ਸਿਆਸਤ ਵਿਚ ਘਟੀ ਔਰਤਾਂ ਦੀ ਗਿਣਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਔਰਤਾਂ ਦੇ ਦੇਸ਼ ਮੁਖੀ ਚੁਣੇ ਜਾਣ ਦਾ ਫ਼ੀ ਸਦੀ 2017 ਦੇ 7.2 ਫ਼ੀ ਸਦੀ ਤੋਂ ਘੱਟ ਕੇ 2018 ਵਿਚ 6.6 ਫ਼ੀ ਸਦੀ ਰਹਿ ਗਈ

Women in politics

ਸੰਯੁਕਤ ਰਾਸ਼ਟਰ : ਇਕ ਪਾਸੇ ਜਿਥੇ ਔਰਤਾਂ ਅੱਜ ਹਰ ਖੇਤਰ ਵਿਚ ਅੱਗੇ ਵਧ ਰਹੀਆਂ ਹਨ ਪਰ ਦੂਜੇ ਪਾਸੇ ਸਿਆਸਤ ਵਿਚ ਔਰਤਾਂ ਦੀ ਗਿਣਤੀ ਵਿਚ ਆ ਰਹੀ ਗਿਰਾਵਟ ਚਿੰਤਾਜਨਕ ਹੈ। ਹਾਲ ਹੀ ਵਿਚ ਜਾਰੀ ਹੋਏ ਅੰਕੜਿਆਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸਿਆਸਤ ਦੇ ਖੇਤਰ ਵਿਚ ਔਰਤਾ ਦੀ ਗਿਣਤੀ ਘੱਟ ਰਹੀ ਹੈ। ਸਿਆਸਤ ਵਿਚ ਔਰਤਾਂ ਦੀ ਗਿਣਤੀ ਪੁਰਸ਼ਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ ਤੇ ਵਿਸ਼ਵ ਦੇ ਨੇਤਾਵਾਂ ਵਿਚ ਸੱਤ ਫ਼ੀ ਸਦੀ ਤੇ ਸੰਸਦ ਮੈਂਬਰਾਂ ਵਿਚ ਔਰਤਾਂ ਦੀ ਗਿਣਤੀ ਸਿਰਫ਼ 24 ਫ਼ੀ ਸਦੀ ਹੈ। 

ਸੰਯੁਕਤ ਰਾਸ਼ਟਰ ਮਹਾਂਸਭਾ ਪ੍ਰਧਾਨ ਮਾਰੀਆ ਫ਼ਰਨਾਂਡਾ ਐਸਪਿਨੋਸਾ ਨੇ ਔਰਤਾਂ ਦੀ ਸਥਿਤੀ 'ਤੇ ਸੰਯੁਕਤ ਰਾਸ਼ਟਰ ਕਮਿਸ਼ਨ ਦੇ ਵਫ਼ਦ ਨੂੰ ਦਸਿਆ ਕਿ ਹਾਲ ਹੀ ਦੇ ਸਾਲਾਂ ਵਿਚ ਆਲਮੀ ਪੱਧਰ ਦੇ ਸਿਆਸੀ ਖੇਤਰ ਵਿਚ ਔਰਤਾਂ ਦੀ ਗਿਣਤੀ ਵਿਚ ਕਾਫ਼ੀ ਗਿਰਾਵਟ ਵੇਖਣ ਨੂੰ ਮਿਲੀ ਹੈ। ਅੰਤਰ ਸੰਸਦੀ ਸੰਘ ਦੇ ਪਿਛਲੇ ਹਫ਼ਤੇ ਜਾਰੀ ਅੰਕÎਿੜਆਂ ਮੁਤਾਬਕ ਔਰਤਾਂ ਦੇ ਦੇਸ਼ ਮੁਖੀ ਚੁਣੇ ਜਾਣ ਦਾ ਫ਼ੀ ਸਦੀ 2017 ਦੇ 7.2 ਫ਼ੀ ਸਦੀ ਤੋਂ ਘੱਟ ਕੇ 2018 ਵਿਚ 6.6 ਫ਼ੀ ਸਦੀ ਰਹਿ ਗਈ ਹੈ। ਇਸ ਸਮੇਂ ਦੌਰਾਨ ਸਰਕਾਰ ਵਿਚ ਔਰਤ ਮੁਖੀਆਂ ਦਾ ਫ਼ੀ ਸਦੀ ਵੀ 5.7 ਫ਼ੀ ਸਦੀ ਤੋਂ ਘੱਟ ਕੇ 5.2 ਫ਼ੀ ਸਦੀ ਰਹਿ ਗਿਆ ਹੈ।

ਸੰਘ ਦੀ ਮੁਖੀ ਗੈਬਲੀਨਾ ਕਵੇਵਾਸ ਬੈਰਨ ਨੇ ਕਿਹਾ ਕਿ ਕੁੱਝ ਹਾਂ-ਪੱਖੀ ਅੰਦੋਲਨਾਂ ਦੇ ਬਾਵਜੂਦ ਸਰਕਾਰੀ ਆਗੂਆਂ ਵਿਚ ਵੱਡੀ ਗਿਣਤੀ ਪੁਰਸ਼ਾਂ ਦੀ ਹੈ। ਸੰਯੁਕਤ ਰਾਸ਼ਟਰ ਮਹਿਲਾ ਦੀ ਕਾਰਜਕਾਰੀ ਡਾਇਰੈਕਟਰ ਫੁਮਜਿਲੇ, ਮਲਾਂਬੋ ਨਗਕੁਕਾ ਨੇ ਮੌਜੂਦਾ ਮਾਹੌਲ ਨੂੰ ਔਰਤਾਂ ਦੀ ਤਰੱਕੀ ਲਈ ਹਾਂ-ਪੱਖੀ ਨਹੀਂ ਦਸਿਆ। ਉਨ੍ਹਾਂ ਕਈ ਦੇਸ਼ਾਂ ਵਿਚ ਔਰਤ ਉਮੀਦਵਾਰਾਂ ਤੇ ਨੇਤਾਵਾਂ ਵਿਰੁਧ ਸਿਆਸੀ ਹਿੰਸਾ, ਮੌਖਿਕ ਹਮਲਾ ਤੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਔਰਤਾਂ ਪਿੱਛੇ ਵਲ ਵਧੀਆਂ ਹਨ।