ਦੁਨੀਆਂ ਦੇ ਦੋ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਤੇ ਬਰਨਾਰਡ ਅਰਨੌਲਟ ਨੇ ਪੈਰਿਸ ’ਚ ਕੀਤੀ ਮੁਲਾਕਾਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਐਲੋਨ ਮਸਕ ਦੀ ਮਾਂ ਤੇ ਬਰਨਾਰਡ ਅਰਨੌਲਟ ਦੇ ਦੋ ਬੇਟੇ ਵੀ ਰਹੇ ਮੌਜੂਦ

photo

 

ਪੈਰਿਸ : ਐਲੋਨ ਮਸਕ ਅਤੇ ਬਰਨਾਰਡ ਅਰਨੌਲਟ, ਦੁਨੀਆਂ ਦੇ ਦੋ ਸਭ ਤੋਂ ਅਮੀਰ ਆਦਮੀ, ਪੈਰਿਸ ਵਿਚ ਮਿਲੇ ਅਤੇ ਇਕੱਠੇ ਲੰਚ ਕੀਤਾ। ਇਸ ਦੌਰਾਨ ਐਲੋਨ ਮਸਕ ਦੀ ਮਾਂ ਮੇਅ ਮਸਕ ਅਤੇ ਬਰਨਾਰਡ ਅਰਨੌਲਟ ਦੇ ਦੋ ਬੇਟੇ ਐਂਟੋਇਨ ਅਤੇ ਅਲੈਗਜ਼ੈਂਡਰ ਅਰਨੌਲਟ ਵੀ ਮੌਜੂਦ ਸਨ।

ਇਸ ਮੁਲਾਕਾਤ ਦੌਰਾਨ ਐਲੋਨ ਮਸਕ ਅਤੇ ਬਰਨਾਰਡ ਅਰਨੌਲਟ ਵਿਚਕਾਰ ਕੀ ਚਰਚਾ ਹੋਈ, ਇਸ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਹਾਲਾਂਕਿ ਮੀਡੀਆ ਰਿਪੋਰਟਾਂ 'ਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਸੋਸ਼ਲ ਮੀਡੀਆ, ਇਸ਼ਤਿਹਾਰਬਾਜ਼ੀ ਅਤੇ ਹੋਰ ਚੀਜ਼ਾਂ ਨੂੰ ਲੈ ਕੇ ਗੱਲਬਾਤ ਹੋਈ ਹੋਵੇਗੀ।

ਬਲੂਮਬਰਗ ਰੀਅਲ ਟਾਈਮ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ, ਟੇਸਲਾ, ਸਪੇਸਐਕਸ ਅਤੇ ਟਵਿੱਟਰ ਦੇ ਮਾਲਕ ਐਲੋਨ ਮਸਕ ਦੀ ਕੁੱਲ ਜਾਇਦਾਦ 233 ਬਿਲੀਅਨ ਡਾਲਰ (ਲਗਭਗ 19.08 ਲੱਖ ਕਰੋੜ ਰੁਪਏ) ਹੈ, ਜੋ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ।

ਇਸ ਦੇ ਨਾਲ ਹੀ ਦੁਨੀਆਂ ਦੇ ਸਭ ਤੋਂ ਵੱਡੇ ਫੈਸ਼ਨ ਗਰੁੱਪ ਲੁਈਸ ਵਿਟੋ ਮੋਏਟ ਹੈਨਸੀ (LVMH) ਦੇ ਸੀਈਓ ਬਰਨਾਰਡ ਅਰਨੌਲਟ ਦੀ ਕੁੱਲ ਜਾਇਦਾਦ 202 ਅਰਬ ਡਾਲਰ (ਲਗਭਗ 16.54 ਲੱਖ ਕਰੋੜ ਰੁਪਏ) ਹੈ। ਬਰਨਾਰਡ ਇਸ ਸੂਚੀ 'ਚ ਦੂਜੇ ਨੰਬਰ 'ਤੇ ਮੌਜੂਦ ਹੈ।

ਹਾਲ ਹੀ ਵਿਚ ਐਲੋਨ ਮਸਕ ਨੇ ਫਰਾਂਸ ਦੇ ਆਪਣੇ ਦੌਰੇ ਦੌਰਾਨ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਵੀ ਮੁਲਾਕਾਤ ਕੀਤੀ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਮਸਕ ਨੇ ਫਰਾਂਸ ਵਿਚ ਟੇਸਲਾ ਦੀ ਨਿਰਮਾਣ ਯੂਨਿਟ ਸਥਾਪਤ ਕਰਨ ਬਾਰੇ ਇਮੈਨੁਅਲ ਨਾਲ ਗੱਲਬਾਤ ਕੀਤੀ ਹੈ। ਮਸਕ ਨਾਲ ਮੁਲਾਕਾਤ ਤੋਂ ਬਾਅਦ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਦੋਹਾਂ ਵਿਚਕਾਰ ਮੁਲਾਕਾਤ ਦੀ ਫੋਟੋ ਸਾਂਝੀ ਕੀਤੀ ਅਤੇ ਲਿਖਿਆ, 'ਆਓ ਇਕੱਠੇ ਕੰਮ ਕਰੀਏ!'