ਪ੍ਰਵਾਸੀਆਂ ਲਈ ਕੈਨੈਡਾ ਸਰਕਾਰ ਦਾ ਵੱਡਾ ਐਲਾਨ, 90,000 ਲੋਕਾਂ ਨੂੰ ਦਿੱਤੀ ਜਾਵੇਗੀ ਪੀਆਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਹਨਾਂ ਵਿਚ ਉਹ ਲੋਕ ਸ਼ਾਮਲ ਹੋਣਗੇ ਜੋ ਕੈਨੇਡਾ ਦੀ ਅਰਥਵਿਵਸਥਾ ਵਿਚ ਅਪਣਾ ਯੋਗਦਾਨ ਪਾ ਰਹੇ ਹਨ।

Canada to Grant Permanent Residency to 90,000 Students

ਓਟਾਵਾ:  ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਈ ਐਲ ਮੈਂਡੀਸਿਨੋ ਨੇ ਐਲਾਨ ਕੀਤਾ ਕਿ ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀ ਅਤੇ ਸਿਟੀਜਨਸ਼ਿਪ ਮੰਤਰਾਲੇ ਨੇ 90,000 ਪ੍ਰਵਾਸੀਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ (ਪੀਆਰ) ਦੇਣ ਦਾ ਫੈਸਲਾ ਕੀਤਾ ਹੈ। ਇਹਨਾਂ ਵਿਚ ਉਹ ਲੋਕ ਸ਼ਾਮਲ ਹੋਣਗੇ ਜੋ ਕੈਨੇਡਾ ਦੀ ਅਰਥਵਿਵਸਥਾ ਵਿਚ ਅਪਣਾ ਯੋਗਦਾਨ ਪਾ ਰਹੇ ਹਨ।

ਇਹਨਾਂ ਵਿਚ ਜ਼ਿਆਦਾਤਰ ਗਿਣਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹੈ। ਇਸ ਦੇ ਤਹਿਤ 40,000 ਵਿਦਿਆਰਥੀਆਂ ਨੂੰ ਪੱਕਾ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਹਨਾਂ ਵਿਚ 30,000 ਅਰਜ਼ੀਆਂ ਹੋਰ ਜ਼ਰੂਰੀ ਪੇਸ਼ਿਆਂ ਜਿਵੇਂ ਕੈਸ਼ੀਅਰ, ਠੇਕੇਦਾਰ, ਮਕੈਨਿਕ, ਲੋਹਾ ਤੇ ਵੈਲਡਿੰਗ ਦਾ ਕੰਮ ਕਰਨ ਵਾਲੇ, ਤਰਖ਼ਾਨ, ਪਲੰਬਰ, ਮਿਸਤਰੀ ਆਦਿ ਲਈ ਰੱਖੀਆਂ ਗਈਆਂ ਹਨ।

ਇਸ ਤੋਂ ਇਲਾਵਾ 20,000 ਅਰਜ਼ੀਆਂ ਹੈਲਥ ਕੇਅਰ ਖ਼ੇਤਰ ਵਿਚ ਕੰਮ ਕਰਦੇ ਆਰਜ਼ੀ ਕਰਮਚਾਰੀਆਂ ਲਈ ਰੱਖੀਆਂ ਗਈਆਂ ਹਨ। ਦੱਸ ਦਈਏ ਕਿ ਕੈਨੇਡਾ ਸਰਕਾਰ ਦੀ ਇਸ ਨੀਤੀ ਤਹਿਤ ਉਹਨਾਂ ਲੋਕਾਂ ਨੂੰ ਪੱਕਾ ਕੀਤਾ ਜਾਵੇਗਾ ਜੋ ਪਹਿਲਾਂ ਤੋਂ ਹੀ ਕੈਨੇਡਾ ਵਿਚ ਰਹਿ ਕੇ ਕੰਮ ਕਰ ਰਹੇ ਹਨ ਅਤੇ ਮਹਾਂਮਾਰੀ ਨੂੰ ਹਰਾਉਣ ਲਈ ਅਪਣਾ ਯੋਗਦਾਨ ਦੇ ਰਹੇ ਹਨ।

ਇਸ ਦੇ ਤਹਿਤ ਉਹਨਾਂ ਲੋਕਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਵੇਗੀ ਜੋ ਕੈਨੇਡਾ ਦੇ ਹਸਪਤਾਲਾਂ ਅਤੇ ਹੋਰ ਜ਼ਰੂਰੀ ਖੇਤਰਾਂ ਵਿਚ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਨੇ ਕੈਨੇਡਾ ਦੇ ਵਿਦਿਅਕ ਅਦਾਰਿਆਂ ਤੋਂ ਗ੍ਰੈਜੁਏਸ਼ਨ ਕੀਤੀ ਹੈ, ਉਹਨਾਂ ਨੂੰ ਵੀ ਤਰਜੀਹ ਦਿੱਤੀ ਜਾਵੇਗੀ। ਇਹ ਪ੍ਰੋਗਰਾਮ ਉਹਨਾਂ ਗ੍ਰੈਜੂਏਟ ਵਿਦਿਆਰਥੀਆਂ ਲਈ ਵੀ ਹੈ ਜਿਨ੍ਹਾਂ ਨੇ ਪਿਛਲੇ ਚਾਰ ਸਾਲਾਂ ਦੌਰਾਨ ਪੋਸਟ ਸੈਕੰਡਰੀ ਡਿਗਰੀ ਪੂਰੀ ਕੀਤੀ ਹੈ।

ਇਹ ਸਬੰਧੀ ਤਿੰਨ ਕੈਟੇਗਰੀਆਂ ਲਈ 6 ਮਈ 2021 ਤੋਂ ਅਰਜੀਆਂ ਲੈਣੀਆਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਦੇ ਤਹਿਤ ਸਿਹਤ, ਜ਼ਰੂਰੀ ਪੇਸ਼ੇ ਅਤੇ ਇੰਟਰਨੈਸ਼ਲਨ ਗ੍ਰੇਜੁਏਟ ਨਾਲ ਸਬੰਧਤ ਲੋਕਾਂ ਕੋਲੋਂ ਪੀਆਰ ਲਈ 5 ਨਵੰਬਰ, 2021 ਤੱਕ ਅਰਜ਼ੀਆਂ ਲਈਆਂ ਜਾਣਗੀਆਂ।