ਨਿਊਜ਼ੀਲੈਂਡ ਹਮਲਾ: 'ਇੱਕ ਦਿਨ ਪਹਿਲਾਂ ਹੀ ਪੁੱਤਰ ਨੂੰ ਕਿਹਾ ਸੀ ਭਾਰਤ ਆਜਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਸਜਿਦਾਂ ਵਿਚ ਗੋਲ਼ੀਬਾਰੀ ਦੀ ਘਟਨਾ ਦੌਰਾਨ 49 ਲੋਕ ਮਾਰੇ ਗਏ ਅਤੇ ਕਈ ਜਖ਼ਮੀ ਹੋ ਗਏ

New Zealand Attack

ਫਰਹਾਜ਼ ਅਹਿਸਾਨ
"ਮੈਂ ਪਿਛਲੀ ਰਾਤ ਹੀ ਆਪਣੇ ਪੁੱਤਰ ਨਾਲ ਗੱਲਬਾਤ ਕੀਤੀ ਸੀ ਅਤੇ ਉਸ ਨੂੰ ਭਾਰਤ ਆਉਣ ਲਈ ਕਿਹਾ ਸੀ ਕਿਉਂਕਿ ਉਸ ਨੂੰ ਮਿਲੇ ਹੋਏ ਕਾਫ਼ੀ ਸਮਾਂ ਹੋ ਗਿਆ ਸੀ। ਸਾਨੂੰ ਨਹੀਂ ਪਤਾ ਸੀ ਕਿ ਅਗਲੀ ਹੀ ਸਵੇਰ ਸਾਨੂੰ ਗੋਲੀਬਾਰੀ ਦੀ ਖ਼ਬਰ ਸੁਣਨ ਨੂੰ ਮਿਲੇਗੀ।" ਇਹ ਬੋਲ ਨਿਊਜ਼ੀਲੈਂਡ ਦੇ ਕ੍ਰਾਈਸਟ ਮਸਜਿਦ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ ਫਰਾਜ਼ ਅਹਿਸਾਨ ਦੇ ਪਿਤਾ ਸਈਦੁਦੀਨ ਦੇ ਸਨ।

ਫਰਾਜ਼ ਆਮ ਤੌਰ 'ਤੇ 2 ਸਾਲ 'ਚ ਇੱਕ ਵਾਰ ਭਾਰਤ ਆਉਂਦਾ ਸੀ। ਫਰਾਜ਼ ਨਾਲ ਨਿਊਜ਼ੀਲੈਂਡ ਵਿਚ ਰਹਿੰਦੀ ਉਸਦੀ ਪਤਨੀ ਨੇ ਆਪਣੇ ਪਤੀ ਫਰਾਜ਼ ਅਹਿਸਾਨ ਦੀ ਮੌਤ ਦੀ ਖ਼ਬਰ ਦਿੱਤੀ। ਪੱਤਰਕਾਰ ਸੰਗੀਥਮ ਪ੍ਰਭਾਕਰ ਹੈਦਰਾਬਾਦ ਵਿਚ ਰਹਿੰਦੇ ਪੀੜਤਾਂ ਦੇ ਪਰਿਵਾਰਾਂ ਦੇ ਘਰ ਗਏ ਅਤੇ ਗੱਲਬਾਤ ਕੀਤੀ। ਹੈਦਰਾਬਾਦ ਵਿਚ ਫਰਾਜ਼ ਅਹਿਸਾਨ ਦੇ ਘਰ ਵਿਚ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਆਉਣਾ-ਜਾਣਾ ਜਾਰੀ ਸੀ।

ਹਾਲਾਂਕਿ ਘਰ ਵਿਚ ਚੁੱਪੀ ਛਾਈ ਹੋਈ ਸੀ ਅਤੇ ਜੇ ਕੋਈ ਆਵਾਜ਼ ਸੁਣਾਈ ਦਿੰਦੀ ਸੀ ਤਾਂ ਉਹ ਸਿਰਫ਼ ਪੱਖੇ ਅਤੇ ਬੱਚਿਆਂ ਦੀ ਸੀ। ਫਰਾਜ਼ ਦੇ ਪਿਤਾ ਨੇ ਕਿਹਾ, "ਮੇਰੇ ਚਾਰ ਬੱਚੇ ਹਨ ਅਤੇ ਫਰਾਜ਼ ਸਭ ਤੋਂ ਛੋਟਾ ਹੈ। ਉਹ 10 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ ਅਤੇ ਉੱਥੋਂ ਦੀ ਨਾਗਰਿਕਤਾ ਵੀ ਮਿਲ ਗਈ ਸੀ। ਉਹ ਉੱਥੇ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਸੀ। ਉਹ ਪਹਿਲਾਂ ਅਕਲੈਂਡ ਵਿਚ ਰਹਿੰਦਾ ਸੀ ਅਤੇ ਛੇ ਸਾਲ ਪਹਿਲਾਂ ਕ੍ਰਾਈਸਟ ਚਰਚ ਚਲਾ ਗਿਆ ਸੀ।

ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਉੱਥੇ ਰਹਿੰਦਾ ਸੀ। ਚਾਰ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਸ ਦੀ 3 ਸਾਲ ਦੀ ਧੀ ਤੇ ਛੇ ਮਹੀਨੇ ਦਾ ਮੁੰਡਾ ਹੈ। ਉਹ ਸ਼ੁਕਰਵਾਰ ਨੂੰ ਮਸਜਿਦ ਵਿੱਚ ਗਿਆ ਸੀ। ਜਿਵੇਂ ਹੀ ਮੈਨੂੰ ਗੋਲੀਬਾਰੀ ਦੀ ਘਟਨਾ ਬਾਰੇ ਪਤਾ ਲੱਗਾ ਮੈਂ ਉਸ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਫੋਨ ਨਹੀਂ ਚੁੱਕਿਆ। ਸਾਡੇ ਲਈ ਇਹ ਸਭ ਬਰਦਾਸ਼ਤ ਕਰਨਾ ਬਹੁਤ ਔਖਾ ਹੋ ਗਿਆ ਸੀ। 

ਮੂਸਾ ਵਲੀ- ਗੁਜਰਾਤ ਦੇ ਮੂਸਾ ਵਲੀ ਪਟੇਲ ਦੀ ਵੀ ਹਸਪਤਾਲ ਵਿਚ ਮੌਤ ਹੋ ਗਈ ਹੈ। ਮੂਸਾ ਵਲੀ ਦੇ ਭਰਾ ਹਾਜੀ ਅਲੀ ਨੇ ਦੱਸਿਆ ਕਿ ਇਲਾਜ਼ ਦੌਰਾਨ ਮੂਸਾ ਦੀ ਮੌਤ ਹੋ ਗਈ। ਗੁਜਰਾਤ ਦੇ ਭਰੂਚ ਇਲਾਕੇ ਦੇ ਰਹਿਣ ਵਾਲੇ ਹਾਜੀ ਅਲੀ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਪਰਿਵਾਰ ਨਾਲ ਸ਼ੁੱਕਰਵਾਰ ਨੂੰ ਨਮਾਜ਼ ਅਦਾ ਕਰਨ ਗਿਆ ਸੀ ਜਿੱਥੇ ਉਸ ਨੂੰ ਗੋਲੀਆਂ ਲੱਗੀਆਂ।

ਨਿਊਜ਼ੀਲੈਂਡ ਮਸਜਿਦ ਵਿਚ ਹੋਈ ਗੋਲੀਬਾਰੀ ਦੌਰਾਨ ਹੈਦਰਾਬਾਦ ਦੇ ਰਹਿਣ ਵਾਲੇ ਅਹਿਮਦ ਇਕਬਾਲ ਜਹਾਂਗੀਰ ਵੀ ਜ਼ਖਮੀ ਹੋਏ ਹਨ। ਹੈਦਰਾਬਾਦ ਦੇ ਅੰਬਰਪੇਟ ਵਿਚ ਰਹਿੰਦੇ ਉਨ੍ਹਾਂ ਦੇ ਭਰਾ ਖੁਰਸ਼ੀਦ ਜਹਾਂਗੀਰ ਗੱਲਬਾਤ ਕੀਤੀ ਗਈ। "ਅਸੀਂ ਕੁੱਲ 9 ਭੈਣ-ਭਰਾ ਹਾਂ। ਇਕਬਾਲ ਸਭ ਤੋਂ ਛੋਟਾ ਹੈ। ਉਹ ਨਿਉਜ਼ੀਲੈਂਡ ਵਿਚ ਵੱਸ ਗਿਆ ਅਤੇ ਪਿਛਲੇ 15 ਸਾਲਾਂ ਤੋਂ ਪਰਿਵਾਰ ਨਾਲ ਰਹਿ ਰਿਹਾ ਹੈ।

