ਤਲਾਕਸ਼ੁਦਾ ਪੰਜਾਬਣ ਲਈ ਦੂਜਾ ਵਿਆਹ ਕਰਵਾਉਣਾ ਬਣਿਆ ਚੁਣੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੂਜੇ ਪਤੀ ਦੀ ਭਾਲ ਦੌਰਾਨ ਮਿਨਰੀਤ ਇਸ ਨਤੀਜੇ ‘ਤੇ ਪਹੁੰਚੀ ਹੈ ਕਿ ਜ਼ਿਆਦਾਤਰ ਸਿੱਖ ਤਲਾਕਸ਼ੁਦਾ ਔਰਤ ਨਾਲ ਵਿਆਹ ਨਹੀਂ ਕਰਨਾ ਚਾਹੁੰਦੇ।

Minreet Kaur

27 ਸਾਲ ਦੀ ਉਮਰ ਵਿਚ ਮਿਨਰੀਤ ਦਾ ਵਿਆਹ ਪੱਛਮੀ ਲੰਡਨ ਦੇ ਇਕ ਗੁਰਦੁਆਰੇ ਜ਼ਰੀਏ ਹੋਇਆ ਸੀ। ਪਰ ਉਸਦਾ ਇਹ ਵਿਆਹ ਇਕ ਸਾਲ ਦੇ ਵਿਚ ਹੀ ਉਸ ਲਈ ਮੁਸੀਬਤ ਬਣ ਗਿਆ।  ਹੁਣ ਉਹ ਦਸ ਸਾਲਾਂ ਤੋਂ ਦੂਜਾ ਪਤੀ ਲੱਭ ਰਹੀ ਹੈ ਪਰ ਦੂਜੇ ਪਤੀ ਦੀ ਭਾਲ ਦੌਰਾਨ ਉਹ ਇਸ ਨਤੀਜੇ ‘ਤੇ ਪਹੁੰਚੀ ਹੈ ਕਿ ਜ਼ਿਆਦਾਤਰ ਸਿੱਖ ਤਲਾਕਸ਼ੁਦਾ ਔਰਤ ਨਾਲ ਵਿਆਹ ਨਹੀਂ ਕਰਨਾ ਚਾਹੁੰਦੇ।

ਉਸਦਾ ਕਹਿਣਾ ਹੈ ਕਿ ਉਸਦੇ ਪਤੀ ਨੇ ਤਲਾਕ ਤੋਂ ਪਹਿਲਾਂ ਉਸ ਨੂੰ ਕਿਹਾ ਸੀ ਕਿ ਜੇਕਰ ਉਹ ਉਸ ਨੂੰ ਤਲਾਕ ਦਿੰਦੀ ਹੈ ਤਾਂ ਉਸ ਦਾ ਦੂਜਾ ਵਿਆਹ ਨਹੀਂ ਹੋਵੇਗਾ। ਇਸ ਨਾਲ ਉਸ ਨੂੰ ਦੁੱਖ ਹੋਇਆ ਸੀ ਪਰ ਉਹ ਜਾਣਦਾ ਸੀ ਕਿ ਸੱਚ ਹੋਵੇਗਾ। ਮਿਨਰੀਤ ਦਾ ਕਹਿਣਾ ਹੈ ਕਿ ਸਿੱਖ ਭਾਈਚਾਰੇ ਵਿਚ ਤਲਾਕ ਨੂੰ ਸ਼ਰਮਨਾਕ ਮੰਨਿਆ ਜਾਂਦਾ ਹੈ, ਖਾਸਕਰ ਔਰਤਾਂ ਲਈ।

