ਘਾਨਾ ਯੂਨੀਵਰਸਿਟੀ ਤੋਂ ਵਿਦਿਆਰਥੀਆਂ ਨੇ ਹਟਵਾਈ ਗਾਂਧੀ ਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਘਾਨਾ ਦੀ ਮੰਨੀ ਪ੍ਰਮੰਨੀ ਯੂਨੀਵਰਸਿਟੀ ਤੋਂ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਹਟਾ ਦਿਤਾ ਗਿਆ ਕਿਉਂਕਿ ਅਫ਼ਰੀਕੀ ਮੂਲ ਦੇ ਲੋਕਾਂ ਦਾ ਮੰਨਣਾ ਹੈ...

Mahatma Gandhi

ਨਵੀਂ ਦਿੱਲੀ (ਭਾਸ਼ਾ) : ਘਾਨਾ ਦੀ ਮੰਨੀ ਪ੍ਰਮੰਨੀ ਯੂਨੀਵਰਸਿਟੀ ਤੋਂ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਹਟਾ ਦਿਤਾ ਗਿਆ ਕਿਉਂਕਿ ਅਫ਼ਰੀਕੀ ਮੂਲ ਦੇ ਲੋਕਾਂ ਦਾ ਮੰਨਣਾ ਹੈ ਕਿ ਗਾਂਧੀ ਨਸਲਭੇਦੀ ਸਨ। ਰਾਜਧਾਨੀ ਅਕਰਾ ਦੀ ਯੂਨੀਵਰਸਿਟੀ ਆਫ਼ ਘਾਨਾ ਵਿਚ ਇਹ ਮੂਰਤੀ ਦੋ ਸਾਲ ਪਹਿਲਾਂ ਭਾਰਤ-ਘਾਨਾ ਸਬੰਧਾਂ ਦੇ ਪ੍ਰਤੀਕ ਦੇ ਤੌਰ 'ਤੇ ਲਗਾਈ ਗਈ ਸੀ, ਪਰ ਅਫ਼ਰੀਕਨ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਦਾ ਗੁੱਸਾ ਇੰਨਾ ਵਧ ਗਿਆ ਕਿ ਉਨ੍ਹਾਂ ਨੇ ਪ੍ਰਦਰਸ਼ਨ ਕਰਕੇ ਆਖ਼ਰਕਾਰ ਗਾਂਧੀ ਦੀ ਮੂਰਤੀ ਨੂੰ ਹਟਵਾ ਕੇ ਹੀ ਸਾਹ ਲਿਆ। ਜਿਹੜੇ ਗਾਂਧੀ ਨੂੰ ਪੂਰੀ ਦੁਨੀਆ ਵਿਚ ਅਹਿੰਸਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਆਖ਼ਰ ਅਜਿਹਾ ਕੀ ਹੋਇਆ ਕਿ ਅਫ਼ਰੀਕਾ ਵਿਚ ਉਨ੍ਹਾਂ ਵਿਰੁਧ ਇੰਨਾ ਗੁੱਸਾ ਭੜਕ ਗਿਆ? ਦਰਅਸਲ ਗਾਂਧੀ ਵਿਰੁਧ ਗੁੱਸੇ ਦਾ ਕਾਰਨ ਅਫ਼ਰੀਕਾ ਪ੍ਰਵਾਸ ਦੌਰਾਨ ਲਿਖੀ ਗਾਂਧੀ ਦੀ ਇਕ ਚਿੱਠੀ ਹੈ। ਮਹਾਤਮਾ ਗਾਂਧੀ ਨੇ ਇੱਥੇ 1893 ਤੋਂ 1915 ਦੌਰਾਨ ਇਕ ਵਕੀਲ ਦੀ ਹੈਸੀਅਤ ਨਾਲ ਕੰਮ ਕੀਤਾ ਸੀ। ਸਾਲ 1904 ਵਿਚ ਗਾਂਧੀ ਵਲੋਂ ਲਿਖੀ ਇਸ ਚਿੱਠੀ ਵਿਚ ਲਿਖਿਆ ਸੀ ਕਿ ਭਾਰਤੀਆਂ ਦੇ ਨਾਲ ਅਫਰੀਕੀਆਂ ਦੇ ਮੇਲਜੋਲ ਤੋਂ ਉਨ੍ਹਾਂ ਨੂੰ ਗੁੱਸਾ ਆ ਜਾਂਦਾ ਹੈ। 2015 ਵਿਚ ਅਫ਼ਰੀਕੀ ਮੂਲ ਦੇ ਦੋ ਲੇਖਕਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ

