ਆਨਲਾਈਨ 90 ਲੱਖ ਡਾਲਰ ਮਿਲਣ ਦੇ ਵਾਅਦੇ 'ਤੇ ਕੁੜੀ ਨੇ ਕੀਤੀ 'ਬੈਸਟ ਫ੍ਰੈਂਡ' ਦੀ ਹਤਿਆ: ਪੁਲਿਸ

ਏਜੰਸੀ

ਖ਼ਬਰਾਂ, ਕੌਮਾਂਤਰੀ

19 ਸਾਲਾ ਦੋਸਤ ਦੇ ਹੱਥ-ਪੈਰ ਬੰਨ੍ਹੇ, ਸਿਰ ਵਿਚ ਪਿੱਛਿਓਂ ਦੀ ਗੋਲੀ ਮਾਰੀ ਅਤੇ ਨਦੀ ਵਿਚ ਸੁੱਟ ਦਿਤਾ

Cynthia Hoffman

ਲਾਸ ਏਂਜਿਲਿਸ : ਅਮਰੀਕਾ ਵਿਚ ਇਕ ਨਾਬਾਲਗਾ ਨੇ 90 ਲੱਖ ਡਾਲਰ ਦੇ ਲਾਲਚ ਵਿਚ ਫਸ ਕੇ ਅਪਣੀ ਬੈਸਟ ਫ੍ਰੈਂਡ ਦੀ ਹਤਿਆ ਕਰ ਦਿਤੀ। ਮਾਮਲੇ ਦੀ ਜਾਂਚ ਕਰਨ ਵਾਲੇ ਅਧਿਕਾਰੀਆਂ ਮੁਤਾਬਕ,''ਅਲਾਸਕਾ ਦੀ ਰਹਿਣ ਵਾਲੀ 18 ਸਾਲਾ ਡੇਨਾਲੀ ਬ੍ਰੇਮਰ ਦੀ ਇੰਡੀਆਨਾ ਦੇ ਵਸਨੀਕ 21 ਸਾਲਾ ਡੇਰਿਨ ਸ਼ਿਲੀਮਲਰ ਨਾਲ ਆਨਲਾਈਨ ਦੋਸਤੀ ਹੋਈ। ਸ਼ਿਲੀਮਲਰ ਨੇ ਆਨਲਾਈਨ ਖੁਦ ਨੂੰ ਬਹੁਤ ਅਮੀਰ ਵਿਅਕਤੀ ਦਸਿਆ। ਉਸ ਨੇ ਬ੍ਰੇਮਰ ਨੂੰ ਇਸ  ਗੱਲ ਲਈ ਤਿਆਰ ਕੀਤਾ ਕਿ ਜੇਕਰ ਉਹ ਅਪਣੀ ਬੈਸਟ ਫ੍ਰੈਂਡ ਦੀ ਹਤਿਆ ਕਰ ਦਿੰਦੀ ਹੈ ਤਾਂ ਉਹ ਉਸ ਨੂੰ 90 ਲੱਖ ਡਾਲਰ ਦੀ ਰਾਸ਼ੀ ਦੇਵੇਗਾ।''

ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ,''ਆਨਲਾਈਨ ਗੱਲਬਾਤ ਦੌਰਾਨ ਦੋਹਾਂ ਨੇ ਅਲਾਸਕਾ ਵਿਚ ਕਿਸੇ ਦੇ ਬਲਾਤਕਾਰ ਅਤੇ ਹਤਿਆ ਦੇ ਸਬੰਧ ਵਿਚ ਚਰਚਾ ਕੀਤੀ ਸੀ। ਸ਼ਿਲੀਮਲਰ ਨੇ ਬ੍ਰੇਮਰ ਨੂੰ ਵਾਅਦਾ ਕੀਤਾ ਸੀ ਕਿ ਜੇਕਰ ਉਹ ਵਾਰਦਾਤ ਦਾ ਵੀਡੀਉ ਅਤੇ ਤਸਵੀਰਾਂ ਉਸ ਨੂੰ ਭੇਜਦੀ ਹੈ ਤਾਂ ਉਸ ਨੂੰ 90 ਲੱਖ ਡਾਲਰ ਜਾਂ ਉਸ ਤੋਂ ਵੱਧ ਰਾਸ਼ੀ ਮਿਲੇਗੀ।'' ਅਧਿਕਾਰੀਆਂ ਦਾ ਕਹਿਣਾ ਹੈ ਕਿ ਬ੍ਰੇਮਰ ਨੇ ਇਸ ਕੰਮ ਲਈ ਅਪਣੇ ਨਾਲ ਚਾਰ ਹੋਰ ਲੋਕਾਂ ਨੂੰ ਜੋੜਿਆ। ਸਾਰਿਆਂ ਨੇ ਮਿਲ ਕੇ ਬ੍ਰੇਮਰ ਦੀ ਦੋਸਤ ਸਿੰਥਿਆ ਹਾਫਮੈਨ ਦੀ ਹਤਿਆ ਕਰਨ ਦੀ ਯੋਜਨਾ ਬਣਾਈ। 

ਅਧਿਕਾਰੀਆਂ ਨੇ ਦਸਿਆ,''ਯੋਜਨਾ ਮੁਤਾਬਕ ਉਹ 2 ਜੂਨ ਨੂੰ 19 ਸਾਲਾ ਹਾਫਮੈਨ ਨੂੰ ਅਪਣੇ ਨਾਲ ਪਹਾੜ 'ਤੇ ਚੜ੍ਹਨ ਲਈ ਲੈ ਗਏ। ਉੱਥੇ ਉਨ੍ਹਾਂ ਨੇ ਹਾਫਮੈਨ ਦੇ ਹੱਥ-ਪੈਰ ਬੰਨ੍ਹੇ, ਫਿਰ ਉਸ ਦੇ ਸਿਰ ਵਿਚ ਪਿੱਛਿਓਂ ਦੀ ਗੋਲੀ ਮਾਰੀ ਅਤੇ ਨਦੀ ਵਿਚ ਸੁੱਟ ਦਿਤਾ। ਉਸ ਦੀ ਲਾਸ਼ 4 ਜੂਨ ਨੂੰ ਮਿਲੀ।'' ਅਧਿਕਾਰੀਆਂ ਨੇ ਦਸਿਆ ਕਿ ਬ੍ਰੇਮਰ ਨੇ ਇਸ ਪੂਰੇ ਘਟਨਾਕ੍ਰਮ ਦੌਰਾਨ ਸ਼ਿਲੀਮਲਰ ਨੂੰ ਹਾਫਮੈਨ ਦੀਆਂ ਸਨੈਪਚੈਟ ਤਸਵੀਰਾਂ ਅਤੇ ਵੀਡੀਉ ਭੇਜੇ। ਬੀਤੇ ਸ਼ੁਕਰਵਾਰ ਗ੍ਰੈਂਡ ਜਿਊਰੀ ਨੇ ਸਾਰੇ 6 ਦੋਸ਼ੀਆਂ ਨੂੰ ਪ੍ਰਥਮ ਸ਼੍ਰੇਣੀ ਹਤਿਆ ਦਾ ਦੋਸ਼ੀ ਠਹਿਰਾਇਆ ਅਤੇ ਇਸ ਦੇ ਨਾਲ ਹੀ ਸਬੰਧਤ ਹੋਰ ਮਾਮਲਿਆਂ ਵਿਚ ਵੀ ਇਨ੍ਹਾਂ ਨੂੰ ਦੋਸ਼ੀ ਪਾਇਆ ਗਿਆ।