ਦੁਨੀਆ ਅੱਗੇ ਝੁਕਣ ਲਈ ਮਜਬੂਰ ਹੋਇਆ ਚੀਨ, ਕੋਰੋਨਾ ਜਾਂਚ ਵਿਚ ਦੇਵੇਗਾ ਸਹਿਯੋਗ

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਚੀਨ ਵਿਚ ਉਹਨਾਂ ਨੇ ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਬੇਮਿਸਾਲ ਊਰਜਾ ਦੇ ਨਾਲ ਕੰਮ ਕੀਤਾ ਹੈ,

Photo

ਨਵੀਂ ਦਿੱਲੀ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਚੀਨ ਵਿਚ ਉਹਨਾਂ ਨੇ ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਬੇਮਿਸਾਲ ਊਰਜਾ ਦੇ ਨਾਲ ਕੰਮ ਕੀਤਾ ਹੈ, ਅਸੀਂ ਅਪਣੇ ਯਤਨਾਂ ਅਤੇ ਬਲਿਦਾਨ ਨਾਲ ਵਾਇਰਸ ਖਿਲਫ ਜੰਗ ਜਿੱਤ ਲਈ ਹੈ ਅਤੇ ਇਸ ਦੇ ਨਾਲ ਹੀ ਅਸੀਂ ਅਪਣੇ ਨਾਗਰਿਕਾਂ ਦਾ ਜੀਵਨ ਸੁਰੱਖਿਅਤ ਕੀਤਾ ਹੈ।

ਉਹਨਾਂ ਕਿਹਾ ਕਿ ਅਸੀਂ ਇਸ ਦੌਰਾਨ ਹੋਰ ਦੇਸ਼ਾਂ ਨੂੰ ਵੀ ਜਾਣਕਾਰੀ ਦਿੱਤੀ ਤੇ ਰੋਕਥਾਮ ਅਤੇ ਇਲਾਜ ਦੇ ਤਰੀਕਾਂ ਨੂੰ ਦੁਨੀਆ ਨਾਲ ਸਾਂਝਾ ਕੀਤਾ। ਉਹਨਾਂ ਕਿਹਾ ਕਿ ਅਸੀਂ ਹਰ ਕੋਸ਼ਿਸ਼ ਕੀਤੀ ਜੋ ਅਸੀਂ ਕਰ ਸਕਦੇ ਸੀ, ਜਿਸ ਨਾਲ ਦੁਨੀਆ ਦੇ ਦੇਸ਼ਾਂ ਦੀ ਮਦਦ ਹੋ ਸਕੇ। ਉਹਨਾ ਕਿਹਾ ਕਿ ਚੀਨ ਜਾਂਚ ਵਿਚ ਦੁਨੀਆ ਨੂੰ ਸਹਿਯੋਗ ਦੇਵੇਗਾ। 

ਸ਼ੀ ਜਿਨਪਿੰਗ ਨੇ ਇਹ ਬਿਆਨ, ਜਿਨੇਵਾ ਵਿਚ ਵੀਡੀਓ ਕਾਨਫਰੰਸਿੰਗ ਜ਼ਰੀਏ ਹੋ ਰਹੀ ਵਿਸ਼ਵ ਸਿਹਤ ਅਸੈਂਬਲੀ ਦੀ 73ਵੀਂ ਸਲਾਨਾ ਬੈਠਕ ਵਿਚ ਦਿੱਤਾਾ ਹੈ ਜੋ ਵਿਸ਼ਵ ਸਿਹਤ ਸੰਗਠਨ ਤੋਂ ਬਾਅਦ ਫੈਸਲੇ ਲੈਣ ਵਾਲੀ ਦੂਜੀ ਸਭ ਤੋਂ ਵੱਡੀ ਸੰਸਥਾ ਹੈ।  ਇਸ ਬੈਠਕ ਵਿਚ ਕੋਰੋਨਾ ਦੇ ਮੁੱਦੇ 'ਤੇ ਚਰਚਾ ਹੋਈ।

ਬੈਠਕ ਦੇ ਪਹਿਲੇ ਦਿਨ ਯੂਰੋਪੀਅਨ ਯੂਨੀਅਨ ਤੇ ਆਸਟ੍ਰੇਲੀਆ ਸਮੇਤ ਕਰੀਬ 116 ਦੇਸ਼ਾਂ ਨੇ ਵਾਇਰਸ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਦੀ ਮੰਗ ਦਾ ਪ੍ਰਸਤਾਵ ਰੱਖਿਆ। ਜਿਨ੍ਹਾਂ ਵਿਚ ਭਾਰਤ ਦੇ ਨਾਲ ਬੰਗਲਾਦੇਸ਼, ਕੈਨੇਡਾ, ਰੂਸ, ਇੰਡੋਨੇਸ਼ੀਆ, ਦੱਖਣੀ ਅਫਰੀਕਾ, ਤੁਰਕੀ, ਬ੍ਰਿਟੇਨ ਅਤੇ ਜਾਪਾਨ ਵਰਗੇ ਦੇਸ਼ ਵੀ ਸ਼ਾਮਲ ਹਨ। ਹਾਲਾਂਕਿ ਅਮਰੀਕਾ ਦਾ ਨਾਮ ਇਹਨਾਂ ਦੇਸ਼ਾਂ ਵਿਚ ਸ਼ਾਮਲ ਨਹੀਂ ਹੈ।

ਇਸ ਪ੍ਰਸਤਾਵ ਵਿਚ ਚੀਨ ਜਾਂ ਵੁਹਾਨ ਦਾ ਜ਼ਿਕਰ ਨਹੀਂ ਹੈ ਪਰ ਇਹ ਕਿਹਾ ਗਿਆ ਹੈ ਕਿ ਵਿਸ਼ਵ ਸਿਹਤ ਸੰਗਠਨ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਇਹ ਵਾਇਰਸ ਕਿੱਥੇ ਪੈਦਾ ਹੋਇਆ ਅਤੇ ਇਹ ਜਾਨਵਰਾਂ ਤੋਂ ਮਨੁੱਖ ਤੱਕ ਕਿਵੇਂ ਆਇਆ।