ਵਿਗਿਆਨੀਆਂ ਨੇ ਬਣਾਈ ਬਿਨਾਂ ਨੇ ਧੂੰਏ ਵਾਲੀ ਅੱਗ,ਪਾਣੀ 'ਤੇ ਫੈਲੇ ਤੇਲ ਨੂੰ ਕਰੇਗੀ ਸਾਫ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਦਕੇ ਜਾਈਏ, ਉਨ੍ਹਾਂ ਵਿਗਿਆਨੀਆਂ ਦੇ ਜਿਹੜੇ ਨਿੱਤ ਦਿਨ ਨਵੀਂ ਤੋਂ ਨਵੀਂ ਖੋਜ ਕਰ ਰਹੇ ਨੇ।

file photo

ਸਦਕੇ ਜਾਈਏ, ਉਨ੍ਹਾਂ ਵਿਗਿਆਨੀਆਂ ਦੇ ਜਿਹੜੇ ਨਿੱਤ ਦਿਨ ਨਵੀਂ ਤੋਂ ਨਵੀਂ ਖੋਜ ਕਰ ਰਹੇ ਨੇ। ਅੱਜ ਵਿਗਿਆਨੀਆਂ ਦੀਆਂ ਖੋਜਾਂ ਸਦਕਾ ਹੀ ਮਨੁੱਖ ਦਾ ਜੀਵਨ ਇੰਨਾ ਆਸਾਨ ਹੋ ਸਕਿਆ।

ਹੁਣ ਵਿਸ਼ਵ ਭਰ ਦੇ ਜ਼ਿਆਦਾਤਰ ਵਿਗਿਆਨੀ ਵਾਤਾਵਰਣ ਪੱਖੀ ਖੋਜਾਂ ਕਰਨ ਵਿਚ ਲੱਗੇ ਹੋਏ ਨੇ। ਅਜਿਹੀ ਹੀ ਇਕ ਖੋਜ ਵਿਚ ਵਿਗਿਆਨੀਆਂ ਨੂੰ ਸਫ਼ਲਤਾ ਮਿਲੀ  ਹੈ ਜੋ ਆਉਣ ਵਾਲੇ ਸਮੇਂ ਵਿਚ ਕਾਫ਼ੀ ਕਾਰਗਰ ਸਾਬਤ ਹੋਵੇਗੀ। ਕੀ ਹੈ ਇਹ ਖੋਜ ਆਓ ਤੁਹਾਨੂੰ ਦੱਸਦੇ ਆਂ।

ਸਮੁੰਦਰੀ ਯਾਤਰਾ ਦੌਰਾਨ ਵਾਪਰਨ ਵਾਲੇ ਹਾਦਸੇ ਲਗਾਤਾਰ ਵਧਦੇ ਜਾ ਰਹੇ ਨੇ, ਜਿਨ੍ਹਾਂ ਵਿਚ ਜਹਾਜ਼ਾਂ 'ਚੋਂ ਵੱਡੇ ਪੱਧਰ 'ਤੇ ਤੇਲ ਲੀਕ ਹੋਣ ਦੇ ਹਾਦਸੇ ਵੀ ਸ਼ਾਮਲ ਨੇ, ਇਨ੍ਹਾਂ ਨਾਲ ਸਮੁੰਦਰ ਵਿਚ ਦੂਰ-ਦੂਰ ਤਕ ਤੇਲ ਫੈਲ ਜਾਂਦਾ, ਜਿਸ ਨਾਲ ਵਾਤਾਵਰਣ ਨੂੰ ਬਹੁਤ ਨੁਕਸਾਨ ਪਹੁੰਚਿਆ।

ਕੁੱਝ ਸਾਲ ਪਹਿਲਾਂ ਖੋਜਕਰਤਾ ਨੇ ਅਜਿਹੇ ਹਾਲਾਤ ਵਿਚ ਫੈਲਣ ਵਾਲੇ ਤੇਲ ਨੂੰ ਸਾਫ਼ ਕਰਨ ਲਈ ਕਾਰਗਰ ਤਰੀਕੇ ਖੋਜਣ ਦੌਰਾਨ ਇਕ ਪ੍ਰਕਿਰਿਆ ਕਰ ਰਹੇ ਸਨ, ਜਿਸ ਨਾਲ ਇਕ ਅਜਿਹੀ ਅੱਗ ਪੈਦਾ ਹੋਈ, ਜਿਸ ਨਾਲ ਤੇਲ ਤਾਂ ਜਲਦਾ ਸੀ ਪਰ ਉਸ ਤੋਂ ਕਾਲਾ ਧੂੰਆਂ ਨਹੀਂ ਸੀ ਨਿਕਲਦਾ।

ਉਸ ਸਮੇਂ ਭਾਵੇਂ ਕਿ ਇਹ ਇਕ ਸੰਯੋਗ ਸੀ ਪਰ ਹੁਣ ਖੋਜਕਰਤਾਵਾਂ ਨੇ ਇਸ 'ਤੇ ਖੋਜ ਕਰਕੇ ਉਵੇਂ ਦੀ ਅੱਗ ਪੈਦਾ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਬਲੂ ਵਰਲ ਫਲੇਮ ਨਾਂਅ ਦੀ ਇਹ ਪ੍ਰਕਿਰਿਆ ਬਿਨਾਂ ਕਾਲਾ ਧੂੰਆਂ ਕੱਢੇ ਅਪਣੇ ਸਾਹਮਣੇ ਆਉਣ ਵਾਲੇ ਸਾਰੇ ਤੇਲ ਨੂੰ ਜਲਾ ਦਿੰਦੀ ਹੈ।

ਨਿਊ ਸਾਇੰਸਜ਼ ਦੀ ਰਿਪੋਰਟ ਮੁਤਾਬਕ ਇਹ ਪ੍ਰਕਿਰਿਆ ਪਹਿਲੀ ਵਾਰ ਸਾਲ 2016 ਵਿਚ ਹੋਈ ਸੀ। ਉਸ ਸਮੇਂ ਖੋਜਕਰਤਾਵਾਂ ਖੋਜਕਰਤਾ ਇਕ ਬੰਦ ਉਪਕਰਨ ਵਿਚ ਪਾਣੀ ਵਿਚ ਤੈਰਨ ਵਾਲੇ ਤਰਲ ਈਂਧਣ ਨੂੰ ਜਲਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਨਾਲ ਅੰਦਰ ਆਉਣ ਵਾਲੀ ਹਵਾ ਤੋਂ ਭੰਵਰ ਜਿਆ ਬਣ ਸਕੇ। ਇਸ ਤੋਂ ਬਾਅਦ ਅੱਗ ਦਾ ਇਕ ਭੰਵਰ ਬਣਿਆ ਜੋ ਕੁੱਝ ਸੈਂਟੀਮੀਟਰ ਲੰਬੀ ਘੁੰਮਦੀ ਹੋਈ ਨੀਲੀ ਜਵਾਲਾ ਵਿਚ ਬਦਲ ਗਿਆ।

ਇਸ ਜਵਾਲਾ ਦੇ ਰੰਗ ਤੋਂ ਸਾਫ਼ ਜ਼ਾਹਿਰ ਹੁੰਦਾ ਕਿ ਅੱਗ ਤੋਂ ਕੋਈ ਕਾਲਾ ਧੂੰਆਂ ਨਹੀਂ ਨਿਕਲਦਾ। ਇਸ ਤੋਂ ਵਿਗਿਆਨੀਆਂ ਨੂੰ ਇਹ ਆਸ ਪੈਦਾ ਹੋਈ ਕਿ ਇਸ ਤਰ੍ਹਾਂ ਦੀ ਅੱਗ ਨੂੰ ਸਮੁੰਦਰ ਵਿਚ ਫੈਲੇ ਤੇਲ ਨੂੰ ਸਾਫ਼ ਤਰੀਕੇ ਨਾਲ ਜਲਾਉਣ ਲਈ ਵਰਤਿਆ ਜਾ ਸਕਦਾ ਅਤੇ ਇਸ ਨਾਲ ਵਾਤਾਵਰਣ ਨੂੰ ਕੋਈ ਨੁਕਸਾਨ ਵੀ ਨਹੀਂ ਪੁੱਜੇਗਾ ਕਿਉਂਕਿ ਸਮੁੰਦਰ ਵਿਚ ਤੇਲ ਲੀਕੇਜ਼ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ।

