ਮੈਲਬਰਨ 'ਚ 32ਵੀਆਂ ਸਿੱਖ ਖੇਡਾਂ ਦਾ ਹੋਇਆ ਸ਼ਾਨਦਾਰ ਆਗਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿਚ 32 ਵੀਆਂ ਸਿੱਖ ਖੇਡਾਂ ਦੀ ਸ਼ੁਰੂਆਤ ਹੋਈ ਹੈ

Australian Sikh Games Melbourne

ਮੈਲਬਰਨ (ਪਰਮਵੀਰ ਸਿੰਘ ਆਹਲੂਵਾਲੀਆ) : ਅੱਜ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿਚ 32 ਵੀਆਂ ਸਿੱਖ ਖੇਡਾਂ ਦੀ ਸ਼ੁਰੂਆਤ ਹੋਈ ਹੈ। ਤਿੰਨ ਦਿਨਾਂ ਤੱਕ ਚੱਲਣ ਵਾਲ਼ੀਆਂ ਇਹਨਾਂ ਖੇਡਾਂ ਦੌਰਾਨ ਜਿੱਥੇ ਦਰਸ਼ਕਾਂ ਨੂੰ ਵੱਖ-ਵੱਖ ਖੇਡਾਂ ਦਾ ਆਨੰਦ ਮਾਣਨ ਦਾ ਮੌਕਾ ਮਿਲੇਗਾ ਹੈ ਉੱਥੇ ਪੰਜਾਬੀ ਸੱਭਿਆਚਾਰ ਅਤੇ ਇਤਿਹਾਸ ਦੀਆਂ ਵੱਖ-ਵੱਖ ਵੰਨਗੀਆਂ ਵੀ ਪੇਸ਼ ਕੀਤੀਆਂ ਜਾਣਗੀਆਂ। 

ਇਸ ਮੌਕੇ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਅਤੇ ਇਸ ਪ੍ਰਦਰਸ਼ਨੀ ਜ਼ਰੀਏ ਲੋਕਾਂ ਨੂੰ ਇਤਿਹਾਸ ਅਤੇ ਸੱਭਿਆਚਾਰ ਨਾਲ ਜਾਣੂ ਕਰਵਾਇਆ ਜਾਵੇਗਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹਨਾਂ ਖੇਡਾਂ ਦੌਰਾਨ ਆਸਟ੍ਰੇਲੀਆ ਤੋਂ ਇਲਾਵਾ ਨਿਊਜ਼ੀਲੈਂਡ, ਸਿੰਗਾਪੁਰ ਅਤੇ ਮਲੇਸ਼ੀਆ ਤੋਂ ਖਿਡਾਰੀ ਅਤੇ ਦਰਸ਼ਕ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਜਾ ਰਹੇ ਹਨ।

ਦੱਸ ਦਈਏ ਕਿ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਵਿਖੇ 19 ਤੋਂ 21 ਅਪ੍ਰੈਲ ਤਕ 32ਵੀਂ ਸਿੱਖ ਖੇਡਾਂ ਹੋ ਰਹੀਆਂ ਹਨ। ਇਹਨਾਂ ਖੇਡਾਂ ਵਿਚ ਕਬੱਡੀ, ਵਾਲੀਵਾਲ, ਫ਼ੁੱਟਬਾਲ, ਟੱਚ ਰਗਬੀ, ਬਾਸਕਟਬਾਲ, ਗੌਲਫ ਆਦਿ ਦੇ ਖਿਡਾਰੀ ਸ਼ਾਮਿਲ ਹੋਣਗੇ। ਇਹਨਾਂ ਖੇਡਾਂ ਦੌਰਾਨ 150 ਤੋਂ ਜ਼ਿਆਦਾ ਖਿਡਾਰੀ ਅਪਣੀ ਕਲਾ ਦਾ ਪ੍ਰਦਰਸ਼ਨ ਦਿਖਾਉਣਗੇ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਵੱਖ-ਵੱਖ ਗੁਰਦੁਆਰਾ ਸਹਿਬਾਨ ਗੁਰਦੁਆਰਾ ਸਿੰਘ ਸਭਾ ਟੈਂਗਮ, ਗੁਰਦੁਆਰਾ ਸਾਹਿਬ ਬ੍ਰਿਸਬੇਨ ਸਿੱਖ ਟੈਂਪਲ ਲੋਗਨ ਰੋਡ, ਗੁਰੂ ਨਾਨਕ ਸਿੱਖ ਟੈਂਪਲ ਇਨਾਲਾ, ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਾਹਿਬ ਹੈਲਨਸਵੇਲ ਗੋਲਡਕੋਸਟ ਅਤੇ ਗੁਰਦੁਆਰਾ ਸਾਹਿਬ ਨਾਰੰਗ ਗੋਲਡਕੋਸਟ ਵਿਖੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।

ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਕੀਤੀ ਗਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਅਖੰਠ ਪਾਠ ਜੀ ਦੇ ਭੋਗ ਪਾਏ ਜਾਣ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ।