ਟਰੰਪ ਦੀ ਚੀਨ ਨੂੰ ਚੇਤਾਵਨੀ-ਕੋਰੋਨਾ ਫੈਲਾਉਣ ਦਾ ਦੋਸ਼ੀ ਪਾਇਆ ਗਿਆ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਡੋਨਾਲਡ ਟਰੰਪ ਨੇ ਚੀਨ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਉਹ ਕੋਰੋਨਾ ਵਾਇਰਸ ਨੂੰ ਜਾਣ-ਬੂਝ ਕੇ ਫੈਲਾਉਣ ਦਾ ਜ਼ਿੰਮੇਵਾਰ ਪਾਇਆ ਗਿਆ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ

Photo

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਜਾਣ-ਬੂਝ ਕੇ ਫੈਲਾਉਣ ਦਾ ਜ਼ਿੰਮੇਵਾਰ ਪਾਇਆ ਜਾਂਦਾ ਹੈ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ। 

ਟਰੰਪ ਨੇ ਕੋਵਿਡ-19 ਨੂੰ ਲੈ ਕੇ ਚੀਨ ਦੇ ਰਹੱਸਮਈ ਅੰਦਾਜ਼, ਇਸ ਬਿਮਾਰੀ ਨਾਲ ਜੁੜੇ ਤੱਥਾਂ ਦੀ ਪਾਰਦਰਸ਼ਿਤਾ ਵਿਚ ਕਮੀਂ ਅਤੇ ਸ਼ੁਰੂਆਤੀ ਦੌਰ ਵਿਚ ਅਮਰੀਕਾ ਨਾਲ ਅਸਹਿਯੋਗ ਦੇ ਰਵੱਈਏ ‘ਤੇ ਨਿਰਾਸ਼ਾ ਪ੍ਰਗਟਾਈ ਹੈ। ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲ਼ ਕਰਦੇ ਹੋਏ ਡੋਨਾਲ਼ਡ ਟਰੰਪ ਨੇ ਕਿਹਾ, “ਜੇਕਰ ਇਹ ਇਕ ਗਲਤੀ ਸੀ, ਤਾਂ ਗਲਤੀ, ਗਲਤੀ ਹੁੰਦੀ ਹੈ। ਪਰ ਜੇਕਰ ਉਹ ਜਾਣ-ਬੂਝ ਕੇ ਜ਼ਿੰਮੇਵਾਰ ਹੈ, ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹੇ”।

ਟਰੰਪ ਨੇ ਕਿਹਾ ਕਿ ਜਦ ਤੱਕ ਕੋਵਿਡ 19 ਵਿਸ਼ਵ ਵਿਚ ਫੈਲਿਆ ਹੈ, ਉਸ ਤੋਂ ਪਹਿਲਾਂ ਉਹਨਾਂ ਦੇ ਚੀਨ ਨਾਲ ਬਹੁਤ ਚੰਗੇ ਸਬੰਧ ਸਨ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਹਨਾਂ ਨੂੰ ਚੀਨ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਦੇ ਅੰਕੜਿਆਂ ਵਿਚ ਵਿਸ਼ਵਾਸ ਨਹੀਂ ਹੈ ਅਤੇ ਚੀਨ ਵਿਚ ਅਮਰੀਕਾ ਨਾਲੋਂ ਜ਼ਿਆਦਾ ਮੌਤਾਂ ਹੋਈਆਂ ਹਨ।

ਟਰੰਪ ਨੇ ਇਹ ਬਿਆਨ ਉਸ ਸਮੇਂ ਦਿੱਤਾ ਜਦੋਂ ਚੀਨ ਨੇ ਅਚਾਨਕ ਕੋਰੋਨਾ ਵਾਇਰਸ ਦੇ ਕੇਂਦਰ ਵੁਹਾਨ ਵਿਚ ਹੋਈਆਂ ਮੌਤਾਂ ਦੀ ਗਿਣਤੀ ਵਿਚ 50 ਪ੍ਰਤੀਸ਼ਤ ਦਾ ਵਾਧਾ ਕਰ ਦਿੱਤਾ ਸੀ। ਚੀਨ ਨਾਲ ਵਪਾਰਕ ਸਮਝੌਤੇ ਦੇ ਸਮੇਂ ਨੂੰ ਯਾਦ ਕਰਦਿਆਂ ਟਰੰਪ ਨੇ ਕਿਹਾ ਕਿ ਜਦ ਤੋਂ ਅਸੀਂ ਸਮਝੌਤੇ ਕਰ ਰਹੇ ਹਾਂ, ਉਸ ਸਮੇਂ ਰਿਸ਼ਤੇ ਬਹੁਤ ਚੰਗੇ ਸੀ ਪਰ ਅਚਾਨਕ ਇਸ ਵਿਚ ਵੱਡਾ ਅੰਤਰ ਆ ਗਿਆ।

ਰਾਸ਼ਟਰਪਤੀ ਟਰੰਪ ਨੇ ਕਿਹਾ, ‘ਦੋਵੇਂ ਹੀ ਹਾਲਾਤਾਂ ਵਿਚ ਉਹਨਾਂ ਨੂੰ ਦੱਸਣਾ ਚਾਹੀਦਾ ਸੀ, ਤੁਹਾਨੂੰ ਪਤਾ ਹੈ ਕਿ ਅਸੀਂ ਉਹਨਾਂ ਨੂੰ ਸ਼ੁਰੂਆਤ ਵਿਚ ਹੀ ਪੁੱਛਿਆ ਸੀ ਪਰ ਉਹਨਾਂ ਨੇ ਇਸ ਬਾਰੇ ਕੁਝ ਨਹੀਂ ਦੱਸਿਆ। ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਪਤਾ ਸੀ ਕਿ ਕੁਝ ਬੁਰਾ ਹੋਇਆ ਹੈ ਅਤੇ ਇਸ ਨੂੰ ਦੱਸਣ ਵਿਚ ਉਹਨਾਂ ਨੂੰ ਸ਼ਰਮ ਆ ਰਹੀ ਸੀ’।