ਸਮੁੰਦਰ ਹੇਠ ਕੇਬਲ 'ਚ ਆਈ ਖਰਾਬੀ, ਪਾਕਿ 'ਚ ਇੰਟਰਨੈੱਟ ਸੇਵਾ ਨੂੰ ਲੱਗੀਆਂ ਬਰੇਕਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਿਸਰ ਦੇ ਅਬੂ ਤਲਤ ਨੇੜੇ ਆਈ ਰੁਕਾਵਟ ਦਾ ਪਾਕਿ ਅੰਦਰ ਇੰਟਰਨੈੱਟ ਸੇਵਾਵਾਂ 'ਤੇ ਪਿਆ ਅਸਰ

internet services affected

 ਇਸਲਾਮਾਬਾਦ : ਸਮੁੰਦਰ ਹੇਠ ਵਿਛੀਆਂ ਕੇਬਲਾਂ ਵਿਚ ਖਰਾਬੀ ਤੋਂ ਬਾਅਦ ਵੀਰਵਾਰ ਨੂੰ ਕੁੱਝ ਥਾਵਾਂ 'ਤੇ ਇੰਟਰਨੈੱਟ ਸੇਵਾਵਾਂ ਪ੍ਰਭਾਵਿਤ ਹੋ ਗਈਆਂ। ਸਮੁੰਦਰੀ ਵਿਚ ਵਿੱਛੀਆਂ  ਵਿਚ 6 ਅੰਤਰਰਾਸ਼ਟਰੀ ਕੇਬਲਾਂ ਵਿਚੋਂ ਇਕ ਵਿਚ ਅਚਾਨਕ ਖਰਾਬੀ ਆ ਗਈ। ਮਿਸਰ ਦੇ ਸਮੁੰਦਰਾਂ ਵਿਚ ਆਈ ਇਸ ਖਰਾਬੀ ਦਾ ਅਸਰ ਪਾਕਿਸਤਾਨ ਵਿਚ ਵੇਖਣ ਨੂੰ ਮਿਲਿਆ ਜਿੱਥੇ ਇੰਟਰਨੈੱਟ ਸੇਵਾ ਪ੍ਰਭਾਵਿਤ ਹੋ ਗਈ।

ਪਾਕਿਸਤਾਨ ਦੂਰਸੰਚਾਰ ਅਥਾਰਿਟੀ (ਪੀ.ਟੀ.ਏ.) ਨੇ ਕਿਹਾ ਕਿ ਮਿਸਰ ਵਿਚ ਅਬੂ ਤਲਤ ਨੇੜੇ ਅੰਤਰਰਾਸ਼ਟਰੀ ਪਣਡੁੱਬੀ ਕੇਬਲ ਪ੍ਰਣਾਲੀ ਵਿਚ ਬੁੱਧਵਾਰ ਨੂੰ ਖਰਾਬੀ ਆ ਗਈ।  ਉਹਨਾਂ ਨੇ ਕਿਹਾ ਕਿ ਇਸ ਨਾਲ ਇੰਟਰਨੈੱਟ ਦੀ ਗਤੀ ਘੱਟ ਹੋਈ ਹੈ ਅਤੇ ਬਾਰ-ਬਾਰ ਕੁਨੈਕਸ਼ਨ ਟੁੱਟ ਰਿਹਾ ਹੈ।  ਪੀ.ਟੀ.ਏ. ਨੇ ਕਿਹਾ ਕਿ ਇਹ ਖਰਾਬੀ ਐੱਸ.ਈ.ਏ.-ਐੱਮ.ਈ.-ਡਬਲਊ 5 (ਦੱਖਣਪੂਰਬੀ ਏਸ਼ੀਆ-ਮੱਧ ਏਸ਼ੀਆ-ਪੱਛਮੀ ਯੂਰਪ 5) ਵਿਚ ਆਈ, ਜਿਸ ਦਾ ਸੰਚਾਲਨ ਟਰਾਂਸ ਵਰਲਡ ਐਸੋਸੀਏਟਸ (ਟੀ.ਡਬਲਊ.ਏ.) ਕਰਦਾ ਹੈ।

ਡਾਨ ਅਖ਼ਬਾਰ ਨੇ ਖ਼ਬਰ ਦਿੱਤੀ ਹੈ ਕਿ ਟੀ.ਡਬਲਊ.ਏ. ਨੇ ਯੂਰਪ ਵੱਲੋਂ ਅੰਤਰਰਾਸ਼ਟਰੀ ਸੰਪਰਕ ਸੇਵਾ ਵਿਚ ਗਿਰਾਵਟ ਦੇ ਬਾਰੇ ਦੱਸਿਆ ਹੈ ਅਤੇ ਕਿਹਾ ਹੈ ਕਿ ਮਿਸਰ ਵਿਚ ਅੰਤਰਰਾਸ਼ਟਰੀ ਹਮਰੁਤਬਿਆਂ ਦੇ ਜ਼ਰੀਏ ਮੁਰੰਮਤ ਦਾ ਕੰਮ ਚੱਲ ਰਿਹਾ ਹੈ।

ਟੀ.ਡਬਲਊ.ਏ. ਪ੍ਰਣਾਲੀ ਪਾਕਿਸਤਾਨ ਵਿਚ 40 ਫੀਸਦੀ ਇੰਟਰਨੈੱਟ ਦੀ ਲੋੜ ਨੂੰ ਪੂਰਾ ਕਰਦੀ ਹੈ। ਕੰਪਨੀ ਦੇ ਅਧਿਕਾਰੀ ਨੇ ਕਿਹਾ ਹੈ ਕਿ ਪੂਰੇ ਦੇਸ਼ ਵਿਚ ਇੰਟਰਨੈੱਟ ਦੀ ਗਤੀ ਘੱਟ ਰਹੇਗੀ। ਅਖ਼ਬਾਰ ਮੁਤਾਬਕ ਫਰਾਂਸ ਤੋਂ ਆ ਰਹੇ ਕੇਬਲ ਵਿਚ ਖਰਾਬੀ ਆਈ ਹੈ ਅਤੇ ਟੀ.ਡਬਲਊ.ਏ. ਦੇ ਅਧਿਕਾਰੀ ਨੇ ਕਿਹਾ ਕਿ ਇੰਟਰਨੈੱਟ ਸੇਵਾ ਪ੍ਰਦਾਤਾ ਸਿੰਗਾਪੁਰ ਤੋਂ ਆ ਰਹੇ ਕੇਬਲ 'ਤੇ ਕੁਨੈਕਸ਼ਨ ਪਾਉਣ ਦੀ ਪ੍ਰਕਿਰਿਆ ਵਿਚ ਹਨ।