ਭਾਂਡੇ ਧੋਣ ਵਾਲੀ ਨੂੰ ਐਤਵਾਰ ਨੂੰ ਕੰਮ 'ਤੇ ਬੁਲਾਇਆ, ਦੇਣਾ ਪਵੇਗਾ 150 ਕਰੋੜ ਮੁਆਵਜ਼ਾ
ਕੋਰਟ ਨੇ ਮੈਰੀ ਦੇ ਦਾਅਵੇ ਨੂੰ ਸਹੀ ਕਰਾਰ ਦਿੰਦੇ ਹੋਏ ਉਸ ਨੂੰ 21 ਮਿਲੀਅਨ ਡਾਲਰ ਦਾ ਮੁਆਵਜ਼ਾ ਦੇਣ ਦਾ ਹੁਕਮ ਦਿਤਾ।
ਵਾਸ਼ਿੰਗਟਨ : ਇਕ ਹੋਟਲ ਵਿਚ ਭਾਂਡੇ ਧੋਣ ਦਾ ਕੰਮ ਕਰਨ ਵਾਲੀ ਇਕ ਔਰਤ ਨੂੰ 21 ਮਿਲੀਅਨ ਡਾਲਰ (150 ਕਰੋੜ ਰੁਪਏ ) ਦਾ ਮੁਆਵਜ਼ਾ ਦੇਣ ਦਾ ਹੁਕਮ ਦਿਤਾ ਗਿਆ ਹੈ। ਹੋਟਲ ਨੇ ਔਰਤ ਨੂੰ ਐਤਵਾਰ ਨੂੰ ਚਰਚ ਜਾਣ ਦੀ ਬਜਾਏ ਕੰਮ 'ਤੇ ਬੁਲਾਇਆ। ਔਰਤ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਸੀ। ਮੈਰੀ ਜੀਨ ਪਿਯਰੇ ਨੇ ਕੋਨਰਾਡ ਮਿਆਮੀ ਹੋਟਲ ਵਿਚ ਲਗਭਗ 6 ਸਾਲ ਤੱਕ ਕੰਮ ਕੀਤਾ। 2015 ਵਿਚ ਉਸ ਦੇ ਕਿਚਨ ਮੈਨੇਜਰ ਨੇ ਮੈਰੀ ਨੂੰ ਐਤਵਾਰ ਨੂੰ ਬੁਲਾਏ ਜਾਣ ਦੀ ਮੰਗ ਰੱਖੀ,
ਜਿਸ ਨੂੰ ਹੋਟਲ ਪ੍ਰਬੰਧਨ ਨੇ ਕਬੂਲ ਕਰ ਲਿਆ। ਕੋਨਰਾਡ ਹੋਟਲ, ਹਿਲਟਨ ਗਰੁੱਪ ਦਾ ਹੀ ਹਿੱਸਾ ਹੈ। ਮੈਰੀ ਇਕ ਕੈਥੋਲਿਕ ਮਿਸ਼ਨਰੀ ਗਰੁੱਪ 'ਸੋਲਜ਼ਰਸ ਆਫ ਕ੍ਰਾਈਸਟ' ਚਰਚ ਦੀ ਮੈਂਬਰ ਹੈ। ਇਹ ਗਰੁੱਪ ਗਰੀਬਾਂ ਦੀ ਮਦਦ ਕਰਦਾ ਹੈ। ਮੈਰੀ ਨੇ ਦਾਖਲ ਕੀਤੇ ਗਏ ਮਾਮਲੇ ਵਿਚ ਦਾਅਵਾ ਕੀਤਾ ਕਿ ਉਹ ਅਪਣੀਆਂ ਧਾਰਮਿਕ ਭਾਵਨਾਵਾਂ ਕਾਰਨ ਐਤਵਾਰ ਨੂੰ ਹੋਟਲ ਵਿਚ ਕੰਮ ਕਰਨ ਵਿਚ ਅਸਰਮਥ ਸੀ। ਪਾਰਕ ਹੋਟਲਸ ਐਂਡ ਰਿਜ਼ੋਰਟਸ ਨੇ ਮਿਆਮੀ ਕੋਰਟ ਨੇ ਦੱਸਿਆ ਕਿ ਉਹਨਾਂ ਨੂੰ ਅਜਿਹੀ ਕਿਸੇ ਗੱਲ ਦੀ ਜਾਣਕਾਰੀ ਨਹੀਂ ਹੈ।
ਪ੍ਰਬੰਧਨ ਵੱਲੋਂ ਕਿਹਾ ਗਿਆ ਸੀ ਕਿ ਆਖਰ ਮੈਰੀ ਨੂੰ ਐਤਵਾਰ ਨੂੰ ਛੁੱਟੀ ਕਿਉਂ ਚਾਹੀਦੀ ਹੈ। ਸ਼ੁਰੂਆਤ ਵਿਚ ਮੈਰੀ ਨੂੰ ਐਤਵਾਰ ਨੂੰ ਛੁੱਟੀ ਲੈਣ ਦੇ ਬਦਲੇ ਅਪਣੇ ਨਾਲ ਕੰਮ ਕਰਨ ਵਾਲਿਆਂ ਦੇ ਨਾਲ ਸ਼ਿਫਟ ਬਦਲਣ ਦੀ ਇਜਾਜ਼ਤ ਦਿਤੀ ਗਈ। ਹੋਟਲ ਪ੍ਰਬੰਧਨ ਨੇ ਮੈਰੀ ਦੇ ਪਾਦਰੀ ਦੀ ਲਿਖੀ ਚਿੱਠੀ ਮੰਗੀ ਜਿਸ ਵਿਚ ਸਾਰੀ ਜਾਣਕਾਰੀ ਦੇਣ ਨੂੰ ਕਿਹਾ ਗਿਆ। ਹਾਲਾਂਕਿ 2016 ਵਿਚ ਮੈਰੀ ਨੂੰ ਖਰਾਬ ਕੰਮ ਕਰਨ ਦਾ ਹਵਾਲਾ ਦੇ ਕੇ ਨੌਕਰੀ ਤੋਂ ਕੱਢ ਦਿਤਾ ਗਿਆ।
2017 ਵਿਚ ਮੈਰੀ ਨੇ ਸਿਵਲ ਰਾਈਟਸ ਐਕਟ 1964 ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਕੇਸ ਦਾਖਲ ਕਰ ਦਿਤਾ। ਨਿਯਮ ਅਧੀਨ ਨੌਕਰੀ ਵਿਚ ਜਾਤੀ, ਧਰਮ, ਰੰਗ, ਲਿੰਗ ਅਤੇ ਕੌਮੀਅਤ ਦੇ ਆਧਾਰ 'ਤੇ ਭੇਦਭਾਵ 'ਤੇ ਪੂਰਨ ਪਾਬੰਦੀ ਹੈ। ਕੋਰਟ ਨੇ ਮੈਰੀ ਦੇ ਦਾਅਵੇ ਨੂੰ ਸਹੀ ਕਰਾਰ ਦਿੰਦੇ ਹੋਏ ਉਸ ਨੂੰ 21 ਮਿਲੀਅਨ ਡਾਲਰ ਦਾ ਮੁਆਵਜ਼ਾ ਦੇਣ ਦਾ ਹੁਕਮ ਦਿਤਾ। ਹੋਟਲ ਪ੍ਰਬੰਧਨ ਨੂੰ ਮੈਰੀ ਨੂੰ ਬਕਾਇਆ 35 ਹਜ਼ਾਰ ਡਾਲਰ ਅਤੇ ਮਾਨਸਿਕ ਪੀੜ ਸਹਿਣ ਲਈ 5 ਲੱਖ ਡਾਲਰ ਵਾਧੂ ਵੀ ਦੇਣੇ ਪੈਣਗੇ।