ਪਿਛਲੇ ਕੁੱਝ ਸਮੇਂ ਦੌਰਾਨ ਅਜਿਹੀਆਂ ਘਟਨਾਵਾਂ ਵਿਚ ਲੱਖਾਂ ਟਨ ਤੇਲ ਸਮੁੰਦਰ ਵਿਚ ਵਹਿ ਚੁੱਕਿਆ, ਜਿਸ ਨਾਲ ਸਮੁੰਦਰੀ ਜੀਵਾਂ ਨੂੰ ਵੱਡਾ ਨੁਕਸਾਨ ਹੋਇਆ। ਨਿਊ ਸਾਇੰਸਿਟ ਦੀ ਰਿਪੋਰਟ ਮੁਤਾਬਕ ਮੈਰੀਲੈਂਡ ਯੂਨੀਵਰਸਿਟੀ ਦੇ ਜੋਸੇਫ ਚੁੰਗ ਅਤੇ ਜਿਆਓ ਝਾਂਗ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਕ ਕੰਪਿਊਟਰ ਸਿਮੀਲਿਊਸ਼ਨ ਬਣਾਇਆ ਜੋ ਮੂਲ ਨੀਲੇ ਭੰਵਰ ਦੀ ਜਵਾਲਾ ਪੈਦਾ ਕਰਦੈ।

ਖੋਜਕਰਤਾਵਾਂ ਨੇ ਪਾਇਆ ਕਿ ਨੀਲਾ ਭੰਵਰ ਅਸਲ ਵਿਚ ਤਿੰਨ ਵੱਖ-ਵੱਖ ਕਿਸਮ ਦੀਆਂ ਜਵਾਲਾਵਾਂ ਦੇ ਮਿਲਣ ਨਾਲ ਬਣਦੈ, ਜਿਸ ਵਿਚ ਬਾਹਰੀ ਜਵਾਲਾ ਵਿਚ ਈਂਧਣ ਦੇ ਮੁਕਾਬਲੇ ਆਕਸੀਜ਼ਨ ਜ਼ਿਆਦਾ ਹੁੰਦੀ ਐ ਅਤੇ ਦੋ ਅੰਦਰੂਨੀ ਜਵਾਲਾ ਵਿਚ ਈਂਧਣ ਆਕਸੀਜ਼ਨ ਦੇ ਮੁਕਾਬਲੇ ਜ਼ਿਆਦਾ ਹੁੰਦੈ। ਆਓ ਹੁਣ ਤੁਹਾਨੂੰ ਦੱਸਦੇ ਆਂ ਕਿ ਕਿਉਂ ਅਹਿਮ ਮੰਨਿਆ ਜਾ ਰਿਹਾ ਇਹ ਅਧਿਐਨ

ਖੋਜਕਰਤਾਵਾਂ ਦਾ ਮੰਨਣਾ ਕਿ ਜੇਕਰ ਇਸ ਪ੍ਰਕਿਰਿਆ ਨੂੰ ਸਰਲ ਤਰੀਕੇ ਨਾਲ ਲਾਗੂ ਕਰਨ ਵਿਚ ਸਫ਼ਲਤਾ ਮਿਲਦੀ ਹੈ ਤਾਂ ਇਹ ਪ੍ਰਦੂਸ਼ਣ ਕੰਟਰੋਲ ਦੀ ਦਿਸ਼ਾ ਵਿਚ ਬਹੁਤ ਹੀ ਵੱਡਾ ਕਦਮ ਸਾਬਤ ਹੋ ਸਕਦਾ। ਨਾਲ ਹੀ ਇਹ ਪ੍ਰਕਿਰਿਆ ਕਾਰਬਨ ਉਤਸਰਜਨ ਘੱਟ ਕਰਨ ਵਿਚ ਵੀ ਬਹੁਤ ਕਾਰਗਰ ਸਾਬਤ ਹੋ ਸਕਦੀ ਹੈ।

 ਇਸ ਤਰ੍ਹਾਂ ਦੀ ਅੱਗ ਨਾਲ ਸਮੁੰਦਰ ਵਿਚ ਫੈਲੇ ਤੇਲ ਨੂੰ ਆਸਾਨੀ ਨਾਲ ਸਾਫ਼ ਕੀਤਾ ਜਾ ਸਕੇਗਾ ਅਤੇ ਇਸ ਨਾਲ ਵਾਤਾਵਰਣ ਨੂੰ ਵੀ ਕੋਈ ਨੁਕਸਾਨ ਨਹੀਂ ਪੁੱਜੇਗਾ ਕਿਉਂਕਿ ਇਸ ਅੱਗ ਨਾਲ ਕਿਸੇ ਤਰ੍ਹਾਂ ਦਾ ਧੂੰਆਂ ਪੈਦਾ ਨਹੀਂ ਹੁੰਦਾ ਅਤੇ ਨਾ ਹੀ ਇਸ ਦੀ ਕੋਈ ਕਾਲਖ਼ ਹੁੰਦੀ ਹੈ।