ਯੂਪੀ ਬਾਰ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਦਾ ਕਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਲਜ਼ਮ ਵਕੀਲ ਨੇ ਖ਼ੁਦ ਨੂੰ ਵੀ ਗੋਲੀ ਮਾਰੀ ; ਹਸਪਤਾਲ 'ਚ ਦਾਖ਼ਲ ਕਰਵਾਇਆ

Newly elected UP Bar Council president Darvesh Yadav shot dead

ਆਗਰਾ : ਦੋ ਦਿਨ ਪਹਿਲਾਂ ਉੱਤਰ ਪ੍ਰਦੇਸ਼ ਬਾਰ ਕੌਂਸਲ ਦੀ ਪਹਿਲੀ ਪ੍ਰਧਾਨ ਚੁਣੀ ਗਈ ਦਰਵੇਸ਼ ਯਾਦਵ ਦੀ ਬੁਧਵਾਰ ਨੂੰ ਸਾਥੀ ਵਕੀਲ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਮਲਾ ਕਰਨ ਵਾਲੇ ਵਕੀਲ ਮਨੀਸ਼ ਬਾਬੂ ਸ਼ਰਮਾ ਨੇ ਦਰਵੇਸ਼ ਦੀ ਹੱਤਿਆ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਲਈ। ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਯੂਪੀ ਬਾਰ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਬੁਧਵਾਰ ਨੂੰ ਦੀਵਾਨੀ ਭਵਨ 'ਚ ਉਨ੍ਹਾਂ ਦਾ ਸਵਾਗਤੀ ਪ੍ਰੋਗਰਾਮ ਚੱਲ ਰਿਹਾ ਸੀ। ਦਰਵੇਸ਼ ਯਾਦਵ ਸੀਨੀਅਰ ਵਕੀਲ ਅਰਵਿੰਦ ਕੁਮਾਰ ਮਿਸ਼ਰਾ ਦੇ ਚੈਂਬਰ 'ਚ ਬੈਠੀ ਹੋਈ ਸੀ। ਚਸ਼ਮਦੀਦਾਂ ਮੁਤਾਬਕ ਐਡਵੋਕੇਟ ਮਨੀਸ਼ ਬਾਬੂ ਸ਼ਰਮਾ ਉਸੇ ਸਮੇਂ ਦਰਵੇਸ਼ ਕੋਲ ਆਇਆ ਅਤੇ ਉਸ 'ਤੇ ਆਪਣੀ ਲਾਈਸੈਂਸੀ ਪਸਤੌਲ ਨਾਲ ਇਕ ਤੋਂ ਬਾਅਦ ਇਕ ਤਿੰਨ ਰਾਊਂਡ ਫ਼ਾਇਰ ਕੀਤੇ। ਇਸ ਤੋਂ ਬਾਅਦ ਮਨੀਸ਼ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਦਰਵੇਸ਼ ਯਾਦਵ ਨੂੰ ਗੰਭੀਰ ਹਾਲਤ 'ਚ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਬਾਰ ਕੌਂਸਲ ਦੀ ਚੋਣ 'ਚ ਪ੍ਰਧਾਨ ਦਾ ਅਹੁਦਾ ਜਿੱਤ ਕੇ ਦਰਵੇਸ਼ ਯਾਦਵ ਨੇ ਵਕੀਲਾਂ ਦੀ ਸਿਆਸਤ 'ਚ ਵੱਡਾ ਰੁਤਬਾ ਕਾਇਮ ਕੀਤਾ ਸੀ। ਦੋ ਦਿਨ ਪਹਿਲਾਂ ਹੀ ਉੱਤਰ ਪ੍ਰਦੇਸ਼ ਬਾਰ ਕੌਂਸਲ ਦੀ ਉਹ ਪ੍ਰਧਾਨ ਚੁਣੀ ਗਈ ਸੀ। ਯੂਪੀ ਬਾਰ ਕੌਂਸਲ ਦੇ ਇਤਿਹਾਸ 'ਚ ਉਹ ਪਹਿਲੀ ਮਹਿਲਾ ਪ੍ਰਧਾਨ ਬਣੀ ਸੀ। 

ਦਰਵੇਸ਼ ਯਾਦਵ ਮੂਲ ਰੂਪ ਤੋਂ ਏਟਾ ਦੀ ਰਹਿਣ ਵਾਲੀ ਸੀ। ਉਸ ਨੇ ਆਗਰਾ ਕਾਲਜ ਤੋਂ ਗ੍ਰੈਜੁਏਸ਼ਨ ਕੀਤੀ। ਡਾ. ਭੀਮਰਾਓ ਅੰਬੇਦਕਰ ਯੂਨੀਵਰਸਿਟੀ ਆਗਰਾ ਤੋਂ ਐਲਐਲਐਮ ਕੀਤਾ ਅਤੇ 2004 'ਚ ਵਕਾਲਤ ਸ਼ੁਰੂ ਕੀਤੀ ਸੀ।