"ਕਈ ਨੌਕਰੀਆਂ ਵਿਚ ਆਪਣੀ ਕਿਸਮਤ ਅਜ਼ਮਾਉਣ ਤੋਂ ਬਾਅਦ ਉਸ ਨੇ ਛੇ ਮਹੀਨੇ ਪਹਿਲਾਂ ਆਪਣਾ ਰੈਸਟੋਰੈਂਟ ਖੋਲ੍ਹ ਲਿਆ। ਸਾਨੂੰ ਪਤਾ ਲੱਗਿਆ ਕਿ ਗੋਲੀ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਹਾਲਾਂਕਿ ਜੋ ਗੋਲੀ ਉਸ ਨੂੰ ਲੱਗੀ ਸੀ ਉਹ ਸਰਜਰੀ ਰਾਹੀਂ ਕੱਢ ਦਿੱਤੀ ਗਈ ਸੀ। ਉਹ ਹੌਲੀ-ਹੌਲੀ ਠੀਕ ਹੋ ਰਿਹਾ ਹੈ।" ਅਹਿਮਦ ਇਕਬਾਲ ਜਹਾਂਗੀਰ ਨੇ ਸ਼ੁੱਕਰਵਾਰ ਸਵੇਰ ਹੀ ਮਾਂ ਨਾਲ ਗੱਲਬਾਤ ਕੀਤੀ ਸੀ। ਮੇਰੀ ਮਾਂ 80 ਸਾਲਾਂ ਦੀ ਹੈ।

ਅਸੀਂ ਉਨ੍ਹਾਂ ਨੂੰ ਇਸ ਗੋਲੀਬਾਰੀ ਬਾਰੇ ਨਹੀਂ ਦੱਸਿਆ ਸੀ ਕਿਉਂਕਿ ਉਹ ਇਸ ਉਮਰ ਵਿਚ ਸ਼ਾਇਦ ਇਹ ਬਰਦਾਸ਼ਤ ਨਾ ਕਰ ਸਕੇ। ਪਰ ਬਾਅਦ ਵਿਚ ਉਨ੍ਹਾਂ ਨੂੰ ਇਸ ਬਾਰੇ ਪਤਾ ਚੱਲਿਆ ਅਤੇ ਉਨ੍ਹਾਂ ਨੂੰ ਸਦਮਾ ਲੱਗਿਆ।" ਮੇਰੀ ਨੂੰਹ ਵਿਦੇਸ਼ੀ ਧਰਤੀ ਤੇ ਦੋ ਬੱਚਿਆਂ ਦੇ ਨਾਲ ਇਕੱਲਿਆਂ ਇਹ ਸਭ ਸੰਭਾਲ ਰਹੀ ਹੈ। ਅਸੀਂ ਨਿਊਜ਼ੀਲੈਂਡ ਜਾਣ ਬਾਰੇ ਸੋਚ ਰਹੇ ਹਾਂ ਅਤੇ ਜ਼ਰੂਰੀ ਕਾਗਜ਼ੀ ਇਜਾਜ਼ਤਾਂ ਦੀ ਉਡੀਕ ਕਰ ਰਹੇ ਹਾਂ। 'ਨਿਊਜ਼ੀਲੈਂਡ' ਅਕਲੈਂਡ ਨਾਲੋਂ ਵਧੇਰੇ ਸ਼ਾਂਤ ਹੈ। 

