ਮੁਸ਼ੱਰਫ਼ ਨਹੀਂ ਲੜ ਸਕਣਗੇ ਚੋਣ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅਦਾਲਤ 'ਚ ਪੇਸ਼ ਨਾ ਹੋਣ 'ਤੇ ਸਾਬਕਾ ਫ਼ੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ਼ ਨੂੰ ਚੋਣ ਲੜਨ ਲਈ.....

Pervez Musharraf

ਇਸਲਾਮਾਬਾਦ, : ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅਦਾਲਤ 'ਚ ਪੇਸ਼ ਨਾ ਹੋਣ 'ਤੇ ਸਾਬਕਾ ਫ਼ੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ਼ ਨੂੰ ਚੋਣ ਲੜਨ ਲਈ ਦਿਤੀ ਗਈ ਮਨਜੂਰੀ ਵਾਪਸ ਲੈ ਲਈ ਹੈ। ਇਕ ਉੱਚ ਅਦਾਲਤ ਨੇ ਪਿਛਲੇ ਹਫ਼ਤੇ ਉਨ੍ਹਾਂ ਨੂੰ 25 ਜੁਲਾਈ ਨੂੰ ਪ੍ਰਸਤਾਵਤ ਆਮ ਚੋਣ ਲੜਨ ਦੀ ਮਨਜੂਰੀ ਦਿਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਉੱਤਰੀ ਚਿਤਰਾਲ ਜ਼ਿਲ੍ਹੇ ਤੋਂ ਅਪਣੇ ਕਾਗ਼ਜ਼ ਦਾਖ਼ਲ ਕੀਤੇ ਸਨ।

ਅਦਾਲਤ ਨੇ ਕਿਹਾ ਕਿ ਮੁਸ਼ੱਰਫ਼ ਨੂੰ ਸ਼ਰਤੀਆ ਮਨਜੂਰੀ ਦਿਤੀ ਸੀ ਕਿ ਉਨ੍ਹਾਂ ਦੀ ਆਜੀਵਨ ਅਯੋਗਤਾ ਨਾਲ ਸਬੰਧਤ ਮਾਮਲੇ ਵਿਚ ਉਹ 13 ਜੂਨ ਨੂੰ ਅਦਾਲਤ 'ਚ ਪੇਸ਼ ਹੋਣਗੇ। ਮੁੱਖ ਜੱਜ ਸਾਕਿਬ ਨਿਸਾਰ ਨੇ ਬੁਧਵਾਰ ਨੂੰ ਸਾਬਕਾ ਫ਼ੌਜ ਮੁਖੀ ਨੂੰ ਅਦਾਲਤ 'ਚ ਪੇਸ਼ ਨਾ ਹੋਣ ਲਈ ਫ਼ਟਕਾਰ ਲਗਾਈ ਸੀ ਅਤੇ ਵੀਰਵਾਰ ਦੁਪਹਿਰ 2 ਵਜੇ ਪੇਸ਼ ਹੋਣ ਲਈ ਕਿਹਾ ਸੀ।

ਸੁਣਵਾਈ ਦੌਰਾਨ ਉਨ੍ਹਾਂ ਦੇ ਵਕੀਲ ਕਮਰ ਅਫ਼ਜਲ ਨੇ ਅਦਾਲਤ ਨੂੰ ਦਸਿਆ ਕਿ ਮੁਸ਼ੱਰਫ਼ (74) ਅਦਾਲਤ 'ਚ ਪੇਸ਼ ਹੋਣਾ ਚਾਹੁੰਦੇ ਸਨ, ਪਰ ਉਨ੍ਹਾਂ ਲਈ ਤੁਰੰਤ ਇਥੇ ਆਉਣਾ ਸੰਭਵ ਨਹੀਂ ਸੀ। ਅਫ਼ਜ਼ਲ ਨੇ ਕਿਹਾ, ''ਮੈਂ ਮੁਸ਼ੱਰਫ਼ ਨਾਲ ਗੱਲ ਕੀਤੀ ਹੈ, ਉਹ ਹੋਰ ਸਮਾਂ ਚਾਹੁੰਦੇ ਹਨ। ਉਹ ਪਾਕਿਸਤਾਨ ਆਉਣ ਦੀ ਯੋਜਨਾ ਬਣਾ ਰਹੇ ਹਨ, ਪਰ ਈਦ ਦੀਆਂ ਛੁੱਟੀਆਂ ਅਤੇ ਬੀਮਾਰੀ ਕਾਰਨ ਉਹ ਤੁਰੰਤ ਯਾਤਰਾ ਨਹੀਂ ਕਰ ਸਕਦੇ।''

ਇਸ ਤੋਂ ਬਾਅਦ ਮੁੱਖ ਜੱਜ ਨੇ ਅਨਿਸ਼ਚਿਤਕਾਲ ਲਈ ਸੁਣਵਾਈ ਮੁਲਤਵੀ ਕਰ ਦਿਤੀ ਅਤੇ ਕਿਹਾ ਕਿ ਅਗਲੀ ਸੁਣਵਾਈ ਉਦੋਂ ਹੋਵੇਗੀ, ਜਦੋਂ ਪਟੀਸ਼ਨਕਰਤਾ ਇਸ ਲਈ ਤਿਆਰ ਹੋਣਗੇ। ਹਾਲਾਂਕਿ ਉਨ੍ਹਾਂ ਨੇ ਮੁਸ਼ੱਰਫ਼ ਨੂੰ ਚੋਣ ਲੜਨ ਲਈ ਦਿਤੀ ਗਈ ਸ਼ਰਤੀਆ ਮਨਜੂਰੀ ਨੂੰ ਵਾਪਸ ਲੈਣ ਦੇ ਆਦੇਸ਼ ਦਿਤੇ। (ਪੀਟੀਆਈ)