ਇਟਲੀ ਜਾਣ ਦਾ ਸੁਨਿਹਰੀ ਮੌਕਾ, 38,500 ਸੀਜ਼ਨ ਪੇਪਰ ਖੁੱਲ੍ਹੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਟਲੀ ਦੇ ਮੌਸਮੀ ਕੰਮਾਂ ਵਾਲੇ ਪੇਪਰ ਖੁੱਲ੍ਹਣ ਦੀ ਉਡੀਕ ਕਰ ਰਹੇ ਵਿਦੇਸ਼ੀ ਸਰਕਾਰ ਵੱਲੋਂ ਤਰੀਕ ਐਲਾਨਣ ਦਾ ਇੰਤਜ਼ਾਰ ਕਰ ਰਹੇ ਹਨ...

Italy Flight

ਰੋਮ : ਇਟਲੀ ਦੇ ਮੌਸਮੀ ਕੰਮਾਂ ਵਾਲੇ ਪੇਪਰ ਖੁੱਲ੍ਹਣ ਦੀ ਉਡੀਕ ਕਰ ਰਹੇ ਵਿਦੇਸ਼ੀ ਸਰਕਾਰ ਵੱਲੋਂ ਤਰੀਕ ਐਲਾਨਣ ਦਾ ਇੰਤਜ਼ਾਰ ਕਰ ਰਹੇ ਹਨ। ਇਟਲੀ ਸਰਕਾਰ ਵੱਲੋਂ ਮੌਸਮੀ ਕੰਮਾਂ ਵਾਲੇ ਕਾਮਿਆਂ ਦੀ ਮੰਗ ਨਾਲ ਲੋੜਵੰਦ ਲੋਕਾਂ ਦੇ ਨਾਲ-ਨਾਲ ਉਨ੍ਹਾਂ ਏਜੰਟਾਂ ਦੇ ਚਿਹਰਿਆਂ ਉੱਤੇ ਵੀ ਚਾਰ ਗੁਣਾ ਲਾਲੀ ਛਾਅ ਗਈ ਹੈ ਜਿਨ੍ਹਾਂ ਕਿ ਇਨ੍ਹਾਂ ਪੇਪਰਾਂ ਵਿਚੋਂ ਮੋਟੀ ਕਮਾਈ ਕਰਨ ਦੇ ਸੁਪਨਾ ਸਜਾਏ ਹੋਏ ਹਨ।

ਇਟਲੀ ਦੇ ਇਨ੍ਹਾਂ ਮੌਸਮੀ ਕੰਮਾਂ ਵਾਲੇ ਪੇਪਰਾਂ ਦਾ ਕੋਟਾ ਚਾਹੇ ਕਰੀਬ 38,500 ਹੀ ਹੈ ਪਰ ਇਨ੍ਹਾਂ ਪੇਪਰਾਂ ਦੀ ਆੜ ਵਿਚ ਭੋਲੇ-ਭਾਲੇ ਅਤੇ ਲੋੜਵੰਦ ਪੰਜਾਬੀਆਂ ਨੂੰ ਫਸਾਉਣ ਵਾਲੇ ਏਜੰਟ ਅਪਣੇ ਕਬੂਤਰਾਂ ਨੂੰ ਦਾਣਾ ਪਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ। ਜ਼ਿਕਰਯੋਗ ਹੈ ਕਿ ਜਿਹੜੇ ਪਹਿਲਾਂ ਇਨ੍ਹਾਂ ਸੀਜ਼ਨ ਵਾਲੇ ਪੇਪਰਾਂ ਉੱਤੇ ਲੱਖਾਂ ਰੁਪਏ ਕਰਜ਼ਾ ਚੁੱਕ ਇਟਲੀ ਆਏ ਹਨ ਉਨ੍ਹਾਂ ਵਿਚ ਬਹੁਤੇ ਪੰਜਾਬੀ ਨੌਜਵਾਨ ਇਟਲੀ ਦੇ ਪੱਕੇ ਪੇਪਰ ਨਾ ਬਣਨ ਕਾਰਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਬੇਵੱਸ ਹਨ। ਮੀਡੀਆ ਨਾਲ ਅਪਣੇ ਦੁੱਖ ਸਾਂਝੇ ਕਰਦਿਆਂ ਇਟਲੀ ਵਿਚ ਪਹਿਲਾਂ ਆਏ ਸੀਜ਼ਨ ਵਾਲੇ ਪੇਪਰਾਂ ਉੱਤੇ ਪੰਜਾਬੀ ਨੌਜਵਾਨਾਂ ਨੇ ਅਪਣਾ ਦੁੱਖ ਦੱਸਿਆ।

ਉਨ੍ਹਾਂ ਨੇ ਦੱਸਿਆ ਕਿ ਜਿਹੜੇ ਲੋਕ ਭਾਰਤ ਤੋਂ ਇਟਲੀ ਸੀਜ਼ਨ ਵਾਲੇ ਪੇਪਰਾਂ ਉੱਤੇ ਆਉਂਦੇ ਹਨ ਉਹ ਤਾਂ ਸੱਚ ਨਹੀਂ ਦੱਸਦੇ, ਜਿਸ ਕਾਰਨ ਇਟਲੀ ਆ ਕੇ ਨੌਜਵਾਨਾਂ ਨੂੰ ਕਈ ਤਰ੍ਹਾਂ ਦੀਆਂ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਪੈਂਦਾ ਹੈ। ਏਜੰਟਾਂ ਦੇ ਮਿੱਠੇ ਲਾਰਿਆਂ ਦਾ ਸ਼ਿਕਾਰ ਨੌਜਵਾਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਇਟਲੀ ਆਉਣ ਤੋਂ ਪਹਿਲਾਂ ਸੀਜ਼ਨ ਵਾਲੇ ਪੇਪਰਾਂ ਨੂੰ ਜਮ੍ਹਾਂ ਕਰਾਉਣ ਅਤੇ ਪੇਪਰ ਬਦਲਾਉਣ ਦੀ ਗੱਲ ਜ਼ਰੂਰ ਕਰਕੇ ਆਓ ਨਹੀਂ ਤਾਂ ਫਿਰ ਬਾਅਦ ‘ਚ ਇਟਲੀ ਵਿਚ ਏਜੰਟ ਰੱਜ ਕੇ ਖੱਜਲ-ਖੁਆਰ ਕਰਦੇ ਹਨ।