550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਦੇ ਕਸੂਰ ਵਿਚ ਸਥਾਪਿਤ ਕੀਤੀ ਗਈ 'ਨਾਨਕ ਬਗੀਚੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੰਯੁਕਤ ਰਾਜ ਦੀ ਈਕੋਸਿੱਖ ਸੰਸਥਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇ ਜੀ ਦਾ ਪਵਿੱਤਰ ਜੰਗਲ ਕਸੂਰ ਦੇ ਮੁਸਤਫ਼ਾਬਾਦ ਦੇ ਕੋਲ ਖੋਜ ਗੜ੍ਹ ਵਿਚ ਸਥਾਪਿਤ ਕੀਤਾ ਗਿਆ ਹੈ।

Guru Nanak forest set up in Kasur

ਲਾਹੌਰ: ਸੰਯੁਕਤ ਰਾਜ ਦੀ ਈਕੋਸਿੱਖ ਸੰਸਥਾ ਦੇ ਸਹਿਯੋਗ ਨਾਲ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇ ਜੀ ਦਾ ਪਵਿੱਤਰ ਜੰਗਲ ਕਸੂਰ ਦੇ ਮੁਸਤਫ਼ਾਬਾਦ ਦੇ ਕੋਲ ਖੋਜ ਗੜ੍ਹ ਵਿਚ ਸਥਾਪਿਤ ਕੀਤਾ ਗਿਆ ਹੈ। ਇਹ ਪ੍ਰਾਜੈਕਟ, ਜਿਸ ਦੇ ਤਹਿਤ ਅਜਿਹੇ 550 ਜੰਗਲ ਸਥਾਪਤ ਕਰਨੇ ਹਨ, ਪਹਿਲਾਂ ਹੀ ਭਾਰਤ ਵਿਚ ਪੂਰੇ ਜ਼ੋਰਾਂ ‘ਤੇ ਹੈ। ਇਹ ਉਪਰਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।

ਪ੍ਰਸਿੱਧ ਪੰਜਾਬੀ ਲੇਖਕ ਅਤੇ ਵਿਦਵਾਰ ਇਕਬਾਲ ਕੈਸਰ ਜੋ ਕਿ ਖੋਜ ਗੜ੍ਹ ਦੇ ਸੰਸਥਾਪਕ ਅਨੁਸਾਰ ਇਸ ਸੰਸਥਾ ਦਾ ਮੁੱਖ ਟੀਚਾ ਇਸੇ ਤਰ੍ਹਾਂ ਦੇ 550 ਜੰਗਲਾਂ ਦਾ ਨਿਰਮਾਣ ਕਰਨਾ ਹੈ। ਕੁਝ ਹਫ਼ਤੇ ਪਹਿਲਾਂ ਜਦੋਂ ਕੈਸਰ ਜੰਗਲ ਵਿਚ ਆਏ ਸਨ ਤਾਂ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਇਕੋਸਿੱਕ ਦੇ ਪ੍ਰਾਜੈਕਟ ਬਾਰੇ ਸੁਣਿਆ ਸੀ, ਜਿਸ ਵਿਚ ਜਪਾਨੀ ਤਕਨੀਕ ਦੀ ਵਰਤੋਂ ਨਾਲ ਸਿਰਫ਼ 5 ਮਰਲੇ ਦੀ ਜ਼ਮੀਨ ਵਿਚ ਹੀ ਦਰਖ਼ਤ ਲਗਾਏ ਜਾ ਸਕਦੇ ਹਨ। ਅਜਿਹੀ ਤਕਨੀਕ ਨੂੰ ‘ਮਿਆਵਾਕੀ’ ਕਿਹਾ ਜਾਂਦਾ ਹੈ।

