'ਮੈਕਸੀਕੋ ਦੇ 2.5 ਕਰੋੜ ਲੋਕਾਂ ਨੂੰ ਜਾਪਾਨ ਭੇਜ ਦਿਆਂਗੇ'

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੂੰ ਮੈਕਸੀਕੋ ਦੇ 2.5 ਕਰੋੜ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਭੇਜਣ....

Donald Trump

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੂੰ ਮੈਕਸੀਕੋ ਦੇ 2.5 ਕਰੋੜ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਭੇਜਣ ਦੀ ਧਮਕੀ ਦਿਤੀ ਹੈ। ਅੰਗਰੇਜ਼ੀ ਅਖ਼ਬਾਰ 'ਵਾਲ ਸਟ੍ਰੀਟ ਜਨਰਲ' ਮੁਤਾਬਕ ਹਾਲ ਹੀ ਵਿਚ ਜੀ7 ਸ਼ਿਖਰ ਸੰਮੇਲਨ ਦੌਰਾਨ ਰਾਸ਼ਟਰ ਪ੍ਰਧਾਨਾਂ ਵਿਚਕਾਰ ਵਪਾਰ, ਅਤਿਵਾਦ ਅਤੇ ਇਮੀਗ੍ਰੇਸ਼ਨ ਵਰਗੇ ਮੁੱਦਿਆਂ 'ਤੇ ਗੱਲਬਾਤ ਹੋਈ ਸੀ, ਜਿਸ 'ਤੇ ਸਾਰਿਆਂ ਦੀ ਰਾਏ ਵੱਖ-ਵੱਖ ਰਹੀ।

ਯੂਰਪੀ ਯੂਨੀਅਨ ਦੇ ਇਕ ਅਧਿਕਾਰੀ ਮੁਤਾਬਕ ਬੈਠਕ ਵਿਚ ਇਮੀਗ੍ਰੇਸ਼ਨ 'ਤੇ ਗੱਲਬਾਤ ਦੌਰਾਨ ਇਕ ਸਮਾਂ ਅਜਿਹਾ ਆਇਆ, ਜਦੋਂ ਟਰੰਪ ਨੇ ਪਲਾਇਨ ਨੂੰ ਯੂਰਪ ਲਈ ਵੱਡੀ ਸਮੱਸਿਆ ਦਸਿਆ ਅਤੇ ਆਬੇ ਨੂੰ ਕਿਹਾ, ''ਸ਼ਿਜ਼ੋ ਤੁਹਾਡੇ ਕੋਲ ਇਹ ਸਮੱਸਿਆ ਨਹੀਂ ਹੈ। ਮੈਂ 2.5 ਕਰੋੜ ਮੈਕਸੀਕਨ ਤੁਹਾਡੇ ਦੇਸ਼ ਭੇਜ ਦਿੰਦਾ ਹਾਂ ਅਤੇ ਛੇਤੀ ਹੀ ਤੁਸੀਂ ਅਹੁਦੇ ਤੋਂ ਹੱਟ ਜਾਉਗੇ।

'' ਮੀਡੀਆ ਰੀਪੋਰਟ ਮੁਤਾਬਕ ਜਦੋਂ ਗੱਲ ਈਰਾਨ ਅਤੇ ਅਤਿਵਾਦ 'ਤੇ ਸ਼ੁਰੂ ਹੋਈ ਤਾਂ ਟਰੰਪ ਨੇ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, ''ਇਮੈਨੁਅਲ ਤੁਹਾਨੂੰ ਇਸ ਬਾਰੇ ਵਿਚ ਜ਼ਰੂਰ ਪਤਾ ਹੋਵੇਗਾ, ਕਿਉਂਕਿ ਸਾਰੇ ਅਤਿਵਾਦੀ ਪੈਰਿਸ ਵਿਚ ਹੀ ਹਨ।'' ਇਸ ਤੋਂ ਬਾਅਦ ਟਰੰਪ ਬੈਠਕ ਨੂੰ ਵਿਚਕਾਰ ਹੀ ਛੱਡ ਕੇ ਚਲੇ ਗਏ ਸਨ।

ਜ਼ਿਕਰਯੋਗ ਹੈ ਕਿ ਅਮਰੀਕਾ 'ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਵਾਲੇ ਲੋਕਾਂ 'ਚ 90 ਫ਼ੀ ਸਦੀ ਮੈਕਸੀਕੋ ਸਰਹੱਦ ਤੋਂ ਅਮਰੀਕਾ ਅੰਦਰ ਦਾਖ਼ਲ ਹੁੰਦੇ ਹਨ। ਇਕ ਰੀਪੋਰਟ ਮੁਤਾਬਕ ਅਮਰੀਕਾ 'ਚ ਲਗਭਗ 60 ਲੱਖ ਮੈਕਸੀਕਨ ਅਜਿਹੇ ਹਨ, ਜੋ ਗ਼ੈਰ-ਕਾਨੂੰਨੀ ਤਰੀਕੇ ਨਾਲ ਇਥੇ ਆਏ ਹਨ। ਇਨ੍ਹਾਂ ਕੋਲ ਕਾਗ਼ਜ਼ਾਤ ਤਕ ਨਹੀਂ ਹਨ। (ਪੀਟੀਆਈ)