ਟਮਾਟਰਾਂ ਦੀ ਰਾਖੀ ਲਈ ਪਾਕਿਸਤਾਨ ਨੇ ਤੈਨਾਤ ਕੀਤੇ ਗੰਨਮੈਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ ਨਾਲ ਵਪਾਰ ਬੰਦ ਹੋਣ ਤੋਂ ਬਾਅਦ ਟਮਾਟਰਾਂ  ਦੀਆਂ ਕੀਮਤਾਂ ਵਧੀਆਂ

File Phtot

ਇਸਲਾਮਾਬਾਦ : ਪਾਕਿਸਤਾਨ ਵਿਚ ਟਮਾਟਰ ਦੇ ਕਿਸਾਨਾਂ ਵੱਲੋਂ ਫਸਲਾਂ ਦੀ ਰਾਖੀ ਲਈ ਬੰਦੂਕਧਾਰੀ ਪਹਿਰੇਦਾਰ ਤੈਨਾਤ ਕਰਨ ਦੀਆਂ ਖ਼ਬਰਾਂ ਸ਼ੋਸਲ ਮੀਡੀਆਂ 'ਤੇ ਵਾਇਰਲ ਹੋ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕੀਮਤਾਂ ਵੱਧਣ ਕਰਕੇ ਟਮਾਟਰਾਂ ਦੀ ਚੋਰੀ ਵੀ ਵੱਧ ਗਈ ਹੈ ਜਿਸ ਤੋਂ ਬਾਅਦ ਕਿਸਾਨਾਂ ਨੇ ਇਹ ਕਦਮ ਚੁੱਕਿਆ ਹੈ।

ਭਾਰਤ ਨਾਲ ਰਿਸ਼ਤੇ ਵਿਗੜਨ ਤੋਂ ਬਾਅਦ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਟਮਾਟਰਾਂ ਦੀ ਕੀਮਤ 320 ਰੁਪਏ ਕਿਲੋਂ ਤੋਂ ਵੀ ਜ਼ਿਆਦਾ ਹੋ ਗਈ ਹੈ। ਉੱਚੀਆਂ ਕੀਮਤਾਂ ਅਤੇ ਚੋਰੀ ਹੋਣ ਦੀ ਸੰਭਾਵਨਾ ਕਰਕੇ ਕਿਸਾਨਾਂ ਨੇ ਟਮਾਟਰ ਦੀਆਂ ਫਸਲਾਂ ਦੀ ਰੱਖਿਆ ਕਰਨ ਲਈ ਹਥਿਆਰਬੰਦ ਗਾਰਡ ਤੈਨਾਤ ਕੀਤੇ ਹਨ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਹਾਲ 'ਚ ਸਿੰਧ ਦੇ ਬਾਦਿਨ ਵਿਚ ਟਮਾਟਰਾਂ ਨਾਲ ਭਰੇ ਟਰੱਕ ਦੀ ਕਥਿਤ ਲੁੱਟ ਤੋਂ ਬਾਅਦ ਕਿਸਾਨ ਹਥਿਆਰਬੰਦ ਗਾਰਡ ਤੈਨਾਤ ਕਰਨ ਲਈ ਮਜ਼ਬੂਰ ਹੋਏ ਹਨ।

ਦੱਸ ਦਈਏ ਕਿ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਵਿਗੜ ਗਏ ਸਨ ਅਤੇ ਉਦੋਂ ਤੋਂ ਹੀ ਦੋਵਾਂ ਦੇਸ਼ਾ ਵਿਚਾਲੇ ਵਪਾਰ ਪੂਰੀ ਤਰ੍ਹਾਂ ਬੰਦ ਪਿਆ ਹੈ। ਜਿਸ ਕਰਕੇ ਭਾਰਤ ਤੋਂ ਟਮਾਟਰਾਂ ਦਾ ਆਯਾਤ ਵੀ ਪ੍ਰਭਾਵਿਤ ਹੋਇਆ ਹੈ ਅਤੇ ਇਹੀ ਕਾਰਨ ਹੈ ਕਿ ਪਾਕਿਸਤਾਨ ਵਿਚ ਟਮਾਟਰ ਦੀਆਂ ਕੀਮਤਾਂ ਦਿਨੋ-ਦਿਨ ਵੱਧਦੀਆਂ ਜਾ ਰਹੀਆਂ ਹਨ।