ਮਿਆਵਿਕੀ ਤਰੀਕੇ ਅਨੁਸਾਰ ਘੱਟ ਜ਼ਮੀਨ ਦੀ ਵਰਤੋਂ ਨਾਲ ਵਧੀਆ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ। ਇਕ ਮੀਟਰ ਜ਼ਮੀਨ ‘ਤੇ 3 ਤੋਂ ਪੰਜ ਤਰ੍ਹਾਂ ਦੀਆਂ ਪ੍ਰਜਾਤੀਆਂ ਦੇ ਪੌਦੇ ਲਗਾਏ ਜਾਂਦੇ ਹਨ। ਇਸ ਤਰੀਕੇ ਨਾਲ ਉਗਾਏ ਗਏ ਜੰਗਲ 30 ਗੁਣਾ ਸੰਘਣੇ ਹੋ ਜਾਂਦੇ ਹਨ ਅਤੇ ਉਹਨਾਂ ਦਾ ਵਿਕਾਸ 10 ਗੁਣਾ ਤੇਜ਼ੀ ਨਾਲ ਹੁੰਦਾ ਹੈ। ਕੈਸਰ ਦਾ ਕਹਿਣਾ ਹੈ ਕਿ ਇਸ ਲਈ ਚਾਰ ਫੁੱਟ ਡੂੰਘੀ  ਜ਼ਮੀਨ ਦੀ ਜ਼ਰੂਰਤ ਹੁੰਦੀ ਹੈ। ਇਸ ਨਾਲ ਧਰਤੀ ਹੇਠਲਾ ਪਾਣੀ ਵੀ ਸਾਫ਼ ਹੋ ਜਾਂਦਾ ਹੈ। ਕੈਸਰ ਦਾ ਕਹਿਣਾ ਹੈ ਕਿ ਉਹ ਖ਼ੁਦ ਦਰਖ਼ਤਾਂ ਵਿਚ ਰੁਚੀ ਰੱਖਦੇ ਹਨ ਅਤੇ ਉਹ ਦਰਖ਼ਤਾਂ ਨੂੰ ਧਰਤੀ ਦੀ ਸੰਸਕ੍ਰਿਤਿ ਦਾ ਜ਼ਰੂਰੀ ਹਿੱਸਾ ਮੰਨਦੇ ਹਨ।

ਉਹਨਾਂ ਨੇ ਕਿਹਾ ਕਿ ਪੰਜਾਬ ਵਿਚ ਬਿਮਾਰੀਆਂ ਸ਼ੀਸ਼ਮ ਦੇ ਦਰਖ਼ਤਾਂ ਲਈ ਨੁਕਸਾਨ ਦਾਇਕ ਹੁੰਦੀਆਂ ਹਨ ਅਤੇ ਹਾਲ ਹੀ ਵਿਚ ਕਿੱਕਰ ਦੇ ਦਰਖ਼ਤ ਵੀ ਖ਼ਰਾਬ ਹੋਏ ਹਨ। ਉਹਨਾਂ ਕਿਹਾ ਕਿ ਸਵਦੇਸ਼ੀ ਰੁੱਖਾਂ ਨੂੰ ਲਗਾਉਣ ਕਾਰਨ ਵੀ ਉਹ ਇਸ ਪ੍ਰਾਜੈਕਟ ਵੱਲ ਆਕਰਸ਼ਿਤ ਹੋਏ। ਉਹਨਾਂ ਕਿਹਾ ਕਿ ਇਸ ਪੂਰੇ ਪ੍ਰਾਜੈਕਟ ਦਾ ਸਭ ਤੋਂ ਵਧੀਆ ਹਿੱਸਾ ਇਹ ਸੀ ਕਿ ਇਸ ਜੰਗਲ ਵਿਤ ਸਿਰਫ਼ ਸਵਦੇਸ਼ੀ ਫਲ ਅਤੇ ਛਾਂਦਾਰ ਦਰਖ਼ਤ ਹੀ ਲਗਾਏ ਗਏ ਹਨ। ਉਹਨਾਂ ਕਿਹਾ ਕਿ ਸਵਦੇਸ਼ੀ ਦਰਖ਼ਤ ਅਲੋਪ ਹੋ ਰਹੇ ਹਨ, ਜਿਸ ਦੇ ਨਤੀਜੇ ਖਤਰਨਾਕ ਹੋ ਸਕਦੇ ਹਨ।