ਕਿ ਗਾਂਧੀ ਨੂੰ ਅਪਣੇ ਅਤੇ ਅਫ਼ਰੀਕਨ ਲੋਕਾਂ ਦੇ ਲਈ ਬਰਾਬਰ ਦੇ ਵਿਵਹਾਰ ਤੋਂ ਕਾਫ਼ੀ ਸ਼ਿਕਾਇਤ ਸੀ। ਉਨ੍ਹਾਂ ਨੂੰ ਡਰ ਸੀ ਕਿ ਇਸ ਨਾਲ ਉਨ੍ਹਾਂ ਦੀਆਂ ਆਦਤਾਂ ਵੀ ਖ਼ਰਾਬ ਹੋ ਜਾਣਗੀਆਂ। ਇਸ ਤੋਂ ਬਾਅਦ ਸਾਹਮਣੇ ਆਈ ਇਕ ਕਿਤਾਬ 'ਦਿ ਅਫ਼ਰੀਕਨ ਗਾਂਧੀ।' ਨੇ ਨਵੇਂ ਵਿਵਾਦਾਂ ਨੂੰ ਜਨਮ ਦੇ ਦਿਤਾ। ਲੇਖਕਾਂ ਨੇ ਅਪਣੀ ਕਿਤਾਬ ਵਿਚ ਲਿਖਿਆ ਕਿ ਗਾਂਧੀ ਆਜ਼ਾਦੀ ਦੇ ਲਈ ਭਾਰਤੀਆਂ ਦੇ ਸੰਘਰਸ਼ ਨੂੰ ਅਫ਼ਰੀਕੀ ਲੋਕਾਂ ਦੇ ਸੰਘਰਸ਼ ਤੋਂ ਵੱਡਾ ਮੰਨਦੇ ਸਨ। ਇਸ ਤੋਂ ਇਲਾਵਾ ਕਿਤਾਬ 'ਚ ਹੋਰ ਵੀ ਬਹੁਤ ਸਾਰੇ ਖ਼ੁਲਾਸੇ ਕੀਤੇ ਗਏ ਹਨ, ਜੋ ਅਫ਼ਰੀਕੀ ਲੋਕਾਂ ਦੇ ਗਾਂਧੀ ਪ੍ਰਤੀ ਗੁੱਸੇ ਦਾ ਕਾਰਨ ਹਨ।

ਇਨ੍ਹਾਂ ਗੱਲਾਂ ਦੇ ਸਾਹਮਣੇ ਆਉਣ ਤੋਂ ਬਾਅਦ ਘਾਨਾ ਦੇ ਵਿਦਿਆਰਥੀਆਂ ਨੂੰ ਕੈਂਪਸ ਵਿਚ ਲੱਗੀ ਗਾਂਧੀ ਦੀ ਮੂਰਤੀ ਉਨ੍ਹਾਂ ਦੇ ਉਸੇ ਭੇਦਭਾਵ ਦੀ ਯਾਦ ਦਿਵਾਉਂਦੀ ਸੀ। ਇਹੀ ਵਜ੍ਹਾ ਹੈ ਕਿ ਸਾਰਿਆਂ ਨੇ ਮੂਰਤੀ ਹਟਾਉਣ ਲਈ ਲਗਾਤਾਰ ਪ੍ਰਦਰਸ਼ਨ ਕੀਤਾ, ਅਤੇ ਜਿੱਤ ਪ੍ਰਾਪਤ ਕੀਤੀ। ਹੁਣ ਗਾਂਧੀ ਨੂੰ ਰੇਸਿਸਟ ਦਸਦੇ ਹੋਏ ਟਵਿੱਟਰ 'ਤੇ ਬਕਾਇਦਾ ਇਕ ਮੁਹਿੰਮ ਚੱਲੀ ਹੋਈ ਹੈ। ਮਹਾਤਮਾ ਗਾਂਧੀ ਨੂੰ ਅਫ਼ਰੀਕਾ ਤੋਂ ਪਰਤਿਆਂ ਭਾਵੇਂ 100 ਸਾਲ ਤੋਂ ਜ਼ਿਆਦਾ ਹੋ ਚੁੱਕੇ ਹਨ, ਪਰ ਇਕ ਸਦੀ ਬਾਅਦ ਆਈ ਇਕ ਕਿਤਾਬ ਅਤੇ ਇਸ ਨੂੰ ਪੜ੍ਹਨ ਵਾਲੀ ਨੌਜਵਾਨ ਪੀੜ੍ਹੀ ਨੇ ਗਾਂਧੀ ਨੂੰ ਰੇਸਿਸਟ ਦੱਸ ਕੇ ਨਵੇਂ ਵਿਵਾਦ ਨੂੰ ਜਨਮ ਦੇ ਦਿਤਾ ਹੈ।