PM ਮੋਦੀ ਦੇ ਅਮਰੀਕਾ ਦੌਰੇ 'ਤੇ ਵਿਘਨ ਪਾਉਣ ਦੀ ਨਾਪਾਕ ਸਾਜ਼ਿਸ਼, ਟੂਲਕਿੱਟ ਨਾਲ ਆਈਐੱਸਆਈ ਦਾ 'ਗੇਮ ਪਲਾਨ' ਆਇਆ ਸਾਹਮਣੇ
ਜਿਸ ਦਾ ਮਕਸਦ ਭਾਰਤ ਦੇ ਖ਼ਿਲਾਫ਼ ਵੱਡੀ ਸਾਜਿਸ਼ ਨੂੰ ਅੰਜਾਮ ਦੇਣਾ ਹੈ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐੱਸ.ਆਈ ਨੇ ਅਮਰੀਕਾ 'ਚ ਸਰਗਰਮ ਗਰਮਖਿਆਲੀ ਸਮਰਥਕ ਸੰਗਠਨਾਂ ਦੇ ਨਾਲ-ਨਾਲ ਭਾਰਤ ਖ਼ਿਲਾਫ਼ ਕੰਮ ਕਰ ਰਹੇ ਕਈ ਗਰੁੱਪਾਂ ਨਾਲ ਮੀਟਿੰਗ ਕੀਤੀ ਹੈ। ਜਿਸ ਦਾ ਮਕਸਦ ਭਾਰਤ ਦੇ ਖ਼ਿਲਾਫ਼ ਵੱਡੀ ਸਾਜਿਸ਼ ਨੂੰ ਅੰਜਾਮ ਦੇਣਾ ਹੈ।
ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਫੇਰੀ ਦਾ ਵਿਰੋਧ ਕਰਨ ਲਈ ਪਿਛਲੇ ਕਈ ਦਿਨਾਂ ਤੋਂ ਅਮਰੀਕਾ ਵਿਚ ਆਈਐਸਆਈ ਸਰਗਰਮ ਹੈ। ਜਾਣਕਾਰੀ ਮੁਤਾਬਕ ਭਾਰਤ ਖ਼ਿਲਾਫ਼ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਕਈ ਸੰਗਠਨਾਂ ਨੂੰ ਫੰਡਿੰਗ ਵੀ ਦਿਤੀ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਜਿਸ ਤਰ੍ਹਾਂ ਨਾਲ ਉਨ੍ਹਾਂ ਦੇ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ, ਉਸ ਤੋਂ ਪਾਕਿਸਤਾਨ ਚਿੰਤਤ ਹੈ।ਪਾਕਿਸਤਾਨ ਭਾਰਤ ਦੀ ਵਧਦੀ ਭਰੋਸੇਯੋਗਤਾ ਨੂੰ ਪਸੰਦ ਨਹੀਂ ਕਰ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕਰਨ ਲਈ ਇਕ ਟੂਲਕਿੱਟ ਵੀ ਤਿਆਰ ਕੀਤੀ ਗਈ ਹੈ। ਇਸ ਟੂਲ ਕਿੱਟ 'ਚ ਭਾਰਤ ਦਾ ਵਿਰੋਧ ਕਿਸ ਤਰੀਕੇ ਨਾਲ ਕਰਨਾ ਹੈ ਅਤੇ ਕਿਨ੍ਹਾਂ ਥਾਵਾਂ 'ਤੇ ਵਿਰੋਧ ਕਰਨਾ ਹੈ, ਇਸ ਦੀ ਯੋਜਨਾ ਪਹਿਲਾਂ ਹੀ ਬਣਾਈ ਜਾ ਚੁੱਕੀ ਹੈ।
