ਕੋਰੋਨਾ ਵਾਇਰਸ ਕਾਰਨ ਜਾਣਗੀਆਂ 5 ਕਰੋੜ ਲੋਕਾਂ ਦੀਆਂ ਨੌਕਰੀਆਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਦੇ ਕਈ ਸ਼ਹਿਰਾਂ ਵਿਚ ਲਾਕ ਡਾਊਨ ਕੀਤਾ ਜਾ ਰਿਹਾ ਹੈ। ਆਵਾਜਾਈ ‘ਤੇ ਰੋਕ ਲਗਾ ਦਿੱਤੀ ਗਈ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਦੇ ਕਈ ਸ਼ਹਿਰਾਂ ਵਿਚ ਲਾਕ ਡਾਊਨ ਕੀਤਾ ਜਾ ਰਿਹਾ ਹੈ। ਆਵਾਜਾਈ ‘ਤੇ ਰੋਕ ਲਗਾ ਦਿੱਤੀ ਗਈ ਹੈ। ਕਈ ਸ਼ਹਿਰਾਂ ਵਿਚ ਤਾਂ ਹਵਾਈ ਅੱਡੇ ਵੀ ਬੰਦ ਕੀਤੇ ਗਏ ਹਨ। ਲੋਕਾਂ ਦਾ ਆਉਣਾ-ਜਾਣਾ ਲਗਭਗ ਬੰਦ ਹੈ। ਲੋਕ ਕੋਰੋਨਾ ਦੇ ਡਰ ਕਾਰਨ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ।

ਸੈਮੀਨਾਰ, ਅੰਤਰਰਾਸ਼ਟਰੀ ਸਮਾਰੋਹ, ਖੇਡ ਅਯੋਜਨ, ਬੈਠਕਾਂ ਸਭ ਕੁੱਝ ਰੱਦ ਕਰ ਦਿੱਤੇ ਗਏ ਹਨ ਪਰ ਇਸ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਸੈਰ-ਸਪਾਟਾ ਉਦਯੋਗ ਯਾਨੀ ਟੂਰਿਜ਼ਮ ਇੰਡਸਟਰੀ ਨੂੰ ਹੋ ਰਿਹਾ ਹੈ। ਸੈਰ-ਸਪਾਟਾ ਉਦਯੋਗ ਵਿਚ ਕੋਰੋਨਾ ਵਾਇਰਸ ਕਾਰਨ 5 ਕਰੋੜ ਲੋਕਾਂ ਦਾ ਰੁਜ਼ਗਾਰ ਖਤਮ ਹੋ ਸਕਦਾ ਹੈ। ਇਹ ਜਾਣਕਾਰੀ ਵਿਸ਼ਵ ਟਰੈਵਲ ਐਂਡ ਟੂਰਿਜ਼ਮ ਕਾਂਊਸਿਲ ਇੰਡਸਟਰੀ ਗਰੁੱਪ (WTTC) ਨੇ ਦਿੱਤੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਸੈਂਕੜੇ ਜਹਾਜ਼ ਗ੍ਰਾਂਊਡੇਡ ਹਨ ਅਤੇ ਦਰਜਨਾਂ ਕਰੂ ਜਹਾਜ਼ ਖੜ੍ਹੇ ਹਨ। WTTC ਦੀ ਮੈਨੇਜਿੰਗ ਡਾਇਰੈਕਟਰ ਵਰਜੀਨੀਆ ਮੈਸੀਨਾ ਨੇ ਦੱਸਿਆ ਕਿ 2020 ਵਿਚ ਸੈਰ-ਸਪਾਟੇ ਨਾਲ ਜੁੜੀਆਂ 25 ਫੀਸਦੀ ਬੁਕਿੰਗਸ ਕੈਂਸਲ ਕੀਤੀਆਂ ਜਾ ਚੁੱਕੀਆਂ ਹਨ। ਅਜਿਹੇ ਵਿਚ ਟੂਰਿਜ਼ਮ ਇੰਡਸਟਰੀ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ।

ਕਈ ਟੂਰ ਐਂਡ ਟਰੈਵਲ ਕੰਪਨੀਆਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਣਗੀਆਂ। WTTC ਅਨੁਸਾਰ ਇਸ ਵਾਇਰਸ ਕਾਰਨ ਦੁਨੀਆ ਭਰ ਵਿਚ ਸੈਰ-ਸਪਾਟਾ ਖੇਤਰ ਵਿਚ ਕੰਮ ਕਰ ਰਹੇ 16 ਫੀਸਦੀ ਲੋਕਾਂ ਦੀ ਨੌਕਰੀ ਜਾਵੇਗੀ। ਯਾਨੀ ਕੋਰੋਨਾ ਵਾਇਰਸ ਨਾਲ ਕਰੀਬ 5 ਕਰੋੜ ਲੋਕਾਂ ਦੇ ਰੁਜ਼ਗਾਰ ‘ਤੇ ਖਤਰਾ ਹੈ। WTTC ਨੇ ਇਹ ਅਨੁਮਾਨ ਸੈਰ-ਸਪਾਟਾ ਖੇਤਰ ਦੇ 2018 ਵਿਚ ਆਏ ਵਿਸ਼ਵ ਪੱਧਰੀ ਅੰਕੜਿਆਂ ਅਨੁਸਾਰ ਲਗਾਇਆ ਹੈ।

ਇਸ ਦੇ ਮੁਤਾਬਕ ਦੋ ਸਾਲ ਪਹਿਲਾਂ ਪੂਰੀ ਦੁਨੀਆ ਵਿਚ 319 ਮਿਲੀਅਨ ਯਾਨੀ 31.0 ਕਰੋੜ ਲੋਕ ਇਸ ਇੰਡਸਟਰੀ ਵਿਚ ਕੰਮ ਕਰ ਰਹੇ ਸਨ। ਵਰਜੀਨੀਆ ਮੈਸੀਨਾ ਨੇ ਦੱਸਿਆ ਕਿ ਜ਼ਿਆਦਾ ਨੁਕਸਾਨ ਉਹਨਾਂ ਲੋਕਾਂ ਅਤੇ ਕੰਪਨੀਆਂ ਨੂੰ ਹੋਵੇਗਾ, ਜੋ ਚੀਨ ਦੇ ਨਾਲ ਜ਼ਿਆਦਾ ਸਮਝੌਤੇ ਕਰ ਰਹੇ ਸੀ। WTTC ਨੇ ਅਪਣੇ ਅਧਿਐਨ ਵਿਚ ਪਾਇਆ ਹੈ ਕਿ ਕੋਰੋਨਾ ਵਾਇਰਸ ਕਾਰਨ ਸੈਰ-ਸਪਾਟਾ ਉਦਯੋਗ ਵਿਚ 90 ਤਰ੍ਹਾਂ ਦੀਆਂ ਮੁਸ਼ਕਿਲਾਂ ਆਉਣ ਵਾਲੀਆਂ ਹਨ। ਇਸ ਕਾਰਨ ਕਾਫ਼ੀ ਨੁਕਸਾਨ ਹੋਵੇਗਾ ਅਤੇ ਇਸ ਤੋਂ ਨਿਕਲਣ ਲਈ ਕਰੀਬ 10 ਤੋਂ 12 ਮਹੀਨੇ ਲੱਗ ਜਾਣਗੇ।