ਖੇਤਰੀ ਸ਼ਾਂਤੀ, ਸੁਰੱਖਿਆ, ਕੁਨੈਕਟੀਵਿਟੀ ’ਚ ਭਾਰਤ-ਇਥੋਪੀਆ ‘ਕੁਦਰਤੀ ਭਾਈਵਾਲ’: ਮੋਦੀ 

ਏਜੰਸੀ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਇਥੋਪੀਆ ਦੀ ਸੰਸਦ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੋਪੀਆ ਦੀ ਸੰਸਦ ਨੂੰ ਸੰਬੋਧਨ ਕੀਤਾ।

ਅਦੀਸ ਅਬਾਬਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਇਥੋਪੀਆ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਅਤੇ ਇਥੋਪੀਆ ਖੇਤਰੀ ਸ਼ਾਂਤੀ, ਸੁਰੱਖਿਆ ਅਤੇ ਸੰਪਰਕ ’ਚ ‘ਕੁਦਰਤੀ ਭਾਈਵਾਲ’ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਅਜਿਹੀ ਦੁਨੀਆ ਬਣਾਉਣ ਲਈ ਕੰਮ ਕਰ ਹਨ ਜੋ ‘ਹੋਰ ਜ਼ਿਆਦਾ ਨਿਆਂਪੱਖੀ, ਜ਼ਿਆਦਾ ਬਰਾਬਰ, ਅਤੇ ਜ਼ਿਆਦਾ ਸ਼ਾਂਤੀਪਸੰਦ ਹੈ।’

ਅਪਣੀ ਪਹਿਲੀ ਦੁਵਲੀ ਯਾਤਰਾ ਉਤੇ ਮੰਗਲਵਾਰ ਨੂੰ ਇੱਥੇ ਪਹੁੰਚੇ ਮੋਦੀ ਨੇ ਕਿਹਾ ਕਿ ਸ਼ੇਰਾਂ ਦੀ ਧਰਤੀ ਇਥੋਪੀਆ ’ਚ ਆਉਣਾ ਬਹੁਤ ਵਧੀਆ ਰਿਹਾ। 

ਮੋਦੀ ਨੇ ਇਥੋਪੀਆ ਦੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਮੈਨੂੰ ਇਥੇ ਅਪਣੇ ਘਰ ਵਰਗਾ ਹੀ ਲੱਗ ਰਿਹਾ ਹੈ ਕਿਉਂਕਿ ਮੇਰਾ ਗ੍ਰਹਿ ਰਾਜ ਗੁਜਰਾਤ ਵੀ ਸ਼ੇਰਾਂ ਦਾ ਘਰ ਹੈ।’’ ਇਹ ਦੁਨੀਆਂ ਦੀ 18ਵੀਂ ਸੰਸਦ ਸੀ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ।

ਮੋਦੀ ਨੇ ਸੰਸਦ ਮੈਂਬਰਾਂ ਨੂੰ ਕਿਹਾ, ‘‘ਇਥੋਪੀਆ ਅਫਰੀਕਾ ਦੇ ਇਕ ਚੌਰਾਹੇ ਉਤੇ ਬੈਠਾ ਹੈ। ਭਾਰਤ ਹਿੰਦ ਮਹਾਸਾਗਰ ਦੇ ਕੇਂਦਰ ਵਿਚ ਖੜਾ ਹੈ। ਅਸੀਂ ਖੇਤਰੀ ਸ਼ਾਂਤੀ, ਸੁਰੱਖਿਆ ਅਤੇ ਸੰਪਰਕ ਵਿਚ ਕੁਦਰਤੀ ਭਾਈਵਾਲ ਹਾਂ।’’ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਦੇ ਭਾਸ਼ਣ ਦੌਰਾਨ 50 ਤੋਂ ਵੱਧ ਵਾਰ ਤਾੜੀਆਂ ਵਜਾਈਆਂ। 

ਉਨ੍ਹਾਂ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਇਥੋਪੀਆ ਦੀ ਇਕਜੁੱਟਤਾ ਅਤੇ ਆਤੰਕਵਾਦ ਪ੍ਰਤੀ ਬਿਲਕੁਲ ਸਹਿਣਸ਼ੀਲ ਨਾਲ ਰਹਿਣ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਨ ਲਈ ਧੰਨਵਾਦ ਕੀਤਾ। 

ਮੋਦੀ ਨੇ ਕਿਹਾ ਕਿ ਉਹ ਲੋਕਤੰਤਰ ਦੇ ਇਸ ਮੰਦਰ ’ਚ ਪ੍ਰਾਚੀਨ ਸਿਆਣਪ ਅਤੇ ਆਧੁਨਿਕ ਇੱਛਾਵਾਂ ਵਾਲੇ ਰਾਸ਼ਟਰ ਦੇ ਦਿਲ ’ਚ ਹੋਣ ਉਤੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਭਾਰਤ ਦੇ 1.4 ਅਰਬ ਲੋਕਾਂ ਦੀ ਤਰਫੋਂ ਮੈਂ ਦੋਸਤੀ, ਸਦਭਾਵਨਾ ਅਤੇ ਭਾਈਚਾਰੇ ਦੀਆਂ ਵਧਾਈਆਂ ਲੈ ਕੇ ਆਇਆ ਹਾਂ।’’ ਗਲੋਬਲ ਸਾਊਥ ਬਾਰੇ ਬੋਲਦੇ ਹੋਏ, ਮੋਦੀ ਨੇ ਕਿਹਾ ਕਿ ਇਹ ਖੇਤਰ ਅਪਣੀ ਕਿਸਮਤ ਖੁਦ ਲਿਖ ਰਿਹਾ ਹੈ, ਅਤੇ ਭਾਰਤ ਅਤੇ ਇਥੋਪੀਆ ਇਸ ਲਈ ਇਕ ਦ੍ਰਿਸ਼ਟੀਕੋਣ ਸਾਂਝਾ ਕਰਦੇ ਹਨ। 

ਇਥੋਪੀਆ ਨੂੰ ਸੱਭ ਤੋਂ ਪੁਰਾਣੀਆਂ ਸੱਭਿਅਤਾਵਾਂ ’ਚੋਂ ਇਕ ਦਸਦੇ ਹੋਏ ਮੋਦੀ ਨੇ ਕਿਹਾ, ‘‘ਪੁਰਾਣੇ ਅਤੇ ਨਵੇਂ ਦਾ ਇਹ ਸੁਮੇਲ... ਪ੍ਰਾਚੀਨ ਬੁੱਧੀ ਅਤੇ ਆਧੁਨਿਕ ਅਭਿਲਾਸ਼ਾ ਦੇ ਵਿਚਕਾਰ ਇਹ ਸੰਤੁਲਨ... ਇਹ ਇਥੋਪੀਆ ਦੀ ਅਸਲ ਤਾਕਤ ਹੈ।’’ 

ਮੋਦੀ ਨੇ ‘ਏਕ ਪੇੜ ਮਾਂ ਕੇ ਨਾਮ’ ਅਤੇ ਇਥੋਪੀਆ ਦੀ ‘ਗ੍ਰੀਨ ਲੀਗੇਸੀ ਪਹਿਲ’ ਦੇ ਹਿੱਸੇ ਵਜੋਂ ਇਥੋਪੀਆ ਦੀ ਸੰਸਦ ਵਿਚ ਇਕ ਪੌਦਾ ਵੀ ਲਗਾਇਆ। ਇਸ ਤੋਂ ਪਹਿਲਾਂ ਮੋਦੀ ਨੇ ਅਡਵਾ ਵਿਜੈ ਸਮਾਰਕ ਉਤੇ ਫੁੱਲ ਮਾਲਾਵਾਂ ਭੇਟ ਕੀਤੀਆਂ, ਜੋ ਇਥੋਪੀਆ ਦੀ ਹਿੰਮਤ, ਏਕਤਾ ਅਤੇ ਅਟੁੱਟ ਭਾਵਨਾ ਦਾ ਸ਼ਕਤੀਸ਼ਾਲੀ ਪ੍ਰਤੀਕ ਹੈ। ਮੋਦੀ ਨੇ ਕਿਹਾ ਕਿ ਇਹ ਦੁਨੀਆਂ ਨੂੰ ਇਕ ਮਾਣਮੱਤੇ ਰਾਸ਼ਟਰ ਦੀ ਯਾਦ ਦਿਵਾਉਂਦਾ ਹੈ, ਜਿਸ ਨੇ ਦ੍ਰਿੜਤਾ ਅਤੇ ਸੰਕਲਪ ਨਾਲ ਅਪਣੀ ਰੱਖਿਆ ਕੀਤੀ।