ਉਸਦਾ ਕਹਿਣਾ ਹੈ ਕਿ ਤਲਾਕ ਤੋਂ ਬਾਅਦ ਉਸ ਨੂੰ ਸ਼ਰਮ ਮਹਿਸੂਸ ਹੁੰਦੀ ਸੀ। ਉਹ ਆਪਣੇ ਆਪ ਨੂੰ ਵਰਤੀ ਹੋਈ ਚੀਜ਼ ਸਮਝ ਰਹੀ ਸੀ। ਕਈ ਲੋਕ ਇਸ ਭਾਵਨਾਂ ਨੂੰ ਹੋਰ ਮਜ਼ਬੂਤ ਬਣਾਉਂਦੇ ਸੀ। ਉਸਦਾ ਕਹਿਣਾ ਹੈ ਕਿ ਉਸਦੀ ਦਾਦੀ ਨੇ ਲੰਡਨ ਵਿਚ ਉਸ ਨੂੰ ਕਿਹਾ ਸੀ ਕਿ ਉਸ ਨੂੰ ਆਪਣੇ ਇਸ ਰਿਸ਼ਤੇ ਨੂੰ ਬਚਾਉਣਾ ਚਾਹੀਦਾ ਹੈ ਹਾਲਾਂਕਿ ਉਹ ਜਾਣਦੀ ਸੀ ਕਿ ਉਹ ਕਿਸ ਦੌਰ ਵਿਚੋਂ ਗੁਜ਼ਰ ਰਹੀ ਹੈ। ਉਸਨੇ ਕਿਹਾ, ‘ਮੇਰੇ ਮਾਤਾ-ਪਿਤਾ ਨੇ ਮੇਰਾ 100 ਫੀਸਦੀ ਸਮਰਥਨ ਕੀਤਾ ਪਰ ਮੈਨੂੰ ਲੱਗਿਆ ਕਿ ਮੈਂ ਉਹਨਾਂ ਦੀ ਬੇਇਜ਼ਤੀ ਕਰਵਾਈ ਹੈ।

ਤਲਾਕ ਤੋਂ ਪੰਜ ਸਾਲ ਬਾਅਦ ਉਸ ਨੇ ਨਵੇਂ ਜੀਵਨ ਸਾਥੀ ਦੀ ਭਾਲ ਸ਼ੁਰੂ ਕੀਤੀ। ਉਸਦਾ ਕਹਿਣਾ ਹੈ ਕਿ ਜਦੋਂ ਲੋਕ ਉਸ ਨੂੰ ਦੇਖਣ ਆਉਂਦੇ ਤਾਂ ਤਲਾਕ ਬਾਰੇ ਪਤਾ ਲੱਗਣ ਤੋਂ ਬਾਅਦ ਉਹਨਾਂ ਦੇ ਹਾਵ ਭਾਵ ਬਦਲ ਜਾਂਦੇ ਸੀ। ਉਹ ਸਿਰਫ ਇਹ ਕਹਿ ਕਿ ਚਲੇ ਜਾਂਦੇ ਸਨ ਕਿ ਸੋਚ ਕੇ ਦੱਸਾਂਗੇ। ਮਿਨਰੀਤ ਨੇ ਦੱਸਿਆ ਕਿ ਮੇਰੀ ਸੈਮੀ-ਅਰੇਂਜ ਮੈਰਿਜ ਸੀ। ਲੋਕ ਇਹ ਕੇ ਉਸ ‘ਤੇ ਵਿਆਹ ਲਈ ਦਬਾਅ ਪਾਉਂਦੇ ਸਨ ਕਿ ਉਸਦੀ ਉਮਰ ਹੋ ਰਹੀ ਹੈ। ਉਸ ਤੋਂ ਬਾਅਦ ਉਸ ਨੇ ਗੁਰਦੁਆਰੇ ਵਿਚ ਜਾ ਕੇ ਰਿਸ਼ਤੇ ਬਾਰੇ ਪਤਾ ਕੀਤਾ ਸੀ।

ਤਲਾਕ ਤੋਂ ਬਾਅਦ ਜਦੋਂ ਉਸ ਨੇ ਨਵੇਂ ਪਤੀ ਦੀ ਤਲਾਸ਼ ਕਰਨੀ ਸ਼ੁਰੂ ਕੀਤੀ ਤਾਂ ਉਸ ਨੇ ਉੱਤਰੀ ਪੱਛਮੀ ਲੰਡਨ ਦੇ ਗੁਦਰਆਰੇ ਜਾ ਕੇ ਮੈਟਰੀਮੋਨੀਅਲ ਸਰਵਿਸ ਵਿਚ ਆਪਣਾ ਨਾਂ ਰਜਿਸਟਰ ਕਰਵਾਇਆ। ਪਰ ਮੈਂ ਨਹੀਂ ਜਾਣਦੀ ਸੀ ਕਿ ਮੇਰੇ ਤਲਾਕਸ਼ੁਦਾ ਹੋਣ ਕਰਕੇ ਉਹ ਮੈਨੂੰ ਤਲਾਕਸ਼ੁਦਾ ਮਰਦਾਂ ਨਾਲ ਹੀ ਮਿਲਵਾਉਣਗੇ। ਉਸਨੇ ਕਿਹਾ ਕਿ ਮੇਰੇ ਵੱਲੋਂ ਭਰੇ ਫਾਰਮ ਨੂੰ ਦੇਖ ਕੇ ਉਨ੍ਹਾਂ ਵਿੱਚੋਂ ਇਕ ਵਲੰਟੀਅਰ ਨੇ ਕਿਹਾ, ''ਇੱਥੇ ਦੋ ਤਲਾਕਸ਼ੁਦਾ ਆਦਮੀ ਹਨ ਜਿਹੜੇ ਤੁਹਾਡੇ ਨਾਲ ਮੇਲ ਖਾਂਦੇ ਹਨ।''

