ਕੋਰੋਨਾ ਵਾਇਰਸ ਦਾ ਕਹਿਰ ਜਾਰੀ, ਚੀਨ ਵਿਚ ਮਰਨ ਵਾਲਿਆਂ ਦੀ ਗਿਣਤੀ 1800 ਹੋਈ

ਏਜੰਸੀ

ਖ਼ਬਰਾਂ, ਕੌਮਾਂਤਰੀ

72000 ਤੋਂ ਜਿਆਦਾ ਲੋਕ ਸੰਕਰਮਿਤ

File

ਬੀਜਿੰਗ- ਚੀਨ 'ਚ ਕੋਰੋਨਾ ਵਾਇਰਸ ਕਾਰਨ ਹੁਣ ਤਕ 1800 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵਧ ਮੌਤਾਂ ਹੁਬੇਈ ਸੂਬੇ 'ਚ ਹੋਈਆਂ। ਇਸ ਤੋਂ ਇਲਾਵਾ ਹੇਨਾਨ ਸੂਬੇ 'ਚ 3 ਤੇ ਗੁਆਂਗਡੋਂਗ 'ਚ 2 ਵਿਅਕਤੀਆਂ ਦੀ ਮੌਤ ਹੋਈ। ਚੀਨ ਦੇ ਹੁਬੇਈ ਸੂਬੇ 'ਚ ਐਤਵਾਰ ਨੂੰ 100 ਵਿਅਕਤੀਆਂ ਦੀ ਮੌਤ ਹੋਈ ਹੈ। ਉਥੇ ਹੀ ਬੀਤੇ ਦਿਨ ਕੋਰੋਨਾ ਵਾਇਰਸ ਦੇ 1900 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਇਨਫ਼ੈਕਟਡ ਲੋਕਾਂ ਦੀ ਗਿਣਤੀ ਵੱਧ ਕੇ 72000 'ਤੇ ਪੁੱਜ ਗਈ ਹੈ।

ਚੀਨ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਫੈਲਣ ਦੇ ਨਾਲ ਮੈਕਡੋਨਲਡਜ਼, ਸਟਾਰਬਕਸ ਅਤੇ ਹੋਰ ਫਾਸਟ ਫ਼ੂਡ ਕੰਪਨੀਆਂ ਨੇ ਅਪਣੇ ਕਰਮਚਾਰੀਆਂ ਤੇ ਗਾਹਕਾਂ ਨੂੰ ਸੁਰਖਿਅਤ ਰੱਖਣ ਲਈ ਸੰਪਰਕ ਰਹਿਤ ਖਾਣੇ ਦੀ ਡਲਵਿਰੀ 'ਤੇ ਜ਼ੋਰ ਦੇਣਾ ਸ਼ੁਰੂ ਕਰ ਦਿਤਾ ਹੈ। ਤਾਈਵਾਨ 'ਚ ਵੀ ਕੋਰੋਨਾਵਾਇਰਸ ਕਾਰਨ ਪਹਿਲੀ ਮੌਤ ਦੀ ਪੁਸ਼ਟੀ ਹੋਈ ਹੈ। ਚੀਨ ਤੋਂ ਬਾਹਰ ਇਹ ਪੰਜਵਾਂ ਮਾਮਲਾ ਹੈ। ਮ੍ਰਿਤਕ ਵਿਅਕਤੀ ਇਕ ਟੈਕਸੀ ਡਰਾਈਵਰ ਸੀ ਜਿਸ ਦੇ ਗਾਹਕ ਮੁੱਖ ਤੌਰ ਤੇ ਹਾਂਗਕਾਂਗ, ਮਕਾਓ ਤੇ ਮੇਨਲੈਂਡ ਚੀਨ ਦੇ ਸਨ। 

ਡਾਕਟਰਾਂ ਦੀ ਟੀਮ ਦਿਨ-ਰਾਤ ਕੰਮ ਕਰ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਪਿਛਲੇ ਹਫ਼ਤੇ ਦੀ ਤੁਲਨਾ 'ਚ ਇਸ ਹਫ਼ਤੇ ਵਾਇਰਸ ਨਾਲ ਪੀੜਤ ਲੋਕਾਂ 'ਚ ਕਾਫ਼ੀ ਕਮੀ ਆਈ ਹੈ। ਵਿਸ਼ਵ ਸਿਹਤ ਸੰਗਠਨ ਦੇ ਮਹਾਨਿਰਦੇਸ਼ਕ ਮੁਤਾਬਕ ਕੌਮਾਂਤਰੀ ਮਾਹਿਰਾਂ ਦਾ 12 ਮੈਂਬਰੀ ਦਲ ਚੀਨ ਪੁੱਜ ਚੁਕਾ ਹੈ ਅਤੇ ਚੀਨੀ ਅਧਿਕਾਰੀਆਂ ਨਾਲ ਵਾਇਰਸ ਨੂੰ ਸਮਝਣ 'ਚ ਕੰਮ ਕਰ ਰਿਹਾ ਹੈ। ਭਾਰਤ ਜਾਨਲੇਵਾ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਵਿਚ ਚੀਨ ਦੀ ਮਦਦ ਕਰਨ ਲਈ ਇਸ ਹਫ਼ਤੇ ਦੇ ਅਖ਼ੀਰ ਵਿਚ ਇਕ ਰਾਹਤ ਜਹਾਜ਼ ਜ਼ਰੀਏ ਮੈਡੀਕਲ ਸਮੱਗਰੀ ਦੀ ਇਕ ਖੇਪ ਵੁਹਾਨ ਭੇਜੇਗਾ।

ਚੀਨ ਸਥਿਤ ਭਾਰਤੀ ਦੂਤਾਵਾਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਸੋਮਵਾਰ ਨੂੰ ਦਸਿਆ ਕਿ ਚੀਨ ਵਿਚ ਇਸ ਵਾਇਰਸ ਨਾਲ ਹੁਣ ਤਕ 1,770 ਲੋਕਾਂ ਦੀ ਮੌਤ ਹੋ ਚੁਕੀ ਹੈ। ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਇਸ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਈ ਹੈ।   ਭਾਰਤੀ ਦੂਤਾਵਾਸ ਨੇ ਟਵੀਟ ਕੀਤਾ, ''ਭਾਰਤ ਸਰਕਾਰ ਕੋਰੋਨਾ ਵਾਇਰਸ ਨਾਲ ਨਜਿੱਠਣ ਵਿਚ ਚੀਨ ਦੀ ਮਦਦ ਕਰਨ ਲਈ ਇਸ ਹਫ਼ਤੇ ਦੇ ਅਖੀਰ ਵਿਚ ਵੁਹਾਨ ਆਉਣ ਵਾਲੇ ਇਕ ਰਾਹਤ ਜਹਾਜ਼ ਵਿਚ ਮੈਡੀਕਲ ਸਮੱਗਰੀ ਦੀ ਇਕ ਖੇਪ ਭੇਜੇਗਾ। 

ਵਾਪਸੀ ਦੌਰਾਨ ਇਹ ਜਹਾਜ਼ ਸੀਮਤ ਸਮਰੱਥਾ ਹੋਣ ਕਾਰਨ ਵੁਹਾਨ/ਹੁਬੇਈ ਤੋਂ ਭਾਰਤ ਪਰਤਣ ਦੇ ਚਾਹਵਾਨ ਕੁਝ ਭਾਰਤੀਆਂ ਨੂੰ ਹੀ ਲਿਜਾ ਪਾਵੇਗਾ।'' ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਇਕ ਖਬਰ ਦੇ ਮੁਤਾਬਕ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਦੱਸਿਆ ਕਿ 2,048 ਮਾਮਲਿਆਂ ਦੀ ਪੁਸ਼ਟੀ ਹੋਣ ਦੇ ਨਾਲ ਕੋਰੋਨਾਵਾਇਰਸ ਨਾਲ  ਇਨਫ਼ੈਕਟਿਡ ਲੋਕਾਂ ਦੀ ਕੁੱਲ ਗਿਣਤੀ 70,548 ਪਹੁੰਚ ਗਈ ਹੈ। ਚੀਨ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਵਾਇਰਸ ਨਾਲ ਇਨਫ਼ੈਕਟਿਡ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਮੈਡੀਕਲ ਕਰਮੀਆਂ ਲਈ ਮੈਡੀਕਲ ਵਰਤੋਂ ਵਿਚ ਲਿਆਏ ਜਾਣ ਵਾਲੇ ਮਾਸਕ, ਦਸਤਾਨੇ ਅਤੇ ਵਿਸ਼ੇਸ਼ ਸੂਟਾਂ ਦੀ ਲੋੜ ਹੈ।