ਦਖਣੀ ਲੇਬਨਾਨ ’ਚ ਇਜ਼ਰਾਇਲੀ ਹਮਲਾ, ਇਕ ਔਰਤ ਅਤੇ ਦੋ ਬੱਚਿਆਂ ਸਮੇਤ 10 ਸੀਰੀਆਈ ਨਾਗਰਿਕਾਂ ਦੀ ਮੌਤ
ਹਿਜ਼ਬੁੱਲਾ ਦਾ ਕਹਿਣਾ ਹੈ ਕਿ ਉਹ ਉਦੋਂ ਤਕ ਅਪਣੇ ਹਮਲੇ ਨਹੀਂ ਰੋਕੇਗਾ ਜਦੋਂ ਤਕ ਗਾਜ਼ਾ ਪੱਟੀ ਵਿਚ ਜੰਗਬੰਦੀ ਨਹੀਂ ਹੋ ਜਾਂਦੀ
ਨਬਾਤੀਆ: ਦਖਣੀ ਲੇਬਨਾਨ ’ਚ ਸਨਿਚਰਵਾਰ ਤੜਕੇ ਇਜ਼ਰਾਇਲੀ ਹਮਲੇ ’ਚ ਘੱਟੋ-ਘੱਟ 10 ਸੀਰੀਆਈ ਨਾਗਰਿਕਾਂ ਦੀ ਮੌਤ ਹੋ ਗਈ। ਲੇਬਨਾਨ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ। ਦਖਣੀ ਇਜ਼ਰਾਈਲ ’ਤੇ ਹਮਾਸ ਦੇ ਹਮਲੇ ਤੋਂ ਇਕ ਦਿਨ ਬਾਅਦ 8 ਅਕਤੂਬਰ ਨੂੰ ਹਿਜ਼ਬੁੱਲਾ ਅਤਿਵਾਦੀ ਸਮੂਹ ਅਤੇ ਇਜ਼ਰਾਈਲੀ ਫੌਜ ਵਲੋਂ ਇਕ-ਦੂਜੇ ’ਤੇ ਹਮਲੇ ਕੀਤੇ ਜਾਣ ਤੋਂ ਬਾਅਦ ਨਬਤਾਇਹ ਸੂਬੇ ਦੇ ਵਾਦੀ ਅਲ-ਕਾਫੂਰ ’ਤੇ ਹਮਲਾ ਲੇਬਨਾਨ ’ਤੇ ਹੋਏ ਸੱਭ ਤੋਂ ਘਾਤਕ ਹਮਲਿਆਂ ’ਚੋਂ ਇਕ ਮੰਨਿਆ ਜਾ ਰਿਹਾ ਹੈ।
ਹਿਜ਼ਬੁੱਲਾ ਦਾ ਕਹਿਣਾ ਹੈ ਕਿ ਉਹ ਉਦੋਂ ਤਕ ਅਪਣੇ ਹਮਲੇ ਨਹੀਂ ਰੋਕੇਗਾ ਜਦੋਂ ਤਕ ਗਾਜ਼ਾ ਪੱਟੀ ਵਿਚ ਜੰਗਬੰਦੀ ਨਹੀਂ ਹੋ ਜਾਂਦੀ। ਮੰਤਰਾਲੇ ਨੇ ਦਸਿਆ ਕਿ ਮ੍ਰਿਤਕਾਂ ਵਿਚ ਇਕ ਔਰਤ ਅਤੇ ਉਸ ਦੇ ਦੋ ਬੱਚੇ ਸ਼ਾਮਲ ਹਨ। ਪੰਜ ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਜ਼ਰਾਈਲ ਦੇ ਮੰਤਰਾਲੇ ਦੇ ਬੁਲਾਰੇ ਅਵੀਚਾਈ ਅਦਰੀ ਨੇ ਦਸਿਆ ਕਿ ਇਹ ਹਮਲਾ ਦਖਣੀ ਸੂਬੇ ’ਚ ਹਿਜ਼ਬੁੱਲਾ ਹਥਿਆਰਾਂ ਦੇ ਡਿਪੂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਵਾਦੀ ਅਲ-ਕਾਫੂਰ ਵਿਚ ਇਕ ਬੁੱਚੜਖਾਨਾ ਚਲਾਉਣ ਵਾਲੇ ਮੁਹੰਮਦ ਸ਼ੋਇਬ ਨੇ ਕਿਹਾ ਕਿ ਹਮਲਾ ਇਕ ਉਦਯੋਗਿਕ ਅਤੇ ਸਿਵਲ ਜ਼ੋਨ ਵਿਚ ਹੋਇਆ, ਜਿੱਥੇ ਇੱਟਾਂ, ਧਾਤੂ ਅਤੇ ਐਲੂਮੀਨੀਅਮ ਬਣਾਉਣ ਵਾਲੀਆਂ ਫੈਕਟਰੀਆਂ ਅਤੇ ਇਕ ਡੇਅਰੀ ਫਾਰਮ ਵੀ ਹੈ।
