Sikkim: CM ਬੋਲੇ- ਜਾਤੀ ਭਾਈਚਾਰਿਆਂ ਦੀ ਆਬਾਦੀ ਘੱਟ ਰਹੀ ਹੈ, ਵੱਧ ਬੱਚੇ ਪੈਦਾ ਕਰੋ ਅਤੇ ਤਨਖ਼ਾਹ ਵਿਚ ਵਾਧਾ ਪਾਓ
ਸਰਕਾਰ ਨੇ ਪਹਿਲਾਂ ਹੀ ਸੇਵਾ ’ਚ 365 ਦਿਨਾਂ ਦੀ ਜਣੇਪਾ ਛੁੱਟੀ ਅਤੇ ਪੁਰਸ਼ ਕਰਮਚਾਰੀਆਂ ਨੂੰ 30 ਦਿਨਾਂ ਦੀ ਪੇਟਰਨਿਟੀ ਲੀਵ ਦਿੱਤੀ ਜਾ ਚੁੱਕੀ ਹੈ।
ਗੰਗਟੋਕ - ਸਿੱਕਮ 'ਚ ਸਰਕਾਰ ਜ਼ਿਆਦਾ ਬੱਚੇ ਪੈਦਾ ਕਰਨ ਵਾਲਿਆਂ ਨੂੰ ਤੋਹਫ਼ਾ ਦੇਣ ਦੀ ਤਿਆਰੀ ਕਰ ਰਹੀ ਹੈ। (Sikkim CM ) ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਵੱਧ ਬੱਚੇ ਪੈਦਾ ਕਰਨ ਨੂੰ ਲੈ ਕੇ ਜਾਤੀ ਭਾਈਚਾਰਿਆਂ ਦੇ ਲੋਕਾਂ ਲਈ ਵੱਖ-ਵੱਖ ਪ੍ਰੋਤਸਾਹਨ ਦੇਣ ਦਾ ਐਲਾਨ ਕੀਤਾ ਹੈ। ਤਮਾਂਗ ਨੇ ਕਿਹਾ ਕਿ ਸਾਨੂੰ ਔਰਤਾਂ ਸਮੇਤ ਸਥਾਨਕ ਲੋਕਾਂ ਨੂੰ ਵੱਧ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰ ਕੇ ਘੱਟ ਹੁੰਦੀ ਪ੍ਰਜਣਨ ਦਰ ਨੂੰ ਰੋਕਣ ਦੀ ਲੋੜ ਹੈ।
ਸਿੱਕਮ ਭਾਰਤ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਨੇ ਇਸ ਤਰ੍ਹਾਂ ਦੀ ਯੋਜਨਾ ਲਾਗੂ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਿੱਕਮ ਦੇ ਹਸਪਤਾਲਾਂ ’ਚ ਆਈ.ਵੀ.ਐੱਫ. (ਇਨ ਵਿਟਰੋ ਫਰਟੀਲਾਈਜ਼ੇਸ਼ਨ) ਸਹੂਲਤ ਸ਼ੁਰੂ ਕੀਤੀ ਹੈ ਤਾਂ ਕਿ ਕੁਦਰਤੀ ਤੌਰ ’ਤੇ ਗਰਭ ਧਾਰਨ ਵਿਚ ਸਮੱਸਿਆ ਹੋਣ ’ਤੇ ਔਰਤਾਂ ਨੂੰ ਇਸ ਦੇ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਰਾਹੀਂ ਬੱਚੇ ਪੈਦਾ ਕਰਨ ਵਾਲੀਆਂ ਸਾਰੀਆਂ ਮਾਵਾਂ ਨੂੰ 3 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ।
(Sikkim CM) ਮੁੱਖ ਮੰਤਰੀ ਨੇ ਕਿਹਾ ਕਿ ਆਈ. ਵੀ. ਐੱਫ. ਸਹੂਲਤ ਨਾਲ ਹੁਣ ਤੱਕ 38 ਔਰਤਾਂ ਗਰਭਧਾਰਨ ਕਰ ਚੁੱਕੀਆਂ ਹਨ ਅਤੇ ਉਨ੍ਹਾਂ ਵਿਚੋਂ ਕੁਝ ਮਾਂ ਵੀ ਬਣ ਚੁੱਕੀਆਂ ਹਨ। ਤਮਾਂਗ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਹੀ ਸੇਵਾ ’ਚ 365 ਦਿਨਾਂ ਦੀ ਜਣੇਪਾ ਛੁੱਟੀ ਅਤੇ ਪੁਰਸ਼ ਕਰਮਚਾਰੀਆਂ ਨੂੰ 30 ਦਿਨਾਂ ਦੀ ਪੇਟਰਨਿਟੀ ਲੀਵ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਮਹਿਲਾ ਮੁਲਾਜ਼ਮਾਂ ਨੂੰ ਦੂਜਾ ਬੱਚਾ ਹੋਣ ’ਤੇ ਇਕ ਤਨਖਾਹ ਵਾਧਾ ਅਤੇ ਤੀਜਾ ਬੱਚਾ ਹੋਣ ’ਤੇ 2 ਤਨਖਾਹ ਵਾਧਾ ਦੇਣ ਦੀ ਤਜਵੀਜ਼ ਰੱਖੀ ਹੈ। ਦੱਸ ਦਈਏ ਕਿ ਮੌਜੂਦਾ ਸਮੇਂ ਵਿਚ ਸਿੱਕਮ ਦੀ ਅਨੁਮਾਨਿਤ ਆਬਾਦੀ 7 ਲੱਖ ਤੋਂ ਘੱਟ ਹੈ, ਜਿਸ ਵਿਚ ਲਗਭਗ 80 ਫ਼ੀਸਦੀ ਜਾਤੀ ਭਾਈਚਾਰੇ ਦੇ ਲੋਕ ਸ਼ਾਮਲ ਹਨ।