100 ਸਾਲ ਤੋਂ ਕੈਨੇਡਾ ਦੀਆਂ ਸੜਕਾਂ ’ਤੇ ਦੌੜਨ ਵਾਲੀ ਬੱਸ ਕੰਪਨੀ ਨੇ ਬੰਦ ਕੀਤੀਆਂ ਸੇਵਾਵਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਆਵਾਜਾਈ ਮੰਤਰੀ ਨੇ ਫੈਸਲੇ ਨੂੰ ਦੱਸਿਆ ਮੰਦਭਾਗਾ

Greyhound shuts down bus service in Canada

ਵੈਨਕੂਵਰ: 100 ਸਾਲਾਂ ਤੋਂ ਕੈਨੇਡਾ ਦੀਆਂ ਸੜਕਾਂ ’ਤੇ ਦੌੜਨ ਵਾਲੀ ਗਰੇਹਾਊਂਡ ਬੱਸ ਅਪਣੀਆਂ ਸੇਵਾਵਾਂ ਬੰਦ ਕਰਨ ਜਾ ਰਹੀ ਹੈ। ਇਸ ਦੇ ਪਿੱਛੇ ਕਾਰਨ ਬੱਸ ਕੰਪਨੀ ਨੂੰ ਹੋ ਰਿਹਾ ਵਿੱਤੀ ਘਾਟਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਵਿੱਤੀ ਘਾਟੇ ਦੇ ਚਲਦਿਆਂ ਬੱਸਾਂ ਚਲਾਉਣ ਦੇ ਅਸਮਰੱਥ ਹੈ। ਕੰਪਨੀ ਮਾਲਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਸਾਲ ਤੋਂ ਘਾਟੇ ਵਿਚ ਹਨ ਤੇ ਹੁਣ ਇਸ ਨੂੰ ਸਹਿਣਾ ਉਹਨਾਂ ਦੇ ਵਸੋਂ ਬਾਹਰ ਹੋ ਗਿਆ ਹੈ।

ਕੰਪਨੀ ਦੇ ਬੁਲਾਰੇ ਸਟੂਆਰਟ ਕੈੱਡਿਰਕ ਮੁਤਾਬਕ ਵਪਾਰ ਵਿਚ ਘਾਟੇ ਦੀ ਇਕ ਹੱਦ ਹੁੰਦੀ ਹੈ ਅਤੇ ਇਸ ਹੱਦ ਨੂੰ ਪਾਰ ਕਰਨਾ ਵਪਾਰੀ ਦੀ ਅਕਲਮੰਦੀ ਨਹੀਂ ਹੁੰਦੀ। ਦੱਸ ਦਈਏ ਕਿ ਇਹ ਕੰਪਨੀ ਇਕ ਸਦੀ ਤੋਂ ਵੱਧ ਸਮੇਂ ਤੋਂ ਕੈਨੇਡਾ ਵਿਚ ਦੂਰ-ਦੁਰਾਡੇ ਰਹਿ ਰਹੇ ਲੋਕਾਂ ਲਈ ਬੱਸ ਸੇਵਾਵਾਂ ਪ੍ਰਦਾਨ ਕਰ ਰਹੀ ਸੀ। ਕੰਪਨੀ ਦਾ ਕਹਿਣਾ ਹੈ ਕਿ ਜਿਨ੍ਹਾਂ ਯਾਤਰੀਆਂ ਨੇ ਅਗਾਊਂ ਟਿਕਟਾਂ ਬੁੱਕ ਕਰਵਾਈਆਂ ਸਨ, ਉਹ 30 ਜੂਨ ਤੱਕ ਰਿਫੰਡ ਲੈ ਸਕਦੇ ਹਨ। ਹਾਲਾਂਕਿ ਕੰਪਨੀ ਨੇ ਕਿਹਾ ਹੈ ਕਿ ਉਹ ਅਮਰੀਕਾ ਵਿਚ ਅਪਣੀਆਂ ਸੇਵਾਵਾਂ ਜਾਰੀ ਰੱਖੇਗੀ।

ਇਸ ਸਬੰਧੀ ਕੈਨੇਡਾ ਦੇ ਆਵਾਜਾਈ ਮੰਤਰੀ ਓਮਰ ਅਲਘਾਬਰਾ ਨੇ ਕੰਪਨੀ ਦੇ ਫੈਸਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਕੈਨੇਡਾ ਦੇ ਲੋਕਾਂ ਨੂੰ ਮੰਦਭਾਗਾ ਦੱਸਿਆ ਹੈ। ਉਹਨਾਂ ਦੱਸਿਆ ਕਿ ਯਾਤਰੀਆਂ ਦੀ ਸਹੂਲਤਾਂ ਲਈ ਸਰਕਾਰ ਲੰਬੇ ਰੂਟਾਂ ’ਤੇ ਸੇਵਾਵਾਂ ਦੇਣ ਲਈ ਖੇਤਰੀ ਬੱਸ ਕੰਪਨੀਆਂ ਨੂੰ ਉਤਸ਼ਾਹਿਤ ਕਰੇਗੀ।
ਜ਼ਿਕਰਯੋਗ ਹੈ ਕਿ ਗਰੇਹਾਊਂਡ ਬੱਸ ਕੰਪਨੀ 1920 ਤੋਂ ਕੈਨੇਡਾ ਭਰ ਦੇ ਲੰਮੇ ਰੂਟਾਂ ’ਤੇ ਸੇਵਾਵਾਂ ਦੇ ਰਹੀ ਸੀ।