ਉਸਨੇ ਕਿਹਾ ਕਿ ਮੈਂ ਘੱਟੋ-ਘੱਟ ਦੋ ਗੁਰਦੁਆਰੇ ਅਜਿਹੇ ਦੇਖੇ ਜਿੱਥੇ ਤਲਾਕਸ਼ੁਦਾ ਮਰਦਾ ਨੂੰ ਅਜਿਹੀਆਂ ਔਰਤਾਂ ਨਾਲ ਮਿਲਵਾਇਆ ਗਿਆ ਜੋ ਕੁਆਰੀਆਂ ਸਨ । ਉਸਨੇ ਕਿਹਾ ਕਿ ਤਲਾਕਸ਼ੁਦਾ ਔਰਤ ਨੂੰ ਕਿਉਂ ਅਜਿਹਾ ਵਰ ਨਹੀਂ ਦਿਖਾਇਆ ਜਾ ਸਕਦਾ ਜਿਸਦਾ ਪਹਿਲਾ ਵਿਆਹ ਨਾ ਹੋਇਆ ਹੋਵੇ? ਇਸ ਦਾ ਮਤਲਬ ਤਾਂ ਇਹ ਹੋਇਆ ਕਿ ਮਰਦ ਕਦੇ ਵੀ ਤਲਾਕ ਲਈ ਜ਼ਿੰਮੇਵਾਰ ਨਹੀਂ ਹੋ ਸਕਦਾ, ਸਿਰਫ਼ ਔਰਤ ਹੀ ਹੋ ਸਕਦੀ ਹੈ।

ਉਸਨੇ ਗੁਰਦੁਆਰੇ ਦੇ ਇੰਚਾਰਜ ਗਰੇਵਾਲ ਨੂੰ ਪੁੱਛਿਆ ਕਿ ਔਰਤਾਂ ਬਾਰੇ ਇਸ ਰਵੱਈਏ ਪਿੱਛੇ ਕਾਰਨ ਕੀ ਹੈ, ਤਾਂ ਉੁਨ੍ਹਾਂ ਕਿਹਾ,''ਉਹ ਤਲਾਕ ਨੂੰ ਸਵੀਕਾਰ ਕਰਨ ਵਾਲੇ ਨਹੀਂ ਹਨ, ਸਿੱਖ ਭਾਈਚਾਰੇ ਵਿਚ ਇਹ ਨਹੀਂ ਹੋਣਾ ਚਾਹੀਦਾ ਜੇਕਰ ਸਾਡੀ ਸਿੱਖ ਧਰਮ ਵਿਚ ਮਾਨਤਾ ਹੈ।'' ਪਰ ਦੂਜਿਆਂ ਦੀ ਤਰ੍ਹਾਂ ਸਿੱਖਾਂ ਵਿਚ ਵੀ ਤਲਾਕ ਹੁੰਦੇ ਹਨ।

2018 ਦੀ ਬ੍ਰਿਟਿਸ਼ ਸਿੱਖ ਰਿਪੋਰਟ ਮੁਤਾਬਕ ਸਿੱਖਾਂ ਵਿਚ 4 ਫ਼ੀਸਦੀ ਮਾਮਲੇ ਤਲਾਕ ਦੇ ਹਨ ਅਤੇ 1 ਫ਼ੀਸਦੀ ਵੱਖ ਹੋਣ ਦੇ ਹਨ। ਇੰਚਾਰਜ ਨੇ ਕਿਹਾ ਕਿ ਨੌਜਵਾਨ ਕਹਿੰਦੇ ਹਨ ਉਨ੍ਹਾਂ ਲਈ ਇਹ ਕੋਈ ਵੱਡਾ ਮੁੱਦਾ ਨਹੀਂ ਹੈ ਪਰ ਮੇਰੇ ਵਰਗ ਦੇ ਲੋਕ ਭਾਵੇਂ ਕਿ ਉਨ੍ਹਾਂ ਦੇ ਘਰ ਆਪਣੀਆਂ ਭੈਣਾਂ ਜਾਂ ਧੀਆਂ ਦਾ ਤਲਾਕ ਹੋਇਆ ਹੋਵੇ ਪਰ ਉਹ ਦੂਜੀ ਤਲਾਕਸ਼ੁਦਾ ਔਰਤ ਬਾਰੇ ਰਾਇ ਜ਼ਰੂਰ ਬਣਾ ਲੈਂਦੇ ਹਨ।

