ਨਿਊਜ਼ੀਲੈਂਡ ਗੋਲੀਬਾਰੀ : ਗੋਲੀਆਂ ਮਾਰਨ ਵਾਲਾ ਦੋਸ਼ੀ ਖੁਦ ਲੜੇਗਾ ਅਪਣਾ ਮੁਕੱਦਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੋ ਮਸਜਿਦਾਂ ‘ਤੇ ਹਮਲਾ ਕਰਨ ਵਾਲੇ ਦੋਸ਼ੀ ਆਸਟ੍ਰੇਲੀਆਈ ਬੰਦੂਕਧਾਰੀ ਨੇ ਅਪਣੇ ਵਕੀਲ ਨੂੰ ਹਟਾ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਉਹ ਆਪਣੀ ਪੈਰਵੀ ਖੁਦ ਕਰੇਗਾ...

New Zealand Firing Case

ਵੈਲਿੰਗਟਨ : ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ‘ਤੇ ਹਮਲਾ ਕਰਨ ਵਾਲੇ ਦੋਸ਼ੀ ਆਸਟ੍ਰੇਲੀਆਈ ਬੰਦੂਕਧਾਰੀ ਨੇ ਅਪਣੇ ਵਕੀਲ ਨੂੰ ਹਟਾ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਉਹ ਆਪਣੀ ਪੈਰਵੀ ਖੁਦ ਕਰੇਗਾ। ਅਦਾਲਤ ਨੇ ਉਸ ਦੇ ਵਕੀਲ ਦੇ ਰੂਪ ਵਿਚ ਰਿਚਰਡ ਪੀਟਰਸ ਦੀ ਨਿਯੁਕਤੀ ਕੀਤੀ ਸੀ ਅਤੇ ਉਨ੍ਹਾਂ ਨੇ ਸ਼ੁਰੂਆਤੀ ਸੁਣਵਾਈ ਵਿਚ ਬ੍ਰੇਂਟਨ ਦੀ ਨੁਮਾਇੰਦਗੀ ਕੀਤੀ ਸੀ। ਪੀਟਰਸ ਨੇ ਸੋਮਵਾਰ ਨੂੰ ਦੱਸਿਆ ਕਿ ਦੋਸ਼ੀ ਬ੍ਰੇਂਟਨ ਟਾਰੇਂਟ ਨੇ ਸੰਕੇਤ ਦਿੱਤਾ ਹੈ ਕਿ ਉਸ ਨੂੰ ਵਕੀਲ ਦੀ ਲੋੜ ਨਹੀਂ। ਉਹ ਇਸ ਮਾਮਲੇ ਵਿਚ ਆਪਣੀ ਪੈਰਵੀ ਖੁਦ ਕਰਨਾ ਚਾਹੁੰਦਾ ਹੈ।

ਪੀਟਰਸ ਨੇ ਉਸ ਦੀ ਸਿਹਤ ਦੇ ਬਾਰੇ ਵਿਚ ਕਿਹਾ ਕਿ ਦੋਸ਼ੀ ਪੂਰੀ ਤਰ੍ਹਾਂ ਚੁਸਤ ਪ੍ਰਤੀਤ ਹੁੰਦਾ ਹੈ। ਉਹ ਕਿਸੇ ਮਾਨਸਿਕ ਸਮੱਸਿਆ ਨਾਲ ਪੀੜਤ ਨਹੀਂ ਲੱਗਦਾ। ਇਸ ਦੇ ਨਾਲ ਹੀ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ। ਉੱਧਰ ਹਮਲਾਵਰ ਨੂੰ ਬੰਦੂਕ ਵੇਚਣ ਵਾਲੇ ਹਧਿਆਰ ਵਿਕਰੇਤਾ ਨੇ ਸੋਮਵਾਰ ਨੂੰ ਦੱਸਿਆ ਕਿ 50 ਲੋਕਾਂ ਦੇ ਮਾਰੇ ਜਾਣ ਦੇ ਪਿੱਛੇ ਉਸ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਗੰਨ ਸਿਟੀ ਦੇ ਪ੍ਰਬੰਧ ਨਿਦੇਸ਼ਕ ਡੇਵਿਡ ਟਿਪਲੇ ਦੇ ਬ੍ਰੇਂਟਨ ਟਾਰੇਂਟ ਨੂੰ ਚਾਰ ਹਥਿਆਰ ਅਤੇ ਕਾਰਤੂਸ ਵੇਚਣ ਦੀ ਪੁਸ਼ਟੀ ਕੀਤੀ ਪਰ ਮੌਤਾਂ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਉਸ ਨੇ ਕਿਹਾ, ਸਾਨੂੰ ਇਸ ਹਥਿਆਰ ਲਾਈਸੈਂਸ ਧਾਰਕ ਬਾਰੇ ਵਿਚ ਕੁਝ ਵੀ ਅਸਧਾਰਨ ਨਹੀਂ ਲੱਗਿਆ ਸੀ। ਬੰਦੂਕ ਵਿਕਰੇਤਾ ਨੇ ਕਿਹਾ ਕਿ ਹਥਿਆਰ ਲਾਈਸੈਂਸ ਐਪਲੀਕੇਸ਼ਨ ਦੀ ਪੜਤਾਲ ਕਰਨਾ ਪੁਲਿਸ ਦਾ ਕੰਮ ਹੈ। ਉਥੇ ਹਮਲੇ ਦੇ ਸਬੰਧ ਵਿਚ ਨਿਊਜ਼ੀਲੈਂਡ ਦੀ ਅਦਾਲਤ ਨੇ ਕ੍ਰਈਸਟਚਰਚ ਦੀ ਅਲ-ਨੂਰ ਮਸਜਿਦ ਦੇ ਸਿੱਧੇ ਵੀਡੀਓ ਪ੍ਰਸਾਰਣ ਨੂੰ ਲੈ ਕੇ 18 ਸਾਲਾ ਮੁੰਡੇ ਉੱਤੇ ਦੋਸ਼ ਤੈਅ ਕੀਤੇ ਹਨ।

ਉਸ ‘ਤੇ ਲੋੜੀਂਦੇ ਟੀਚੇ ਦੇ ਰੂਪ ਵਿਚ ਮਸਜਿਦ ਦੀ ਤਸਵੀਰ ਪ੍ਰਕਾਸ਼ਿਤ ਕਰਨ ਅਤੇ ਹਿੰਸਾ ਭੜਕਾਉਣ ਨੂੰ ਲੈ ਕੇ ਵੀ ਦੋਸ਼ ਤੈਅ ਕੀਤੇ ਗਏ ਹਨ। ਵਕੀਲਾਂ ਦਾ ਕਹਿਣਾ ਹੈ ਕਿ ਉਸ ਨੂੰ 14 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਜੱਜ ਨੇ ਇਸ ਮੁੰਡੇ ਦਾ ਨਾਮ ਗੁਪਤ ਰੱਖਿਆ ਹੈ।