ਇੰਨਾ ਹੀ ਨਹੀਂ ਧਰਨੇ ਦੌਰਾਨ ਕਿਹੜੇ ਪੋਸਟਰ ਲਾਏ ਜਾਣੇ ਹਨ, ਇਸ ਦੀਆਂ ਤਿਆਰੀਆਂ ਵੀ ਕਰ ਲਈਆਂ ਗਈਆਂ ਹਨ। ਜਿਨ੍ਹਾਂ ਲੋਕਾਂ ਨੂੰ ਧਰਨੇ ਦੀ ਜ਼ਿੰਮੇਵਾਰੀ ਦਿਤੀ ਗਈ ਹੈ, ਉਨ੍ਹਾਂ ਨੂੰ ਧਰਨੇ ਵਾਲੀ ਥਾਂ ਤੱਕ ਲਿਜਾਣ ਲਈ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਭਾਰਤ ਵਿਰੁਧ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਇੱਕ ਵਿਸ਼ੇਸ਼ ਵੈੱਬਸਾਈਟ ਵੀ ਬਣਾਈ ਗਈ ਹੈ।ਇਸ ਵੈੱਬਸਾਈਟ ਵਿਚ ਸਾਰੇ ਲੋਕਾਂ ਨੂੰ ਆਪਣੇ ਆਪ ਨੂੰ ਰਜਿਸਟਰ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਭਾਰਤ ਵਿਰੁਧ ਸਾਜ਼ਿਸ਼ ਨੂੰ ਅੰਜਾਮ ਦਿਤਾ ਜਾ ਸਕੇ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੌਰਾ 21 ਜੂਨ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਦੌਰਾਨ ਪ੍ਰਧਾਨ ਮੰਤਰੀ ਵ੍ਹਾਈਟ ਹਾਊਸ ਵੀ ਜਾਣ ਵਾਲੇ ਹਨ।
ਆਈਐਸਆਈ ਵਲੋਂ ਭਾਰਤ ਖ਼ਿਲਾਫ਼ ਰਚੀ ਗਈ ਸਾਜ਼ਿਸ਼ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ਦੌਰਾਨ ਜਿਨ੍ਹਾਂ ਰਸਤਿਆਂ ਦੀ ਵਰਤੋਂ ਕਰਨਗੇ, ਉਨ੍ਹਾਂ ਰੂਟਾਂ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਵਿਰੋਧ ਵਿਚ ਪੋਸਟਰ ਲਾਉਣ ਦੀ ਤਿਆਰੀ ਕੀਤੀ ਗਈ ਹੈ।
ਵਿਰੋਧ ਨੂੰ ਤੇਜ਼ ਕਰਨ ਲਈ #ModiNotWelcome ਵਰਗੇ ਹੈਸ਼ਟੈਗ ਵੀ ਬਣਾਏ ਗਏ ਹਨ, ਜਿਸ ਵਿਚ ਭਾਰਤੀ ਫੌਜ ਵਿਰੁਧ ਮਨੁੱਖੀ ਅਧਿਕਾਰਾਂ ਦੇ ਘਾਣ ਨਾਲ ਸਬੰਧਤ ਝੂਠੇ ਪ੍ਰਚਾਰ ਵਾਲੇ ਪੋਸਟਰ ਵੀ ਸ਼ਾਮਲ ਹਨ।
ਜੇਕਰ ਦੇਖਿਆ ਜਾਵੇ ਤਾਂ ਦੁਨੀਆਂ ਭਰ 'ਚ ਭਾਰਤ ਦੀ ਵਧਦੀ ਭਰੋਸੇਯੋਗਤਾ ਨੂੰ ਢਾਹ ਲਾਉਣ ਲਈ ISI ਨੇ ਅਜਿਹੀਆਂ ਹੀ ਸਾਜ਼ਿਸ਼ਾਂ ਨੂੰ ਅੰਜਾਮ ਦਿੱਤਾ ਸੀ, ਜਿਸ 'ਚ ਨੂਪੁਰ ਸ਼ਰਮਾ ਦੇ ਵਿਵਾਦਿਤ ਬਿਆਨ ਤੋਂ ਬਾਅਦ ਪਾਕਿਸਤਾਨ ਤੋਂ ਸੋਸ਼ਲ ਮੀਡੀਆ 'ਤੇ ਕਈ ਭਾਰਤ ਵਿਰੋਧੀ ਹੈਸ਼ਟੈਗ ਟਰੈਂਡ ਕੀਤੇ ਗਏ ਸਨ।