਰਹਿਣਗੇ। ਅਕਸ਼ਿਤਾ ਨੇ ਇਸ ਦੇ ਜਵਾਬ ਵਿੱਚ ਕਿਹਾ - ਬਿਲਕੁਲ।"

ਪੇਲੇ ਨੇ ਇਸ ਮੁਲਾਕਾਤ ਨੂੰ ਇੱਕ ਵਧੀਆ ਅਨੁਭਵ ਦੱਸਿਆ। ਉਸ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਭਾਰਤ ਦੇ ਹਰ ਰਾਜਨੇਤਾ ਨੂੰ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ। ਉਹ ਜ਼ਮੀਨ ਨਾਲ ਜੁੜੇ ਹੋਏ ਹਨ।"

ਸੁਨਕ ਅਤੇ ਅਕਸ਼ਤਾ ਦਾ ਵਿਆਹ 2009 'ਚ ਹੋਇਆ ਸੀ, ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਅਨੁਸ਼ਕਾ ਅਤੇ ਕ੍ਰਿਸ਼ਨਾ ਹਨ। 

ਪੇਲੇ ਉਦੋਂ ਖ਼ਬਰਾਂ ਵਿੱਚ ਆਇਆ ਸੀ, ਜਦੋਂ ਉਸ ਨੇ ਬੇਨੌਲਿਮ ਬੀਚ 'ਤੇ ਕ੍ਰਿਕੇਟਰ ਸਚਿਨ ਤੇਂਦੁਲਕਰ ਦੀ ਮੇਜ਼ਬਾਨੀ ਕੀਤੀ ਸੀ।