ਅਮਰੀਕਾ 'ਚ ਭਿਆਨਕ ਠੰਡ ਕਾਰਨ 21 ਲੋਕਾਂ ਦੀ ਮੌਤ, ਤੂਫਾਨ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ 

ਏਜੰਸੀ

ਖ਼ਬਰਾਂ, ਕੌਮਾਂਤਰੀ

ਬਰਫਬਾਰੀ ਕਾਰਨ ਕਈ ਇਲਾਕਿਆਂ ਵਿਚ ਸਕੂਲ ਬੰਦ ਕੀਤੇ

Us Snow Storm

ਟੈਕਸਾਸ: ਅਮਰੀਕਾ ਵਿਚ ਬਰਫੀਲੇ ਤੂਫਾਨ ਬਾਅਦ ਵਧੀ ਠੰਡ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਭਿਆਨਕ ਠੰਡ ਕਾਰਨ ਹੁਣ ਤਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੂਫਾਨ ਕਾਰਨ ਪਾਵਰ ਗਰਿੱਡਾਂ ਨੂੰ ਪਹੁੰਚੇ ਨੁਕਸਾਨ ਕਾਰਨ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਸਪਲਾਈ ਸੇਵਾ ਠੱਪ ਹੋਣ ਕਾਰਨ ਲੱਖਾਂ ਲੋਕ ਟੈਕਸਾਸ ਅਤੇ ਹੋਰ ਇਲਾਕਿਆਂ ਵਿਚ ਫਸੇ ਹੋਏ ਹਨ। ਪਾਵਰ ਗਰਿੱਡਾਂ ਦੇ ਤੂਫਾਨ ਦੀ ਮਾਰ ਹੇਠ ਆਉਣ ਕਾਰਨ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਵਿਚ ਵਿਘਣ ਪੈ ਗਿਆ ਹੈ।

ਬੀਤੇ ਦਿਨੀਂ ਰਾਸ਼ਟਰਪਤੀ ਜੋਅ ਬਾਈਡੇਨ ਨੇ ਬਿਆਨ ਜਾਰੀ ਕਰਦਿਆਂ ਟੈਕਸਾਸ ਵਿਚ ਖਰਾਬ ਮੌਸਮ ਨੂੰ ਦੇਖਦੇ ਹੋਏ ਐਮਰਜੈਂਸੀ ਸਥਿਤੀ ਦੀ ਘੋਸ਼ਣਾ ਕੀਤੀ ਅਤੇ ਰਾਜ ਨੂੰ ਮਦਦ ਕਰਨ ਦਾ ਆਦੇਸ਼ ਪਾਸ ਕੀਤਾ। ਰਾਸ਼ਟਰਪਤੀ ਦੇ ਆਦੇਸ਼ ਦੇ ਬਾਅਦ ਜੰਗੀ ਪੱਧਰ 'ਤੇ ਆਫਤ ਰਾਹਤ ਕੰਮ ਸਹਾਇਤਾ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। 

ਮੌਸਸ ਵਿਭਾਗ ਮੁਤਾਬਕ ਸ਼ਿਕਾਗੋ ਵਿਚ ਡੇਢ ਫੁੱਟ (46 ਸੈਂਟੀਮੀਟਰ) ਬਰਫ ਡਿੱਗੀ ਹੈ ਜਿਸ ਕਾਰਨ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਟੈਕਸਾਸ ਵਿਚ ਜਨਤਾ ਨੂੰ ਕਿਹਾ ਗਿਆ ਹੈ ਕਿ ਉਹ ਘੱਟੋ-ਘੱਟ ਬਿਜਲੀ ਦੀ ਵਰਤੋਂ ਕਰਨ। ਬਿਜਲੀ ਸੇਵਾ ਠੱਪ ਹੋਣ ਕਾਰਨ ਸਭ ਤੋਂ ਵੱਧ ਟੈਕਸਾਸ ਦੇ 40 ਲੱਖ ਤੋਂ ਵੱਧ ਘਰ ਅਤੇ ਕਾਰੋਬਾਰ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।

ਮੈਕਸੀਕੋ ਵਿਚ 40 ਲੱਖ ਲੋਕ ਪ੍ਰਭਾਵਿਤ ਹੋਏ ਹਨ। ਐਪਾਲਾਚੀਆ ਵਿਚ 2,50,000 ਲੋਕ ਪਾਵਰ ਕੱਟ ਨਾਲ ਪ੍ਰਭਾਵਿਤ ਹਨ। ਓਰੇਗਨ ਵਿਚ ਵੀ 2,50,000 ਲੋਕ ਪ੍ਰਭਾਵਿਤ ਹੋਏ ਹਨ। 

ਟੈਕਸਾਸ ਦੇ ਅਧਿਕਾਰੀਆਂ ਨੇ ਸੰਘੀ ਐਮਰਜੈਂਸੀ ਪ੍ਰਬੰਧਨ ਏਜੰਸੀ ਤੋਂ 60 ਜੈਨਰੇਟਰ ਉਪਲਬਧ ਕਰਾਉਣ ਦੀ ਅਪੀਲ ਕੀਤੀ ਅਤੇ ਹਸਪਤਾਲਾਂ ਅਤੇ ਨਰਸਿੰਗ ਹੋਮ ਨੂੰ ਤਰਜੀਹ ਦੇਣ ਦੀ ਯੋਜਨਾ ਬਣਾਈ ਗਈ। ਸਥਾਨਕ ਪ੍ਰਸ਼ਾਸਨ ਵਲੋਂ ਹਜ਼ਾਰ ਤੋਂ ਵਧੇਰੇ ਲੋਕਾਂ ਲਈ ਆਸਰਾ ਘਰ ਖੋਲ੍ਹੇ ਗਏ ਹਨ ਅਤੇ ਲੋਕਾਂ ਲਈ ਹੋਰ ਬੰਦੋਬਸਤ ਵੀ ਕੀਤੇ ਜਾ ਰਹੇ ਹਨ।