Miss World 2021 ਮੁਲਤਵੀ, ਮਿਸ ਇੰਡੀਆ ਮਨਸਾ ਵਾਰਾਣਸੀ ਸਣੇ 17 ਲੋਕ ਕੋਰੋਨਾ ਪਾਜ਼ੇਟਿਵ
ਮਿਸ ਵਰਲਡ 2021 ਦਾ ਫਾਈਨਲ ਕੁਝ ਪ੍ਰਤੀਯੋਗੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ।
ਨਵੀਂ ਦਿੱਲੀ: ਮਿਸ ਵਰਲਡ 2021 ਦਾ ਫਾਈਨਲ ਕੁਝ ਪ੍ਰਤੀਯੋਗੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਮਿਸ ਵਰਲਡ ਦੇ ਆਯੋਜਕਾਂ ਨੇ ਫਾਈਨਲ ਤੋਂ ਕੁਝ ਘੰਟੇ ਪਹਿਲਾਂ ਇਸ ਦਾ ਐਲਾਨ ਕੀਤਾ। ਮਿਸ ਵਰਲਡ 2021 ਦਾ ਫਾਈਨਲ ਪੋਰਟੋ ਰੀਕੋ ਵਿਚ ਹੋਣ ਜਾ ਰਿਹਾ ਸੀ। ਕੋਰੋਨਾ ਪਾਜ਼ੇਟਿਵ ਪਾਏ ਗਏ ਪ੍ਰਤੀਯੋਗੀਆਂ ਵਿਚ ਭਾਰਤ ਦੀ ਮਿਸ ਇੰਡੀਆ ਵਰਲਡ ਮਨਸਾ ਵਾਰਾਣਸੀ ਵੀ ਸ਼ਾਮਲ ਹੈ।
ਇੰਸਟਾਗ੍ਰਾਮ 'ਤੇ ਜਾਰੀ ਇਕ ਬਿਆਨ 'ਚ ਮਿਸ ਵਰਲਡ 2021 ਦੇ ਆਯੋਜਕਾਂ ਨੇ ਕਿਹਾ ਕਿ ਕੁੱਲ 17 ਪ੍ਰਤੀਯੋਗੀਆਂ ਅਤੇ ਕਰਮਚਾਰੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਹ ਮੁਕਾਬਲਾ ਅਗਲੇ 90 ਦਿਨਾਂ ਵਿਚ ਫਿਰ ਤੋਂ ਕਰਵਾਇਆ ਜਾਵੇਗਾ।
ਦਰਅਸਲ ਪੋਰਟੋ ਰੀਕੋ ਵਿਚ ਇਹ ਇਵੈਂਟ ਭਾਰਤੀ ਸਮੇਂ ਅਨੁਸਾਰ ਅੱਜ ਸਵੇਰੇ ਕਰੀਬ ਸਾਢੇ 4 ਵਜੇ ਆਯੋਜਿਤ ਕੀਤਾ ਜਾਣਾ ਸੀ ਪਰ ਕੋਰੋਨਾ ਦੇ ਚਲਦਿਆਂ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਮਿਸ ਇੰਡੀਆ ਦੇ ਪ੍ਰਬੰਧਕਾਂ ਨੇ ਇੰਸਟਾਗ੍ਰਾਮ 'ਤੇ ਜਾਰੀ ਬਿਆਨ 'ਚ ਪੁਸ਼ਟੀ ਕੀਤੀ ਹੈ ਕਿ ਮਿਸ ਇੰਡੀਆ ਵਰਲਡ ਮਨਸਾ ਵੀ ਕੋਰੋਨਾ ਪਾਜ਼ੇਟਿਵ ਹੈ।
ਦੱਸ ਦੇਈਏ ਕਿ 23 ਸਾਲਾ ਮਨਸਾ ਵਾਰਾਣਸੀ ਮਿਸ ਇੰਡੀਆ ਵਰਲਡ 2020 ਰਹਿ ਚੁੱਕੀ ਹੈ। ਮਨਸਾ ਦਾ ਜਨਮ ਹੈਦਰਾਬਾਦ ਵਿਚ ਹੋਇਆ। ਮਨਸਾ ਅਪਣੀ ਖ਼ੂਬਸੂਰਤੀ ਲਈ ਹਮੇਸ਼ਾਂ ਚਰਚਾ ਵਿਚ ਰਹਿੰਦੀ ਹੈ। ਹਾਲ ਹੀ ਵਿਚ ਭਾਰਤ ਦੀ ਹਰਨਾਜ਼ ਕੌਰ ਸੰਧੂ ਮਿਸ ਯੂਨੀਵਰਸ ਬਣੀ ਹੈ। ਭਾਰਤ ਦੀ ਮਨਸਾ ਤੋਂ ਵੀ ਇਸ ਮੁਕਾਬਲੇ ਵਿਚ ਕਾਫੀ ਉਮੀਦਾਂ ਹਨ। ਹਰਨਾਜ਼ ਕੌਰ ਭਾਰਤ ਪਰਤ ਚੁੱਕੀ ਹੈ ਪਰ ਕੋਰੋਨਾ ਖਤਰੇ ਦੇ ਚਲਦਿਆਂ ਉਹਨਾਂ ਨੂੰ 7 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ ਹੈ।