ਯੂਕਰੇਨ ਵਿਚ ਵਿਗੜਦੀ ਮਨੁੱਖੀ ਸਥਿਤੀ ਬਾਰੇ ਭਾਰਤ ਚਿੰਤਤ ਹੈ: ਟੀਐਸ ਤਿਰੁਮੂਰਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਚੋਟੀ ਦੇ ਡਿਪਲੋਮੈਟ ਨੇ ਕਿਹਾ ਹੈ ਕਿ ਦੇਸ਼ ਨੇ ਯੁੱਧ ਪ੍ਰਭਾਵਿਤ ਯੂਕਰੇਨ ਤੋਂ 22,500 ਭਾਰਤੀਆਂ ਦੀ ਵਾਪਸੀ ਨੂੰ ਯਕੀਨੀ ਬਣਾਇਆ ਹੈ

TS Tirumurti

 

ਵਾਸ਼ਿੰਗਟਨ: ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਚੋਟੀ ਦੇ ਡਿਪਲੋਮੈਟ ਨੇ ਕਿਹਾ ਹੈ ਕਿ ਦੇਸ਼ ਨੇ ਯੁੱਧ ਪ੍ਰਭਾਵਿਤ ਯੂਕਰੇਨ ਤੋਂ 22,500 ਭਾਰਤੀਆਂ ਦੀ ਵਾਪਸੀ ਨੂੰ ਯਕੀਨੀ ਬਣਾਇਆ ਹੈ ਅਤੇ ਨਾਲ ਹੀ 18 ਹੋਰ ਦੇਸ਼ਾਂ ਦੀ ਉਹਨਾਂ ਦੇ ਨਾਗਰਿਕਾਂ ਨੂੰ ਕੱਢਣ ਵਿਚ ਮਦਦ ਕੀਤੀ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਟੀਐਸ ਤਿਰੁਮੂਰਤੀ ਨੇ ਯੂਕਰੇਨ ਵਿਚ ਵਿਗੜਦੀ ਮਨੁੱਖੀ ਸਥਿਤੀ ਉੱਤੇ ਚਿੰਤਾ ਪ੍ਰਗਟ ਕੀਤੀ ਅਤੇ ਪ੍ਰਭਾਵਿਤ ਲੋਕਾਂ ਦੀਆਂ ਮਨੁੱਖੀ ਲੋੜਾਂ ਨੂੰ ਹੱਲ ਕਰਨ ਦੀ ਮੰਗ ਕੀਤੀ।

Russia Ukraine War

ਯੂਕਰੇਨ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬ੍ਰੀਫਿੰਗ 'ਤੇ ਬੋਲਦੇ ਹੋਏ, ਤਿਰੁਮੂਰਤੀ ਨੇ ਕਿਹਾ ਕਿ ਇਹ ਅਹਿਮ ਹੈ ਕਿ ਮਨੁੱਖੀ ਉਪਾਅ ਹਮੇਸ਼ਾ ਮਨੁੱਖਤਾ, ਨਿਰਪੱਖਤਾ ਅਤੇ ਸੁਤੰਤਰਤਾ ਦੇ ਸਿਧਾਂਤਾਂ ਦੁਆਰਾ ਨਿਰਦੇਸ਼ਿਤ ਹੋਣ। ਉਹਨਾਂ ਕਿਹਾ, “ਇਹਨਾਂ ਉਪਾਵਾਂ ਦਾ ਰਾਜਨੀਤੀਕਰਨ ਨਹੀਂ ਕੀਤਾ ਜਾਣਾ ਚਾਹੀਦਾ”।

TS Tirumurti

ਤਿਰੁਮੂਰਤੀ ਨੇ ਇਹ ਵੀ ਕਿਹਾ, “ਭਾਰਤ ਮੌਜੂਦਾ ਸਥਿਤੀ ਨੂੰ ਲੈ ਕੇ ਕਾਫੀ ਚਿੰਤਤ ਹੈ, ਜੋ ਦੁਸ਼ਮਣੀ ਦੀ ਸ਼ੁਰੂਆਤ ਤੋਂ ਬਾਅਦ ਲਗਾਤਾਰ ਵਿਗੜ ਰਹੀ ਹੈ। ਸੰਘਰਸ਼ ਕਾਰਨ ਆਮ ਨਾਗਰਿਕਾਂ ਦੀ ਜਾਨ ਚਲੀ ਗਈ ਹੈ। ਹਜ਼ਾਰਾਂ ਲੋਕ ਬੇਘਰ ਹੋ ਗਏ ਹਨ ਅਤੇ 30 ਲੱਖ ਤੋਂ ਵੱਧ ਸ਼ਰਨਾਰਥੀ ਗੁਆਂਢੀ ਦੇਸ਼ਾਂ ਵਿਚ ਚਲੇ ਗਏ ਹਨ। ਮਨੁੱਖੀ ਸਥਿਤੀ ਵਿਗੜ ਗਈ ਹੈ, ਖ਼ਾਸਕਰ ਜਿੱਥੇ ਲੜਾਈ ਚੱਲ ਰਹੀ ਹੈ। ”

Indians In Ukraine

ਉਹਨਾਂ ਕਿਹਾ ਕਿ ਭਾਰਤ ਨੇ ਯੂਕਰੇਨ ਤੋਂ ਕਰੀਬ 22500 ਭਾਰਤੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਈ ਹੈ। ਭਾਰਤ ਦੇ ਸਥਾਈ ਪ੍ਰਤੀਨਿਧੀ ਨੇ ਕਿਹਾ, “ਅਸੀਂ ਇਸ ਪ੍ਰਕਿਰਿਆ (ਨਿਕਾਸੀ) ਵਿਚ 18 ਹੋਰ ਦੇਸ਼ਾਂ ਦੀ ਵੀ ਮਦਦ ਕੀਤੀ ਹੈ। ਅਸੀਂ ਯੂਕਰੇਨ ਅਤੇ ਇਸ ਦੇ ਗੁਆਂਢੀ ਦੇਸ਼ਾਂ ਦੇ ਅਧਿਕਾਰੀਆਂ ਦੀ ਲੋਕਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਵਿਚ ਉਹਨਾਂ ਦੀ ਸਹੂਲਤ ਲਈ ਸ਼ਲਾਘਾ ਕਰਦੇ ਹਾਂ।"

PM Modi

ਤਿਰੁਮੂਰਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਰੰਤ ਜੰਗਬੰਦੀ ਦੀ ਮੰਗ ਕੀਤੀ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਗੱਲਬਾਤ ਅਤੇ ਕੂਟਨੀਤੀ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਤਿਰੁਮੂਰਤੀ ਨੇ ਕਿਹਾ ਕਿ ਭਾਰਤ ਨੇ 1 ਮਾਰਚ ਤੋਂ ਯੂਕਰੇਨ ਅਤੇ ਇਸ ਦੇ ਗੁਆਂਢੀਆਂ ਨੂੰ ਜ਼ਰੂਰੀ ਦਵਾਈਆਂ ਅਤੇ ਜ਼ਰੂਰੀ ਰਾਹਤ ਸਮੱਗਰੀ ਸਮੇਤ 90 ਟਨ ਤੋਂ ਵੱਧ ਸਪਲਾਈ ਭੇਜੀ ਹੈ। ਜ਼ਿਕਰਯੋਗ ਹੈ ਕਿ 24 ਫਰਵਰੀ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੇ ਖਿਲਾਫ ਫੌਜੀ ਕਾਰਵਾਈ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।