ਭਾਰਤੀ ਮਰੀਜ਼ਾਂ ਲਈ ਮਸੀਹਾ ਬਣਿਆ ਵਿਦੇਸ਼ੀ ਧਰਤੀ ’ਤੇ ਰਹਿ ਰਿਹਾ ਡਾਕਟਰ ਪਰਿਵਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਮਹਾਂਮਾਰੀ ਦੌਰਾਨ ਫੋਨ ਜ਼ਰੀਏ ਪਹੁੰਚਾਈ ਜਾ ਰਹੀ ਮੈਡੀਕਲ ਰਾਹਤ

Doctor family in USA helping Indian patients

ਵਾਸ਼ਿੰਗਟਨ: ਕੋਰੋਨਾ ਮਹਾਂਮਾਰੀ ਦੇ ਚਲਦੀਆਂ ਅਮਰੀਕਾ ਵਿਚ ਰਹਿ ਰਿਹਾ ਇਕ ਪਰਿਵਾਰ ਫੋਨ ਜ਼ਰੀਏ ਭਾਰਤ ਵਿਚ ਕੋਰੋਨਾ ਪੀੜਤਾਂ ਦੀ ਦਿਨ ਰਾਤ ਮਦਦ ਕਰ ਰਿਹਾ ਹੈ। ਇਸ ਪਰਿਵਾਰ ਦੀਆਂ ਕੋਸ਼ਿਸ਼ਾਂ ਸਦਕਾਂ ਭਾਰਤ ਵਿਚ ਹੁਣ ਤੱਕ ਸੈਂਕੜੇ ਲੋਕਾਂ ਨੂੰ ਫਾਇਦਾ ਮਿਲਿਆ ਹੈ। ਦਰਅਸਲ ਅਮਰੀਕਾ ਦੇ ਇੰਡੀਆਨਾਪੋਲਿਸ ਵਿਚ ਰਹਿ ਰਹੇ ਇਸ ਪਰਿਵਾਰ ਦੇ 10 ਮੈਂਬਰ ਹਨ ਅਤੇ ਸਾਰੇ ਹੀ ਮੈਂਬਰ ਪੇਸ਼ੇ ਵਜੋਂ ਡਾਕਟਰ ਹਨ।

ਇਹਨੀਂ ਦਿਨੀਂ ਇਸ ਪਰਿਵਾਰ ਦਾ ਜ਼ਿਆਦਾਤਰ ਸਮਾਂ ਵੀਡੀਓ ਚੈਟ, ਫੋਨ ਕਾਲ ਅਤੇ ਵਟਸਐਪ ਜ਼ਰੀਏ ਡਾਕਟਰੀ ਸਲਾਹ ਦੇਣ ਵਿਚ ਗੁਜ਼ਰਦਾ ਹੈ। ਪਰਿਵਾਰ ਦੀ ਮੈਂਬਰ ਡਾ. ਡੌਲੀ ਰਾਣੀ ਇਕ ਐਂਡੋਕਰੀਨੋਲੋਜਿਸਟ ਹੈ। ਉਹ ਭਾਰਤ ਤੋਂ ਆਉਣ ਵਾਲੇ ਹਰੇਕ ਫੋਨ ਜਾਂ ਮੈਸੇਜ ਦਾ ਤੁਰੰਤ ਜਵਾਬ ਦਿੰਦੀ ਹੈ ਅਤੇ ਲੋਕਾਂ ਨੂੰ ਕੋਰੋਨਾ ਨਾਲ ਨਜਿੱਠਣ ਲਈ ਪ੍ਰੇਰਿਤ ਕਰਦੀ ਹੈ। ਇਸ ਦੌਰਾਨ ਉਹ ਮਰੀਜ਼ਾਂ ਨੂੰ ਖਾਣ-ਪੀਣ ਤੋਂ ਇਲਾਵਾ ਹਸਪਤਾਲ ਜਾਣ ਸਬੰਧੀ ਸਲਾਹ ਦਿੰਦੀ ਹੈ।

ਉਹਨਾਂ ਦਾ ਕਹਿਣਾ ਹੈ ਕਿ, ‘ਇਹ ਸਮਾਂ ਜੰਗ ਦਾ ਹੈ। ਸੇਵਾ ਭਾਵਨਾ ਪਰਿਵਾਰ ਤੋਂ ਪੈਦਾ ਹੁੰਦੀ ਹੈ, ਇਸ ਲਈ ਅਪਣਿਆਂ ਨੂੰ ਇਕੱਲਾ ਨਹੀਂ ਛੱਡ ਸਕਦੇ। ਹਾਰ ਨਾ ਮੰਨੋ, ਹਿੰਮਤ ਰੱਖੋ। ਤੁਸੀਂ ਜਲਦ ਸਿਹਤਯਾਬ ਹੋ ਜਾਓਗੇ’। ਇਸ ਦੌਰਾਨ ਦਿੱਲੀ ਵਿਚ ਰਹਿ ਰਹੀ ਉਹਨਾਂ ਦੀ ਭੈਣ ਵੀ ਲੋੜਵੰਦਾਂ ਦੀ ਮਦਦ ਕਰਨ ਲਈ ਉਹਨਾਂ ਨੂੰ ਸਹਿਯੋਗ ਦੇ ਰਹੀ ਹੈ। ਉਹਨਾਂ ਨੇ ਇੰਡੀਆਨਾਪੋਲਿਸ ਪ੍ਰਸ਼ਾਸਨ ਅਤੇ ਮੈਡੀਕਲ ਐਸੋਸੀਏਸ਼ਨ ਦੀ ਮਦਦ ਨਾਲ 600 ਤੋਂ ਜ਼ਿਆਦਾ ਆਕਸੀਜਨ ਕੰਸਟ੍ਰਟੇਰ ਭਾਰਤ ਪਹੁੰਚਾਏ।

ਡਾ. ਡੌਲੀ ਦਾ ਕਹਿਣਾ ਹੈ ਕਿ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਬਹੁਤ ਪ੍ਰੇਰਿਤ ਕੀਤਾ ਤੇ ਕਿਹਾ, ‘ਤੁਸੀਂ ਜੋ ਕੰਮ ਕਰ ਰਹੇ ਹੋ ਉਸ ਨੂੰ ਛੱਡਣਾ ਨਹੀਂ। ਅੱਜ ਤੁਹਾਡੀ ਸਾਰਿਆਂ ਨੂੰ ਲੋੜ ਹੈ’। ਦੱਸ ਦਈਏ ਕਿ ਐਮਰਜੈਂਸੀ ਦੀ ਸਥਿਤੀ ਵਿਚ ਡਾ. ਡੌਲੀ ਭਾਰਤ ਵਿਚ ਰਹਿ ਰਹੇ ਅਪਣੇ ਰਿਸ਼ਤੇਦਾਰਾਂ ਦੀ ਮਦਦ ਨਾਲ ਮਰੀਜ਼ਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ।