ਕੋਰੋਨਾ ਮਹਾਂਮਰੀ ’ਚ ਅੱਗੇ ਆਈਆਂ ਵਿਦੇਸ਼ੀ ਨਰਸਾਂ, ਪਰਿਵਾਰ ਤੇ ਨੌਕਰੀ ਛੱਡ ਆਉਣਗੀਆਂ ਭਾਰਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ 100 ਨਰਸਾਂ ਨੇ ਭਾਰਤ ਆਉਣ ਦਾ ਲਿਆ ਫੈਸਲਾ

American nurses on a mission to india

ਵਾਸ਼ਿੰਗਟਨ: ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਭਾਰਤ ਤੱਕ ਮਦਦ ਪਹੁੰਚਾਉਣ ਲਈ ਵਿਦੇਸ਼ੀ ਧਰਤੀ ’ਤੇ ਬੈਠੇ ਭਾਰਤੀ ਅਤੇ ਵਿਦੇਸ਼ੀ ਲੋਕ ਦਿਨ-ਰਾਤ ਕੋਸ਼ਿਸ਼ਾਂ ਕਰ ਰਹੇ ਹਨ। ਇਸ ਦੌਰਾਨ ਅਮਰੀਕਾ ਦੀਆਂ ਨਰਸਾਂ ਵੀ ਕੋਵਿਡ ਪੀੜਤਾਂ ਦੀ ਮਦਦ ਲਈ ਮੈਦਾਨ ਵਿਚ ਨਿੱਤਰੀਆਂ ਹਨ। ਦਰਅਸਲ ਨਰਸਾਂ ਦੇ ਇਕ ਗਰੁੱਪ ਨੇ ਭਾਰਤ ਦੀ ਮਦਦ ਕਰਨ ਲਈ ਅਪਣੀ ਨੌਜਰੀ ਅਤੇ ਪਰਿਵਾਰ ਛੱਡ ਕੇ ਭਾਰਤ ਆਉਣ ਦਾ ਫੈਸਲਾ ਕੀਤਾ ਹੈ।

100 ਨਰਸਾਂ ਦੇ ਇਸ ਗਰੁੱਪ ਨੂੰ ‘ਅਮੇਰੀਕਨ ਨਰਸ ਆਨ-ਏ-ਮਿਸ਼ਨ’ ਨਾਂਅ ਦਿੱਤਾ ਗਿਆ ਹੈ। ਇਹਨਾਂ ਵਿਚੋਂ 50 ਤੋਂ ਜ਼ਿਆਦਾ ਨਰਸਾਂ ਦਾ ਗਰੁੱਫ ਜੂਨ ਦੇ ਪਹਿਲਾ ਹਫ਼ਤੇ ਭਾਰਤ ਪਹੁੰਚ ਸਕਦਾ ਹੈ। ਇਹ ਸੁਝਆਅ ਵਾਸ਼ਿੰਗਟਨ ਵਿਚ ਰਹਿਣ ਵਾਲੀ ਨਰਸ ਚੇਲਸੀਆ ਵਾਲਸ਼ ਦਾ ਹੈ। ਉਹਨਾਂ ਨੇ ‘ਟ੍ਰੇਵਲਿੰਗ ਨਰਸ’ ਨਾਂਅ ਦੇ ਇਕ ਗਰੁੱਪ ਵਿਚ ਭਾਰਤ ਦੇ ਹਸਪਤਾਲਾਂ ਅਤੇ ਅੰਤਿਮ ਸਸਕਾਰ ਦੀਆਂ ਫੋਟੋਆਂ ਸ਼ੇਅਰ ਕਰਦਿਆਂ ਲਿਖਿਆ, ‘ਇਹ ਸਭ ਦੇਖ ਕੇ ਮੇਰਾ ਮਨ ਦੁਖੀ ਹੈ ਅਤੇ ਮੈਂ ਭਾਰਤ ਜਾਣ ਬਾਰੇ ਸੋਚ ਰਹੀ ਹਾਂ’।

ਦੱਸ ਦਈਏ ਕਿ ਵਾਲਸ਼ ਭਾਰਤ ਵਿਚ ਇਕ ਅਨਾਥ ਆਸ਼ਰਮ ਵਿਚ ਵਲੰਟੀਅਰ ਦੇ ਤੌਰ ’ਤੇ ਪਹਿਲਾਂ ਵੀ ਸੇਵਾਵਾਂ ਦੇ ਚੁੱਕੀ ਹੈ। ਨਰਸ ਦੀ ਪੋਸਟ ਤੋਂ ਬਾਅਦ ਅਮਰੀਕਾ ਦੀਆਂ ਅਨੇਕਾਂ ਨਰਸਾਂ ਨੇ ਉਸ ਨਾਲ ਸੰਪਰਕ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਮੁਸ਼ਕਿਲ ਸਮੇਂ ਵਿਚ ਭਾਰਤ ਨੂੰ ਸਾਡੀ ਲੋੜ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਹਰ ਚੁਣੌਤੀ ਮਨਜ਼ੂਰ ਹੈ।

ਇਕ ਹੋਰ ਨਰਸ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਕੋਵਿਡ ਨਾਲ ਲੋਕਾਂ ਦੀਆਂ ਮੌਤਾਂ ਨੇ ਮੈਨੂੰ ਬਦਲ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਨੌਕਰੀ, ਪਰਿਵਾਰ ਛੱਡ ਕੇ ਦਿੱਲੀ ਜਾ ਰਹੇ ਹਾਂ। ਇੱਥੇ ਉਹ ਛੋਟੇ ਅਸਥਾਈ ਕੋਵਿਡ ਹਸਪਤਾਲਾਂ ਵਿਚ ਕੰਮ ਕਰਨਗੇ। ਇਸੇ ਟੀਮ ਦੀ ਇਕ ਨਰਸ ਹੀਥਰ ਫੋਟੋਗ੍ਰਾਫਰ ਦਾ ਕਹਿਣਾ ਹੈ ਕਿ ਉਹਨਾ ਦੇ ਦੋਸਤਾਂ ਨੇ ਉਸ ਨੂੰ ਭਾਰਤ ਨਾ ਜਾਣ ਦੀ ਸਲਾਹ ਦਿੱਤੀ। 

ਹੀਥਰ ਦੋ ਸਾਲ ਪਹਿਲਾਂ ਸੇਵਾ ਮੁਕਤ ਹੋ ਚੁੱਕੀ ਸੀ ਪਰ ਬੀਤੇ ਸਾਲ ਕੋਰੋਨਾ ਮਹਾਂਮਾਰੀ ਦੌਰਾਨ ਉਸ ਨੇ ਕੰਮ ’ਤੇ ਪਰਤਣ ਦਾ ਫੈਸਲਾ ਕੀਤਾ। ਉਦੋਂ ਤੋਂ ਉਹ ਅਮਰੀਕਾ ਦੀਆਂ ਉਹਨਾਂ ਥਾਵਾਂ ’ਤੇ ਜਾ ਰਹੀ ਹੈ, ਜਿੱਥੇ ਨਰਸਾਂ ਦੀ ਕਮੀਂ ਹੈ। ਇਹਨਾਂ ਨਰਸਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਸਾਡੀ ਲੋੜ ਹੈ ਤੇ ਅਜਿਹੇ ਵਿਚ ਅਸੀਂ ਹੱਥਾਂ ’ਤੇ ਹੱਥ ਰੱਖ ਕੇ ਨਹੀਂ ਬੈਠ ਸਕਦੀਆਂ।

ਖ਼ਾਸ ਗੱਲ ਇਹ ਹੈ ਕਿ ਇਹ ਨਰਸਾਂ ਮਰੀਜ਼ਾਂ ਨੂੰ ਮੁਫ਼ਤ ਸੇਵਾਵਾਂ ਦੇਣਗੀਆਂ ਅਤੇ ਅਪਣਾ ਸਾਰਾ ਖਰਚਾ ਖੁਦ ਚੁੱਕਣਗੀਆਂ। ਇਸ ਦੇ ਲਈ ਉਹਨਾਂ ਨੇ ਹੁਣ ਤੱਕ 12 ਲੱਖ ਰੁਪਏ ਇਕੱਠੇ ਕੀਤੇ ਹਨ। ਟੀਮਾ ਮਕਸਦ 50 ਹਜ਼ਾਰ ਡਾਲਰ (36.6 ਲੱਖ ਰੁਪਏ) ਇਕੱਠੇ ਕਰਨਾ ਹੈ।