ਆਸਟ੍ਰੇਲੀਆ 'ਚ ਬਾਡੀ ਬਿਲਡਰ ਲੱਕੀ ਪੰਡਤ ਦਾ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਿੱਤ ਚੁੱਕੈ ਮਿਸਟਰ ਆਸਟ੍ਰੇਲੀਆ ਅਤੇ ਮਿਸਟਰ ਲੰਡਨ ਦਾ ਖ਼ਿਤਾਬ, ਮੈਂਬਰ ਪਾਰਲੀਮੈਂਟ ਤੇ ਸ੍ਰੀ ਦੁਰਗਾ ਮੰਦਰ ਕਮੇਟੀ ਨੇ ਕੀਤਾ ਸਨਮਾਨ

Lucky Pandit honors bodybuilder in Australia

ਆਸਟ੍ਰੇਲੀਆ (ਪਰਮਵੀਰ ਸਿੰਘ ਆਹਲੂਵਾਲੀਆ)- ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਰਹਿਣ ਵਾਲੇ ਪੰਜਾਬੀ ਨੌਜਵਾਨ ਲੱਕੀ ਪੰਡਿਤ ਦੁਆਰਾ ਕੁਝ ਮਹੀਨੇ ਪਹਿਲਾਂ ਬਾਡੀ ਬਿਲਡਿੰਗ ਦੇ ਮੁਕਾਬਲਿਆਂ ਵਿਚ ਮਿਸਟਰ ਆਸਟ੍ਰੇਲੀਆ ਅਤੇ ਮਿਸਟਰ ਲੰਡਨ ਦੇ ਟਾਈਟਲ ਜਿੱਤ ਕੇ ਆਸਟ੍ਰੇਲੀਆ ਵਿਚ ਵੱਸਦੇ ਸਮੁੱਚੇ ਭਾਰਤੀ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਗਿਆ ਸੀ। ਲੱਕੀ ਦੀ ਇਸ ਪ੍ਰਾਪਤੀ ਲਈ ਸ੍ਰੀ ਦੁਰਗਾ ਮੰਦਰ ਰੌਕਬੈਕ ਵਿਖੇ ਲੱਕੀ ਪੰਡਿਤ ਨੂੰ ਸੰਘੀ ਸਰਕਾਰ ਵਿਚ ਸਹਾਇਕ ਮੰਤਰੀ ਜੇਸਨ ਵੁੱਡ ਅਤੇ ਮੰਦਰ ਦੀ ਕਮੇਟੀ ਵੱਲੋਂ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ।

ਬਾਡੀ ਬਿਲਡਿੰਗ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰਨ ਵਾਲੇ ਨੌਜਵਾਨ ਲੱਕੀ ਪੰਡਤ ਦੇ ਸਨਮਾਨ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਕੁਲਵੰਤ ਜੋਸ਼ੀ ਸਮੇਤ ਹੋਰ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਸਮਾਗਮ ਵਿਚ ਹੋਰ ਬਹੁਤ ਸਾਰੇ ਲੋਕ ਵੀ ਪੁੱਜੇ ਹੋਏ ਸਨ। ਸਨਮਾਨ ਹਾਸਲ ਕਰਨ ਮਗਰੋਂ ਲੱਕੀ ਪੰਡਤ ਨੇ ਮੰਦਰ ਵਿਚ ਮੱਥਾ ਟੇਕਿਆ। ਲੱਕੀ ਪੰਡਿਤ ਪਿਛਲੇ ਕਾਫ਼ੀ ਸਮੇਂ ਤੋਂ ਬਾਡੀ ਬਿਲਡਿੰਗ ਦੇ ਖੇਤਰ ਵਿਚ ਸਰਗਰਮ ਹੈ ਅਤੇ ਇਸ ਖੇਤਰ ਵਿਚ ਕਈ ਵੱਡੇ ਅਵਾਰਡ ਜਿੱਤ ਕੇ ਪੰਜਾਬੀਆਂ ਦਾ ਨਾਂਅ ਰੌਸ਼ਨ ਕਰ ਚੁੱਕਿਾ ਹੈ।

ਉਸ ਵੱਲੋਂ ਨੌਜਵਾਨਾਂ ਨੂੰ ਇਸ ਖੇਤਰ ਵਿਚ ਆਉਣ ਲਈ ਟਰੇਨਿੰਗ ਵੀ ਦਿੱਤੀ ਜਾ ਰਹੀ ਹੈ। ਅਕਤੂਬਰ ਮਹੀਨੇ ਦੇ ਅਖ਼ੀਰਲੇ ਹਫ਼ਤੇ ਮੈਲਬੌਰਨ ਵਿਚ ਹੋਏ ਬਾਡੀ ਬਿਲਡਿੰਗ ਮੁਕਾਬਲੇ ਵਿਚ ਲੱਕੀ ਪੰਡਤ ਨੇ ਮਿਸਟਰ ਆਸਟ੍ਰੇਲੀਆ ਦਾ ਖ਼ਿਤਾਬ ਜਿੱਤਿਆ ਸੀ। ਮੈਲਬੌਰਨ 'ਚ ਰੌਕਬੈਕ ਵਿਖੇ ਸਥਿਤ ਇਹ ਉਹੀ ਦੁਰਗਾ ਮੰਦਰ ਹੈ, ਜਿਸ ਦੇ ਲਈ ਕੁੱਝ ਸਮਾਂ ਪਹਿਲਾਂ ਆਸਟ੍ਰੇਲੀਆ ਸਰਕਾਰ ਵੱਲੋਂ ਸਾਢੇ ਚਾਰ ਲੱਖ ਡਾਲਰ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ।

ਦੱਸ ਦਈਏ ਕਿ ਲੱਕੀ ਪੰਡਤ ਮੂਲ ਤੌਰ 'ਤੇ ਪੰਜਾਬ ਦੇ ਫਗਵਾੜੇ ਦਾ ਰਹਿਣ ਵਾਲਾ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਉਹ ਆਸਟ੍ਰੇਲੀਆ ਵਿਚ ਹੀ ਰਹਿ ਰਿਹੈ। ਜਿੱਥੇ ਉਸ ਨੇ ਮਿਸਟਰ ਆਸਟ੍ਰੇਲੀਆ ਦਾ ਖ਼ਿਤਾਬ ਜਿੱਤਿਆ, ਉਥੇ ਹੀ ਬਾਡੀ ਬਿਲਡਿੰਗ ਮੁਕਾਬਲੇ ਵਿਚ ਮਿਸਟਰ ਲੰਡਨ ਦਾ ਖ਼ਿਤਾਬ ਵੀ ਅਪਣੇ ਨਾਮ ਕਰ ਚੁੱਕਿਆ ਹੈ। ਲੱਕੀ ਪੰਡਤ ਦੀਆਂ ਪ੍ਰਾਪਤੀਆਂ 'ਤੇ ਆਸਟ੍ਰੇਲੀਆ ਵਸਦੇ ਸਮੂਹ ਭਾਰਤੀ ਭਾਈਚਾਰੇ ਨੂੰ ਮਾਣ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।