ਕੋਰੋਨਾ ਤੋਂ ਦੁਨੀਆਂ ਨੂੰ ਬਚਾਉਣ ਲਈ ਇਹ ਮੁਟਿਆਰ ਲਗਾਵੇਗੀ ਜਾਨ ਦੀ ਬਾਜ਼ੀ!

ਏਜੰਸੀ

ਖ਼ਬਰਾਂ, ਕੌਮਾਂਤਰੀ

22 ਸਾਲ ਦੀ ਇਕ ਵਿਗਿਆਨੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਟੀਕੇ ‘ਤੇ ਖੋਜ ਲਈ ਉਹ ਖੁਦ ਨੂੰ ਕੋਰੋਨਾ ਕਰਵਾਉਣ ਲਈ ਤਿਆਰ ਹੈ।

Sophie Rose

ਨਵੀਂ ਦਿੱਲੀ: 22 ਸਾਲ ਦੀ ਇਕ ਵਿਗਿਆਨੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਟੀਕੇ ‘ਤੇ ਖੋਜ ਲਈ ਉਹ ਖੁਦ ਨੂੰ ਕੋਰੋਨਾ ਕਰਵਾਉਣ ਲਈ ਤਿਆਰ ਹੈ। ਸੋਫ਼ੀ ਰੋਜ਼ ਨਾਂਅ ਦੀ ਲੜਕੀ ਦਾ ਕਹਿਣਾ ਹੈ ਕਿ ਉਹ ਕੋਰੋਨਾ ਵਾਇਰਸ ਦਾ ਇਲਾਜ ਲੱਭਣ ਲਈ ਅਪਣੀ ਮੌਤ ਦਾ ਛੋਟਾ ਜਿਹਾ ਖਤਰਾ ਲੈ ਸਕਦੀ ਹੈ। ਦੱਸ ਦਈਏ ਕਿ ਸੋਫ਼ੀ ਆਸਟ੍ਰੇਲੀਆ ਦੇ ਬ੍ਰਿਸਬੇਨ ਦੀ ਰਹਿਣ ਵਾਲੀ ਹੈ।

ਉਹਨਾਂ ਦਾ ਕਹਿਣਾ ਹੈ ਕਿ ਟੀਕਾ ਮਿਲਣ ਨਾਲ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ, ਇਸ ਲਈ ਉਹ ਖਤਰਾ ਚੁੱਕਣ ਲਈ ਤਿਆਰ ਹੈ। ਸੋਫ਼ੀ ਨੇ ਕੋਰੋਨਾ ਟੀਕੇ ਦੀ ਖੋਜ ਵਿਚ ਤੇਜ਼ੀ ਲਿਆਉਣ ਲਈ 1DaySooner ਨਾਂਅ ਦੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਉਹ ਵੱਖ-ਵੱਖ ਦੇਸ਼ਾਂ ਨੂੰ ਅਪੀਲ ਕਰ ਰਹੀ ਹੈ ਕਿ ਜਲਦੀ ਟੀਕਾ ਤਿਆਰ ਕਰਨ ਲਈ ਮਨੁੱਖੀ ਪਰੀਖਣ ਸ਼ੁਰੂ ਕੀਤਾ ਜਾਵੇ। ਮਨੁੱਖੀ ਪਰੀਖਣ ਦੌਰਾਨ ਟੀਕਾ ਲਗਵਾਉਣ ਵਾਲੇ ਵਲੰਟੀਅਰਜ਼ ਨੂੰ ਜਾਣਬੁੱਝ ਕੇ ਸੰਕਰਮਿਤ ਵੀ ਕੀਤਾ ਜਾਂਦਾ ਹੈ।

ਸਟੈਂਫੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਟ ਸੋਫ਼ੀ ਦਾ ਕਹਿਣਾ ਹੈ ਕਿ ਜੇਕਰ ਇਲਾਜ ਲੱਭਣ ਦੀ ਸੰਭਾਵਨਾ ਹੈ ਤਾਂ ਉਹ ਅਪਣਾ ਸਰੀਰ ਸੌਂਪਣ ਲਈ ਤਿਆਰ ਹੈ। ਉਹਨਾਂ ਨੇ ਕਿਹਾ ਕਿ ਇਕ ਦਿਨ ਉਹ ਸੋਚ ਰਹੀ ਸੀ ਕਿ ਉਹ ਅਪਣੇ ਦੋਸਤ ਨੂੰ ਕਿਡਨੀ ਦਾਨ ਕਰੇਗੀ ਪਰ ਫਿਰ ਖਿਆਲ ਆਇਆ ਕਿ ਜੇਕਰ ਉਹ ਕੋਰੋਨਾ ਦੇ ਮਨੁੱਖੀ ਪਰੀਖਣ ਵਿਚ ਸ਼ਾਮਲ ਹੁੰਦੀ ਹੈ ਤਾਂ ਲੱਖਾਂ ਲੋਕਾਂ ਨੂੰ ਫਾਇਦਾ ਮਿਲੇਗਾ।

ਸੋਫ਼ੀ ਨੇ ਕਿਹਾ ਕਿ ਦੁਨੀਆਂ ਦੇ ਕਈ ਦੇਸ਼ਾਂ ਵਿਚ ਕੋਰੋਨਾ ਦਾ ਅਸਰ ਹੋ ਰਿਹਾ ਹੈ। ਆਰਥਕ ਬਰਬਾਦੀ ਹੋ ਰਹੀ ਹੈ ਅਤੇ ਲੱਖਾਂ ਲੋਕ ਮਰ ਰਹੇ ਹਨ ਜਾਂ ਬਿਮਾਰ ਹਨ। ਸੋਫ਼ੀ ਦਾ ਕਹਿਣਾ ਹੈ ਕਿ ਜੇਕਰ ਟੀਕੇ ਦੇ ਪਰੀਖਣ ਤੋਂ ਪਤਾ ਚੱਲਦਾ ਹੈ ਕਿ ਇਹ ਸਿਰਫ਼ ਨੌਜਵਾਨਾਂ ਲਈ ਪ੍ਰਭਾਵਸ਼ਾਲੀ ਹੋਵੇਗਾ ਤਾਂ ਵੀ ਫਾਇਦਾ ਹੋਵੇਗਾ। ਨੌਜਵਾਨ ਅਰਾਮ ਨਾਲ ਕੰਮ ‘ਤੇ ਜਾ ਸਕਣਗੇ ਅਤੇ ਅਰਥਵਿਵਸਥਾ ਬਿਹਤਰ ਹੋ ਸਕੇਗੀ।

ਦੱਸ ਦਈਏ ਕਿ ਸੋਫ਼ੀ ਆਕਸਫੋਰਡ ਯੂਨੀਵਰਸਿਟੀ ਵਿਚ ਕਲੀਨੀਕਲ ਕੈਂਸਰ ਖੋਜ ਦਾ ਕੰਮ ਕਰ ਰਹੀ ਸੀ ਪਰ ਮਈ ਵਿਚ 1DaySooner ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੇ ਖੋਜ ਦਾ ਕੰਮ ਛੱਡ ਦਿੱਤਾ। ਹੁਣ ਤੱ 1DaySooner ਮੁਹਿੰਮ ਨਾਲ 151 ਦੇਸ਼ਾਂ ਦੇ 33 ਹਜ਼ਾਰ ਵਲੰਟੀਅਰਜ਼ ਮਨੁੱਖੀ ਪਰੀਖਣ ਵਿਚ ਸ਼ਾਮਲ ਹੋਣ ਲਈ ਅਪਣਾ ਨਾਮ ਦੇ ਚੁੱਕੇ ਹਨ।