ਹਮਲੇ ਵਿਚ ਮਾਰੇ ਗਏ ਤਿੰਨ ਲੋਕਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਹ (ਪੀੜਤ) ਫੈਕਟਰੀ ਵਰਕਰ ਸਨ ਜੋ ਹਮਲੇ ਦੇ ਸਮੇਂ ਉਸ ਗੋਦਾਮ ਵਿਚ ਰਹਿ ਰਹੇ ਸਨ। ਉਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਗੋਦਾਮ ’ਚ ਹਥਿਆਰ ਸਨ।
ਹੁਸੈਨ ਸ਼ਾਹੂਦ ਨੇ ਕਿਹਾ ਕਿ ਅਜਿਹਾ ਕੁੱਝ ਵੀ ਨਹੀਂ ਸੀ। ਗੋਦਾਮ ’ਚ ਇਮਾਰਤਾਂ ਦੀ ਉਸਾਰੀ ਲਈ ਹਰ ਕਿਸਮ ਦੇ ਔਜ਼ਾਰ ਸਨ।ਹਿਜ਼ਬੁੱਲਾ ਨੇ ਬਾਅਦ ਵਿਚ ਐਲਾਨ ਕੀਤਾ ਕਿ ਉਸ ਨੇ ਹਵਾਈ ਹਮਲੇ ਦੇ ਜਵਾਬ ਵਿਚ ਉੱਤਰੀ ਇਜ਼ਰਾਈਲ ਦੇ ਸਫਹਾਦ ਨੇੜੇ ਅਲੇਟ ਹਸ਼ਹਾਰ ਭਾਈਚਾਰੇ ’ਤੇ ਇਕ ਤੋਂ ਬਾਅਦ ਇਕ ਕਈ ਰਾਕੇਟ ਦਾਗੇ।
ਬਿਆਨ ’ਚ ਕਿਹਾ ਗਿਆ ਹੈ ਕਿ ਲੇਬਨਾਨ ’ਚ ਮਾਰੇ ਗਏ ਸਾਰੇ 10 ਲੋਕ ਆਮ ਨਾਗਰਿਕ ਸਨ। ਹਿਜ਼ਬੁੱਲਾ ਆਮ ਤੌਰ ’ਤੇ ਮੌਤ ਦੀ ਸੂਚਨਾ ਜਾਰੀ ਕਰਦਾ ਹੈ ਜਦੋਂ ਇਸ ਦੇ ਮੈਂਬਰ ਮਾਰੇ ਜਾਂਦੇ ਹਨ। ਇਜ਼ਰਾਈਲੀ ਫੌਜ ਨੇ ਕਿਹਾ ਕਿ ਲੇਬਨਾਨ ਤੋਂ ਦਾਗੇ ਗਏ 55 ਤੋਪਖਾਨੇ ਦੇ ਗੋਲਿਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਕੁੱਝ ਖੁੱਲ੍ਹੇ ਇਲਾਕਿਆਂ ਵਿਚ ਡਿੱਗੇ। ਫੌਜ ਨੇ ਕਿਹਾ ਕਿ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਪਰ ਹਮਲਿਆਂ ਕਾਰਨ ਕਈ ਅੱਗਾਂ ਲੱਗੀਆਂ ਹਨ।
ਇਸ ਤੋਂ ਪਹਿਲਾਂ ਸਨਿਚਰਵਾਰ ਨੂੰ ਲੇਬਨਾਨ ਦੇ ਹਮਲੇ ’ਚ ਦੋ ਇਜ਼ਰਾਈਲੀ ਫੌਜੀ ਜ਼ਖਮੀ ਹੋ ਗਏ ਸਨ, ਜਿਨ੍ਹਾਂ ’ਚੋਂ ਇਕ ਗੰਭੀਰ ਰੂਪ ਨਾਲ ਜ਼ਖਮੀ ਦਸਿਆ ਜਾ ਰਿਹਾ ਹੈ। ਇਹ ਹਮਲਾ ਮਿਸਗਾਓਂ ਐਮ ਇਲਾਕੇ ’ਚ ਹੋਇਆ।
ਇਜ਼ਰਾਈਲੀ ਫੌਜ ਨੇ ਇਹ ਵੀ ਕਿਹਾ ਕਿ ਉਸ ਨੇ ਸਨਿਚਰਵਾਰ ਨੂੰ ਤੱਟਵਰਤੀ ਸ਼ਹਿਰ ਟਾਇਰ ਦੇ ਖੇਤਰ ਵਿਚ ਇਕ ਵੱਖਰੇ ਹਮਲੇ ਵਿਚ ਹਿਜ਼ਬੁੱਲਾ ਦੇ ਇਕ ਕਮਾਂਡਰ ਨੂੰ ਮਾਰ ਦਿਤਾ। ਲੇਬਨਾਨ ਦੇ ਸਰਕਾਰੀ ਮੀਡੀਆ ਮੁਤਾਬਕ ਟਾਇਰ ਨੇੜੇ ਹੋਏ ਹਮਲੇ ’ਚ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। ਹਿਜ਼ਬੁੱਲਾ ਨੇ ਤੁਰਤ ਵਿਅਕਤੀ ਦੀ ਪਛਾਣ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ।