ਇੰਗਲੈਂਡ ਨੇ ਪੋਸਟ ਸਟੱਡੀ ਵੀਜ਼ਾ 'ਚ ਕੀਤਾ ਬਦਲਾਅ, ਭਾਰਤੀ ਵਿਦਿਆਰਥੀਆਂ ਨੂੰ ਮਿਲੇਗਾ ਲਾਭ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੜ੍ਹਾਈ ਪੂਰੀ ਕਰਨ ਮਗਰੋਂ 6 ਮਹੀਨੇ ਨੌਕਰੀ ਕਰ ਸਕਣਗੇ ਵਿਦਿਆਰਥੀ

England visa

ਲੰਡਨ : ਬ੍ਰਿਟੇਨ ਸਰਕਾਰ ਨੇ ਬ੍ਰੈਗਜ਼ਿਟ ਤੋਂ ਬਾਅਦ ਨਿਯਮਾਂ 'ਚ ਬਦਲਾਅ ਕਰਦਿਆਂ ਨਵੀਂ ਕੌਮਾਂਤਰੀ ਸਿੱਖਿਆ ਨੀਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਸਿੱਖਿਆ ਤੋਂ ਬਾਅਦ ਵੀਜ਼ਾ ਨਿਯਮਾਂ 'ਚ ਸੁਧਾਰ ਹੋਵੇਗਾ ਅਤੇ ਭਾਰਤੀ ਵਿਦਿਆਰਥੀਆਂ ਨੂੰ ਇਸ ਦਾ ਲਾਭ ਮਿਲੇਗਾ। ਇਸ ਰਣਨੀਤੀ ਦਾ ਟੀਚਾ ਬ੍ਰਿਟੇਨ 'ਚ ਉੱਚ ਸਿੱਖਿਆ ਪ੍ਰਣਾਲੀ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧਾਉਣਾ ਹੈ।

ਨਵੇਂ ਨਿਯਮ ਦੇ ਲਾਗੂ ਹੋਣ 'ਤੇ ਗ੍ਰੈਜੂਏਟ ਤੇ ਮਾਸਟਰਜ਼ ਦੇ ਵਿਦਿਆਰਥੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 6 ਮਹੀਨੇ ਤਕ ਇੱਥੇ ਨੌਕਰੀ ਵੀ ਕਰ ਸਕਦੇ ਹਨ। ਪੜ੍ਹਾਈ ਖ਼ਤਮ ਹੋਣ ਤੋਂ ਪਹਿਲਾਂ ਦੇ ਤਿੰਨ ਮਹੀਨਿਆਂ 'ਚ ਜੇ ਉਨ੍ਹਾਂ ਦੀ ਨੌਕਰੀ ਲੱਗ ਜਾਂਦੀ ਹੈ ਤਾਂ ਉਹ ਆਪਣੇ ਸਟੱਡੀ ਵੀਜ਼ਾ ਨੂੰ ਆਸਾਨੀ ਨਾਲ ਵਰਕ ਵੀਜ਼ਾ 'ਚ ਵੀ ਬਦਲੀ ਕਰਵਾ ਸਕਦੇ ਹਨ। ਪੀਐਚਡੀ ਦੇ ਵਿਦਿਆਰਥੀਆਂ 'ਤੇ ਵੀ ਇਹ ਨਿਯਮ ਲਾਗੂ ਹੋਣਗੇ। ਹਾਲਾਂਕਿ ਉਹ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਥੇ ਇਕ ਸਾਲ ਤਕ ਕੰਮ ਕਰ ਸਕਦੇ ਹਨ।

ਇਸ ਸਮੇਂ ਬ੍ਰਿਟੇਨ 'ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 4,60,000 ਹੈ, ਜਿਸ ਨੂੰ 2030 ਤਕ ਹਰ ਸਾਲ ਵਧਾ ਕੇ 6,00,000 ਕਰਨ ਦਾ ਟੀਚਾ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਚੀਨ ਤੋਂ ਬਾਅਦ ਸਭ ਤੋਂ ਵੱਧ ਵਿਦਿਆਰਥੀ ਭਾਰਤ ਤੋਂ ਹੀ ਬਿ੍ਟੇਨ ਆਉਂਦੇ ਹਨ। 2010-11 ਤੇ 2016-17 'ਚ ਉਨ੍ਹਾਂ ਦੀ ਗਿਣਤੀ ਅੱਧੀ ਹੋ ਗਈ ਸੀ। 2018 'ਚ ਵੀਜ਼ਾ ਲਈ ਬਿਨੈ ਦੇਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ 35 ਫ਼ੀਸਦੀ ਇਜ਼ਾਫਾ ਹੋਇਆ ਸੀ ਪਰ ਉਹ ਚੀਨ ਦੇ ਮੁਕਾਬਲੇ ਕਾਫ਼ੀ ਘੱਟ ਸੀ।