ਕੈਨੇਡਾ ਦੇ ਪੈਨਟਿਕਟਨ ‘ਚ ਚੱਲੀ ਗੋਲੀ, 4 ਮਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੀਸੀ ਵਿੱਚ ਪੰਜ ਕਿਲੋਮੀਟਰ ਦੇ ਦਾਇਰੇ ਵਿੱਚ ਤਿੰਨ ਵੱਖ ਵੱਖ ਥਾਂਵਾਂ ਉੱਤੇ ਹੋਈ ਸ਼ੂਟਿੰਗ ਕਾਰਨ ਸੋਮਵਾਰ ਨੂੰ ਚਾਰ ਵਿਅਕਤੀ...

Shoot

ਪੈਨਟਿਕਟਨ : ਬੀਸੀ ਵਿੱਚ ਪੰਜ ਕਿਲੋਮੀਟਰ ਦੇ ਦਾਇਰੇ ਵਿੱਚ ਤਿੰਨ ਵੱਖ ਵੱਖ ਥਾਂਵਾਂ ਉੱਤੇ ਹੋਈ ਸ਼ੂਟਿੰਗ ਕਾਰਨ ਸੋਮਵਾਰ ਨੂੰ ਚਾਰ ਵਿਅਕਤੀ ਮ੍ਰਿਤਕ ਪਾਏ ਗਏ। ਸੁਪਰਡੈਂਟ ਟੈੱਡ ਡੀ ਜੈਗਰ ਨੇ ਆਖਿਆ ਕਿ ਇੱਕ ਵਿਅਕਤੀ ਨੇ ਸਿਟੀ ਪੁਲਿਸ ਹੈੱਡਕੁਆਰਟਰ ਵਿੱਚ ਆਤਮਸਮਰਪਨ ਕਰ ਦਿੱਤਾ ਤੇ ਪੁਲਿਸ ਅਧਿਕਾਰੀ ਉਸ ਦੀ ਕਾਰ ਦੀ ਭਾਲ ਕਰ ਰਹੇ ਹਨ। ਉਨ੍ਹਾਂ ਨਿਊਜ਼ ਕਾਨਫਰੰਸ ਵਿੱਚ ਦੱਸਿਆ ਕਿ ਅਸੀਂ ਅਜੇ ਵੀ ਇਸ ਸਾਰੇ ਘਟਨਾਕ੍ਰਮ ਦਾ ਕਾਰਨ ਲੱਭਣ ਦੀ ਕੋਸਿ਼ਸ਼ ਕਰ ਰਹੇ ਹਾਂ।

ਉਨ੍ਹਾਂ ਆਖਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਤਾਂ ਇਹੋ ਸੰਕੇਤ ਮਿਲ ਰਹੇ ਹਨ ਕਿ ਇਨ੍ਹਾਂ ਚਾਰਾਂ ਵਿਅਕਤੀਆਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ। ਡੀ ਜੈਗਰ ਨੇ ਆਖਿਆ ਕਿ ਮਾਊਂਟੀਜ਼ ਨੂੰ ਸਵੇਰੇ 10:30 ਵਜੇ ਡਾਊਨਟਾਊਨ ਵਿੱਚ ਗੋਲੀ ਚੱਲਣ ਦੀ ਜਾਣਕਾਰੀ ਫੋਨ ਉੱਤੇ ਦਿੱਤੀ ਗਈ। ਇਸ ਤੋਂ ਇੱਕ ਘੰਟੇ ਬਾਅਦ ਮਸ਼ਕੂਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦਾ ਪਤਾ ਲੱਗਣ ਉੱਤੇ 30 ਤੋਂ ਵੱਧ ਪੁਲਿਸ ਅਧਿਕਾਰੀਆਂ ਨੂੰ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਭੇਜਿਆ ਗਿਆ।

ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਦੀ ਲਾਸ਼ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਮਿਲੀ ਤੇ ਬਾਕੀ ਤਿੰਨ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਮ੍ਰਿਤਕ ਪਾਏ ਗਏ। ਪੁਲਿਸ ਨੇ ਮ੍ਰਿਤਕਾਂ ਸਬੰਧੀ ਕੋਈ ਜਾਣਕਾਰੀ ਹਾਲ ਦੀ ਘੜੀ ਜਨਤਕ ਨਹੀਂ ਕੀਤੀ ਹੈ। ਪੁਲਿਸ ਮੁਤਾਬਕ ਇਸ ਮਾਮਲੇ 'ਚ ਇੱਕ 60 ਸਾਲਾ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਜਦਕਿ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਚੋਂ ਬਾਕੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਨਿਊਜ਼ੀਲੈਂਡ ‘ਚ ਵੀ ਇਕ ਘਟਨਾ ਸਾਹਮਣੇ ਆਈ ਸੀ ਜਿਸ ਵਿਚ ਇਕ ਵਿਅਕਤੀ ਵਲੋਂ ਮਸਜਿਦ 'ਚ ਵੜਕੇ 50 ਲੋਂਕਾਂ ਨੂੰ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।