ਕੈਸਰ ਦਾ ਕਹਿਣਾ ਹੈ ਕਿ ਇਕ ਹੋਰ ਸਵਦੇਸ਼ੀ ਦਰਖ਼ਤ ਜੋ ਇਸ ਖੇਤਰ ਵਿਚ ਜ਼ਿਆਦਾ ਨਹੀਂ ਪਾਇਆ ਜਾਂਦਾ, ਉਹ ਹੈ ਲਾਹੌਰਾ, ਜਿਸ ਦੀ ਲਕੜੀ ਦੀ ਵਰਤੋਂ ਸਾਜ਼ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਪ੍ਰਾਜੈਕਟ ਤਹਿਤ ਇਸ ਤਰ੍ਹਾਂ ਦੇ ਪੰਜ ਦਰਖ਼ਤ ਮਿਲੇ ਹਨ। ਉਹਨਾਂ ਕਿਹਾ ਕਿ ਇਕ ਹੀ ਪ੍ਰਜਾਤੀ ਦੇ ਦੋ ਦਰਖ਼ਤ ਨਹੀਂ ਲਗਾਏ ਗਏ ਅਤੇ ਉਹਨਾਂ ‘ਤੇ ਕਦੀ ਵੀ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ, ਜਿਸ ਨਾਲ ਇਹ ਜੰਗਲ ਜੈਵਿਕ ਜੰਗਲ ਬਣ ਜਾਵੇਗਾ।

ਉਹਨਾਂ ਕਿਹਾ ਕਿ ਸਭ ਤੋਂ ਜ਼ਿਆਦਾ ਗਿਣਤੀ ਵਿਚ ਅਮਰੂਦ ਅਤੇ ਨਿੰਮ ਦੇ ਦਰਖ਼ਤ ਲਗਾਏ ਗਏ ਹਨ। ਕੈਸਰ ਨੇ ਕਿਹਾ ਕਿ ਈਕੋਸਿੱਖ  ਸੰਸਥਾ ਨੇ ਸਿਰਫ਼ ਇਸ ਜੰਗਲ ਲਈ ਸਲਾਹ ਦਿੱਤੀ ਹੈ ਜਦਕਿ ਸਹਿਯੋਗੀ ਸੰਸਥਾ ਰੀਸਟੋਰ ਗਰੀਨ ਵੱਲੋਂ ਜ਼ਮੀਨ ਅਤੇ ਦਰਖ਼ਤਾਂ ਨੂੰ ਤਿਆਰ ਕੀਤਾ ਗਿਆ ਹੈ। ਮੌਸਮੀ ਗੜਬੜੀ ਦੇ ਬਾਵਜੂਦ ਵੀ ਪੂਰੇ ਜੰਗਲ ਨੂੰ ਇਕ ਹਫ਼ਤੇ ਵਿਚ ਸਥਾਪਿਤ ਕੀਤਾ ਗਿਆ ਹੈ।

ਰੀਸਟੋਰ ਦੇ ਬਿਲਾਲ ਚੌਧਰੀ ਦਾ ਕਹਿਣਾ ਹੈ ਕਿ ਸਹਿਯੋਗ ਲਈ ਈਕੋਸਿੱਖ  ਨੇ ਉਹਨਾਂ ਨਾਲ ਸੰਪਰਕ ਕੀਤਾ ਸੀ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜੰਗਲ ਵਿਚ ਦਰਖ਼ਤ ਲਗਾਉਣ ਲਈ ਹੋਣ ਵਾਲਾ ਖਰਚਾ ਈਕੋਸਿੱਖ  ਵੱਲੋਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਨਿਯਮ ਤੇ ਸ਼ਰਤਾਂ ਅਤੇ ਭੁਗਤਾਨ ਦੇ ਤੌਰ ਤਰੀਕਿਆਂ ਨੂੰ ਹਾਲੇ ਤੱਕ ਅੰਤਿਮ ਰੂਪ ਨਹੀਂ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਕੰਪਨੀ ਭਵਿੱਖ ਵਿਚ ਵੀ ਈਕੋਸਿੱਖ  ਨਾਲ ਸਹਿਯੋਗ ਕਰੇਗੀ।ਭਾਰਤੀ ਅਖ਼ਬਾਰ ਦੀ ਇਕ ਰਿਪੋਰਟ ਅਨੁਸਾਰ ਭਾਰਤ ਵਿਚ ਹੁਣ ਤੱਕ 11 ਪੈਚ ਜ਼ਮੀਨ ‘ਤੇ ਜੰਗਲ ਲਗਾਏ ਗਏ ਜਦਕਿ ਪਾਕਿਸਤਾਨ ਵਿਚ ਸਿਰਫ਼ ਇਕ ‘ਤੇ ਹੀ ਜੰਗਲ ਦਾ ਨਿਰਮਾਣ ਹੋ ਸਕਿਆ ਹੈ।