ਨਿਊਜ਼ੀਲੈਂਡ ਦੀ ਰਹਿਣ ਵਾਲੀ ਸ੍ਰੀਲਤਾ ਭਾਰਤ ਵਿਚ ਘੁੰਮਣ ਆਈ ਹੋਈ ਹੈ। ਉਸ ਨੇ ਨਿਊਜ਼ੀਲੈਂਡ ਦੇ ਹਾਲਾਤ ਬਾਰੇ ਦੱਸਿਆ। ਸ੍ਰੀਲਤਾ ਨੇ ਕਿਹਾ, "ਅਸੀਂ 16 ਸਾਲ ਪਹਿਲਾਂ ਨਿਊਜ਼ੀਲੈਂਡ ਚਲੇ ਗਏ ਸੀ। ਅਸੀਂ ਅਕਲੈਂਡ ਵਿਚ ਰਹਿੰਦੇ ਹਾਂ। ਨਿਊਜ਼ੀਲੈਂਡ ਇੱਕ ਸ਼ਾਂਤੀਪੂਰਨ ਦੇਸ਼ ਹੈ। ਉੱਥੇ ਇੱਕ ਮਾਮੂਲੀ ਹਾਦਸਾ ਵੀ ਇੱਕ ਵੱਡਾ ਮੁੱਦਾ ਮੰਨਿਆ ਜਾਂਦਾ ਹੈ ਅਤੇ ਲੋਕ ਇਸ ਬਾਰੇ ਵੱਡੇ ਪੱਧਰ 'ਤੇ ਚਰਚਾ ਕਰਦੇ ਹਨ। ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਬਾਰੇ ਸੁਣ ਕੇ ਅਸੀਂ ਹੈਰਾਨ ਹਾਂ।" 2011 ਵਿਚ ਕ੍ਰਾਈਸਟ ਚਰਚ ਵਿਚ ਆਏ ਭੂਚਾਲ ਕਾਰਨ ਕਾਫ਼ੀ ਤਬਾਹੀ ਹੋਈ।

ਇਸ ਤੋਂ ਬਾਅਦ ਇਸ ਖੇਤਰ ਨੂੰ ਮੁੜ ਸੁਰਜੀਤ ਕੀਤਾ ਗਿਆ ਅਤੇ ਰੁਜ਼ਗਾਰ ਦੇ ਮੌਕੇ ਵਧ ਗਏ। ਦੱਖਣੀ ਭਾਰਤ ਦੇ ਕਈ ਲੋਕ ਖਾਸਕਰ ਤੇਲੁਗੂ ਭਾਸ਼ਾ ਬੋਲਣ ਵਾਲੇ ਕਾਫ਼ੀ ਲੋਕ ਉੱਥੇ ਪਹੁੰਚੇ ਅਤੇ ਆਪਣੇ ਵਪਾਰ ਸ਼ੁਰੂ ਕੀਤੇ ਅਤੇ ਨੌਕਰੀਆਂ ਕਰਨ ਲੱਗੇ। "ਅਕਲੈਂਡ ਦੇ ਮੁਕਾਬਲੇ ਕ੍ਰਾਈਸਟ ਚਰਚ ਵਧੇਰੇ ਸ਼ਾਂਤੀ ਵਾਲਾ ਇਲਾਕਾ ਹੈ। ਇਹ ਸਾਡੇ ਲਈ ਕਾਫ਼ੀ ਹੈਰਾਨ ਕਰਨ ਵਾਲਾ ਹੈ।" "ਮੈਂ ਉਸੇ ਸ਼ਹਿਰ ਵਿਚ ਰਹਿੰਦੇ ਆਪਣੇ ਕਈ ਦੋਸਤਾਂ ਨਾਲ ਗੱਲਬਾਤ ਕੀਤੀ ਹੈ।

ਉਨ੍ਹਾਂ ਨੇ ਮੈਨੂੰ ਦੱਸਿਆ ਹੈ ਕਿ ਇਸ ਸਮੇਂ ਖ਼ੇਤਰ ਨੂੰ ਪੁਲਿਸ ਨੇ ਘੇਰਾ ਪਾਇਆ ਹੋਇਆ ਹੈ ਅਤੇ ਹੌਲੀ-ਹੌਲੀ ਆਮ ਵਾਂਗ ਹੋ ਰਿਹਾ ਹੈ।" ਆਲ ਇੰਡੀਆ ਮਜਲਿਸ-ਏ-ਇਤੇਹਾਦੂਲ ਮੁਸਲਮੀਨ ਪਾਰਟੀ ਦੇ ਪ੍ਰਧਾਨ ਅਸਦੁਦੀਨ ਓਵੈਸੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਟਵੀਟ ਕਰਕੇ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੂੰ ਇਸ ਖੇਤਰ ਦੇ ਪੀੜਤਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ। ਹੈਦਰਾਬਾਦ ਦੇ ਮੇਅਰ ਅਤੇ ਐਮਆਈਐਮ ਦੇ ਆਗੂ ਬੁੰਥੂ ਰਾਮਮੋਹਨ ਨੇ ਪੀੜਤਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।