ਉਸਨੇ ਕਿਹਾ ਕਿ ਉਹ ਸਿਰਫ ਪੱਗ ਵਾਲੇ ਸਿੱਖ ਦੀ ਭਾਲ ਕਰ ਰਹੀ ਹੈ। ਉਸਨੇ ਕਿਹਾ ਕਿ ਉੱਤਰ ਪੱਛਮੀ ਲੰਡਨ  ਵਿਚ 22000 ਸਿੱਖ ਰਹਿੰਦੇ ਹਨ, ਉਹਨਾਂ ਵਿਚੋਂ ਕਰੀਬ 11000 ਮਰਦ ਹਨ। ਉਨ੍ਹਾਂ ਵਿੱਚੋਂ ਬਹੁਤ ਛੋਟਾ ਅੰਕੜਾ ਸਹੀ ਉਮਰ ਵਰਗ ਦੇ ਕੁਆਰੇ ਮਰਦਾਂ ਵਾਲਾ ਹੈ। ਪਰ ਉਨ੍ਹਾਂ ਵਿੱਚੋਂ ਬਹੁਤ ਸਾਰੇ ਪੱਗ ਨਹੀਂ ਬਣਦੇ ਹਨ।

ਉਸ ਨੇ ਕਿਹਾ ਕਿ ਚਾਹੇ ਮੇਰੇ ਲਈ ਪੱਗ ਅਤੇ ਧਰਮ ਜਰੂਰੀ ਹੈ ਪਰ ਸਿੱਖੀ ਮਾਨਤਾ ਮੁਤਾਬਕ ਆਦਮੀ ਅਤੇ ਔਰਤ ਦੋਵੇਂ ਬਰਾਬਰ ਹਨ। ਸਾਨੂੰ ਇਕ ਦੂਜੇ ਲਈ ਰਾਇ ਨਹੀਂ ਬਣਾਉਣੀ ਚਾਹੀਦੀ ।ਉਸਦਾ ਕਹਿਣਾ ਹੈ ਕਿ ਮੈਂ  ਅਜਿਹਾ ਸ਼ਖਸ ਚਾਹੁੰਦੀ ਹਾਂ ਜਿਸ ਨੂੰ ਇਕ ਸਾਥੀ ਦੋਸਤੀ ਲਈ ਚਾਹੀਦਾ ਹੋਵੇ।

ਉਸਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਵਿਚ ਕਰੀਬ 40 ਵੱਖ-ਵੱਖ ਮਰਦਾਂ ਨੂੰ ਮਿਲਣ ਤੋਂ ਬਾਅਦ, ਪਿਛਲੇ ਕੁਝ ਮਹੀਨੇ ਹਨ ਜਿਨ੍ਹਾਂ ਵਿਚ ਉਸ ਨੇ ਗੈਰ-ਦਸਤਾਰਧਾਰੀ ਬਾਰੇ ਸੋਚਣਾ ਸ਼ੁਰੂ ਕੀਤਾ ਹੈ। ਇੱਥੋਂ ਤੱਕ ਕਿ ਗੈਰ-ਸਿੱਖ ਬਾਰੇ ਵੀ। ਉਸਦਾ ਕਹਿਣਾ ਹੈ ਕਿ ਉਸਦੇ ਕਈ ਦੋਸਤ ਵੀ ਇਹ ਕਦਮ ਉਠਾ ਚੁੱਕੇ ਸਨ।

ਉਸਨੇ ਕਿਹਾ ਕਿ ਆਪਣੀ ਕਹਾਣੀ ਜ਼ਰੀਏ ਇਹ ਉਮੀਦ ਕਰਦੀ ਹਾਂ ਕਿ ਤਲਾਕਸ਼ੁਦਾ ਔਰਤਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਵਿਚ ਮਦਦ ਕਰ ਸਕਾਂ ਤੇ ਹੋ ਸਕਦਾ ਹੈ ਕਿ ਔਰਤਾਂ ਬੋਲਣ ਲਈ ਪ੍ਰੇਰਿਤ ਹੋਣ।

ਮਿਨਰੀਤ ਕੌਰ ਮਹਿੰਦੀ ਕਲਾਕਾਰ ਹਨ ਅਤੇ ਇਕ ਫਰੀਲਾਂਸ ਪੱਤਰਕਾਰ ਵਜੋਂ ਕੰਮ ਕਰਦੇ ਹਨ