ਪਾਕਿਸਤਾਨ 'ਚ ਤੂਫ਼ਾਨ ਦਾ ਕਹਿਰ, 39 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਈ ਜ਼ਿਲ੍ਹਿਆਂ 'ਚ ਹੜ੍ਹ ਕਾਰਨ ਸੜਕੀ ਸੰਪਰਕ ਟੁੱਟਿਆ

38 Killed as Flash Floods, Thunderstorms, Dust Storms Lash Pakistan

ਇਸਲਾਮਾਬਾਦ : ਪਾਕਿਸਤਾਨ ਦੇ ਪੰਜਾਬ ਅਤੇ ਸਿੰਧ ਸੂਬੇ 'ਚ ਤੂਫ਼ਾਨ ਅਤੇ ਮੀਂਹ ਕਾਰਨ ਘੱਟੋ-ਘੱਟ 39 ਲੋਕਾਂ ਦੀ ਮੌਤ ਹੋ ਗਈ ਅਤੇ 139 ਜ਼ਖ਼ਮੀ ਹੋ ਗਏ। ਕੌਮੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਦੱਸਿਆ ਕਿ ਖੈਬਰ ਪਖਤੂਨਖਵਾ 'ਚ 13, ਬਲੋਚਿਸਤਾਨ 'ਚ 11, ਪੰਜਾਬ 'ਚ 10 ਅਤੇ ਸਿੰਧ 'ਚ 5 ਲੋਕਾਂ ਦੀ ਮੌਤ ਹੋਈ ਹੈ।

ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਪੱਛਮ, ਮੱਧ ਅਤੇ ਪੂਰਬੀ ਹਿੱਸਿਆਂ 'ਚ ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਕੁਝ ਇਲਾਕਿਆਂ 'ਚ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਸੜਕਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਪੰਜਾਬ 'ਚ ਤੂਫ਼ਾਨ ਕਾਰਨ ਕਈ ਇਮਾਰਤਾਂ ਢਹਿ ਗਈਆਂ। ਇਸ ਹਾਦਸੇ 'ਚ 2 ਔਰਤਾਂ ਸਮੇਤ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਬਲੋਚਿਸਤਾਨ 'ਚ ਹੜ੍ਹ ਕਾਰਨ ਇਕ ਬੱਚੇ ਸਮੇਤ 9 ਲੋਕਾਂ ਦੀ ਮੌਤ ਹੋ ਗਈ।

ਖੈਬਰ ਪਖਤੂਨਖਵਾ ਸੂਬੇ ਦੀ ਚਿਤਰਾਲ ਘਾਟੀ 'ਚ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਸੂਬੇ ਦੇ ਬਾਕੀ ਇਲਾਕਿਆਂ 'ਚ 10 ਹੋਰ ਲੋਕਾਂ ਦੀ ਮੌਤ ਹੋਈ ਹੈ। ਜਾਣਕਾਰੀ ਮੁਤਾਬਕ ਬਲੋਚਿਸਤਾਨ ਦੇ ਕਵੇਟਾ, ਗਵਾਦਰ, ਚਗਈ, ਹਰਨਾਈ, ਦੁਕੀ, ਜੇਵਾਨੀ, ਜਾਫ਼ਰਾਬਾਦ, ਕੋਹਲੂ, ਸਿਬੀ, ਬਰਖਾਨ, ਚਮਨ ਅਤੇ ਹੋਰ ਜ਼ਿਲ੍ਹਿਆਂ 'ਚ ਹੜ੍ਹ ਕਾਰਨ ਸੜਕੀ ਸੰਪਰਕ ਟੁੱਟ ਗਿਆ ਹੈ। ਕਰਾਚੀ 'ਚ ਹਨ੍ਹੇਰੀ ਕਾਰਨ ਦੋ ਔਰਤਾਂ ਸਮੇਤ 4 ਲੋਕਾਂ ਦੀ ਮੌਤ ਹੋਈ ਹੈ।