ਅਪਣੀ ਹੀ ਔਲਾਦ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਹੈ ਬੰਦਾ, ਮੰਗੀ ਅਦਾਲਤ ਤੋਂ ਇਜਾਜ਼ਤ
ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਅਪੀਲ
ਨਿਊਯਾਰਕ : ਕਈ ਲੋਕ ਨੈਤਿਕਤਾ ਤੋਂ ਇੰਨੇ ਡਿੱਗ ਜਾਂਦੇ ਹਨ ਕਿ ਉਹ ਅਪਣੀ ਹਵਸ ਮਿਟਾਉਣ ਲਈ ਅਪਣੇ ਬੱਚਿਆਂ ਲਈ ਵੀ ਦੈਂਤ ਬਣ ਜਾਂਦੇ ਹਨ। ਅਜਿਹਾ ਹੀ ਮਾਮਲਾ ਅਮਰੀਕਾ ਤੋਂ ਸਾਹਮਣੇ ਆ ਰਿਹਾ ਹੈ। ਅਮਰੀਕਾ ਦੀ ਨਿਊਯਾਰਕ ਦੀ ਅਦਾਲਤ ਵਿਚ ਇਕ ਆਦਮੀ ਨੇ ਅਪਣੀ ਹੀ ਔਲਾਦ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਮੰਗੀ ਹੈ। ਇਹ ਅਪੀਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਅਪੀਲ ਵਿਚ ਵਿਅਕਤੀ ਨੇ ਲਿਖਿਆ ਹੈ ਕਿ ਉਸ ਨੂੰ ਅਪਣੀ ਔਲਾਦ ਨਾਲ ਪਿਆਰ ਹੋ ਗਿਆ ਹੈ ਤੇ ਉਹ ਵਿਆਹ ਕਰਵਾਉਣਾ ਚਾਹੁੰਦਾ ਹੈ ਪਰ ਉਸ ਨੂੰ ਡਰ ਹੈ ਕਿ ਸਮਾਜ ਉਸ ਦਾ ਵਿਰੋਧ ਕਰੇਗਾ। ਇਸ ਲਈ ਉਹ ਚਾਹੁੰਦਾ ਹੈ ਕਿ ਅਦਾਲਤ ਤੋਂ ਅਪਣੀ ਔਲਾਦ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਮਿਲ ਜਾਵੇ ਤਾਂ ਜੋ ਭਵਿੱਖ ਵਿਚ ਉਸ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਅਦਾਲਤ ਵਿਚ ਦਾਇਰ ਅਪੀਲ ਵਿਚ ਅਪੀਲਕਰਤਾ ਨੇ ਅਪਣੀ ਅਤੇ ਅਪਣੀ ਔਲਾਦ ਦੀ ਪਛਾਣ ਲੁਕਾ ਦਿਤੀ ਹੈ। ਦੋਹਾਂ ਦੇ ਲਿੰਗ ਬਾਰੇ ਵੀ ਪ੍ਰਗਟਾਵਾ ਨਹੀਂ ਕੀਤਾ ਗਿਆ ਹੈ। ਇਹ ਪਟੀਸ਼ਨ ਮੈਨਹੱਟਨ ਦੀ ਸੰਘੀ ਅਦਾਲਤ ਵਿਚ ਦਾਇਰ ਕੀਤੀ ਗਈ ਹੈ।
ਦਰਅਸਲ ਇਸ ਰਿਸ਼ਤੇ ਨੂੰ ਇਸ ਦੇਸ਼ ਵਿਚ ਗ਼ੈਰ ਸੰਵਿਧਾਨਕ ਐਲਾਨਿਆ ਗਿਆ ਹੈ। ਇਨ੍ਹਾਂ ਰਿਸ਼ਤਿਆਂ ਦੇ ਪ੍ਰਗਟਾਵੇੇ ਹੋਣ ਨਾਲ ਸਮਾਜ ਵਿਚ ਬਹੁਤ ਜ਼ਿਆਦਾ ਨਿਰਾਸ਼ਾ ਪੈਦਾ ਹੁੰਦੀ ਹੈ। ਅਦਾਲਤ ਵਿਚ ਦਾਇਰ ਅਪੀਲ ਵਿਚ ਵਿਅਕਤੀ ਨੇ ਲਿਖਿਆ ਕਿ ਵਿਆਹ ਦੋ ਲੋਕਾਂ ਵਿਚਾਲੇ ਇਕ ਨਿੱਜੀ ਮਾਮਲਾ ਹੈ। ਇਹ ਲੋਕਾਂ ਦੀਆਂ ਭਾਵਨਾਵਾਂ ’ਤੇ ਆਧਾਰਤ ਹੈ।
ਇਸ ਦਾ ਫ਼ੈਸਲਾ ਦੋ ਲੋਕਾਂ ਦੁਆਰਾ ਉਨ੍ਹਾਂ ਦੀ ਸਹਿਮਤੀ ਦੇ ਅਧਾਰ ’ਤੇ ਲੈਣਾ ਚਾਹੀਦਾ ਹੈ ਨਾ ਕਿ ਅਦਾਲਤ ਅਤੇ ਕਾਨੂੰਨ ਦੁਆਰਾ ਬਣਾਏ ਨਿਯਮਾਂ ’ਤੇ ਆਧਾਰਤ।ਜ਼ਿਕਰਯੋਗ ਹੈ ਕਿ ਨਿਊਯਾਰਕ ਦੇ ਕਾਨੂੰਨ ਅਨੁਸਾਰ ਜੇ ਕੋਈ ਪਰਵਾਰ ਦੇ ਕਿਸੇ ਮੈਂਬਰ ਨਾਲ ਵਿਆਹ ਕਰਦਾ ਹੈ ਜਾਂ ਉਸ ਨਾਲ ਕੋਈ ਸਬੰਧ ਹੈ ਤਾਂ ਉਸ ਨੂੰ ਚਾਰ ਸਾਲ ਤਕ ਦੀ ਸਜ਼ਾ ਹੋ ਸਕਦੀ ਹੈ।