ਰੂਸ ਦੀ ਅਦਾਲਤ ਨੇ ਅਮਰੀਕੀ ਪੱਤਰਕਾਰ ਨੂੰ ਜਾਸੂਸੀ ਦੇ ਮਾਮਲੇ ’ਚ 16 ਸਾਲ ਕੈਦ ਦੀ ਸਜ਼ਾ ਸੁਣਾਈ, ਜਾਣੋ ਕੀ ਹੋ ਸਕਦੈ ਨਤੀਜਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਰੂਸ ਅਤੇ ਅਮਰੀਕਾ ਵਿਚਾਲੇ ਕੈਦੀਆਂ ਦੀ ਅਦਲਾ-ਬਦਲੀ ਦਾ ਰਾਹ ਪੱਧਰਾ ਹੋ ਸਕਦਾ ਹੈ

Evan Gershkovich

ਯੇਕਾਟੇਰਿਨਬਰਗ: ਰੂਸ ਦੀ ਇਕ ਅਦਾਲਤ ਨੇ ਵਾਲ ਸਟ੍ਰੀਟ ਜਰਨਲ ਦੇ ਪੱਤਰਕਾਰ ਇਵਾਨ ਗੇਰਸ਼ਕੋਵਿਚ ਨੂੰ ਜਾਸੂਸੀ ਦੇ ਦੋਸ਼ ’ਚ ਦੋਸ਼ੀ ਕਰਾਰ ਦਿੰਦੇ ਹੋਏ 16 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਗੇਰਸ਼ਕੋਵਿਚ ਦੇ ਰੁਜ਼ਗਾਰਦਾਤਾ ਅਤੇ ਅਮਰੀਕਾ ਨੇ ਇਨ੍ਹਾਂ ਦੋਸ਼ਾਂ ਨੂੰ ‘ਪਾਖੰਡ’ ਕਰਾਰ ਦੇ ਕੇ ਖ਼ਾਰਜ ਕੀਤਾ ਹੈ। 

ਗੇਰਸ਼ਕੋਵਿਚ ਨੂੰ ਦੇਸ਼ ਦੀ ਸਿਆਸੀ ਪ੍ਰਭਾਵ ਵਾਲੀ ਕਾਨੂੰਨੀ ਪ੍ਰਣਾਲੀ ਵਿਚ ਤੇਜ਼ੀ ਨਾਲ ਸੁਣਵਾਈ ਦੇ ਤਹਿਤ 16 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਫੈਸਲੇ ਨਾਲ ਰੂਸ ਅਤੇ ਅਮਰੀਕਾ ਵਿਚਾਲੇ ਕੈਦੀਆਂ ਦੀ ਅਦਲਾ-ਬਦਲੀ ਦਾ ਰਾਹ ਪੱਧਰਾ ਹੋ ਸਕਦਾ ਹੈ। 

ਸਵਰਡਲੋਵਸਕ ਖੇਤਰੀ ਅਦਾਲਤ ਵਿਚ ਫੈਸਲਾ ਸੁਣਾਏ ਜਾਣ ਦੌਰਾਨ ਗੇਰਸ਼ਕੋਵਿਚ ਬਚਾਅ ਪੱਖ ਦੇ ਸ਼ੀਸ਼ੇ ਦੇ ਡੱਬੇ ਵਿਚ ਚੁੱਪਚਾਪ ਖੜਾ  ਸੀ। ਉਸ ਨੇ ਭਾਵਹੀਣ ਹੋ ਕੇ ਫੈਸਲਾ ਸੁਣਿਆ ਪਰ ਰੁਕ-ਰੁਕ ਕੇ ਮੁਸਕਰਾਇਆ ਵੀ। ਜਦੋਂ ਜੱਜ ਆਂਦਰੇਈ ਮਿਨਾਯੇਵ ਨੇ ਉਸ ਨੂੰ ਪੁਛਿਆ  ਕਿ ਕੀ ਉਸ ਦੇ ਫੈਸਲੇ ਬਾਰੇ ਕੋਈ ਸਵਾਲ ਹਨ, ਤਾਂ ਉਸ ਨੇ  ਜਵਾਬ ਦਿਤਾ, ‘‘ਨਹੀਂ, ਮਾਣਯੋਗ।’’

32 ਸਾਲ ਦੇ ਗੇਰਸ਼ਕੋਵਿਚ ਨੂੰ ਮਾਰਚ 2023 ਵਿਚ ਯੂਰਾਲ ਪਹਾੜੀ ਸ਼ਹਿਰ ਯੇਕਾਤੇਰਿਨਬਰਗ ਦੀ ਰੀਪੋਰਟਿੰਗ ਯਾਤਰਾ ਦੌਰਾਨ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਉਸ ’ਤੇ  ਅਮਰੀਕਾ ਲਈ ਜਾਸੂਸੀ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਉਦੋਂ ਤੋਂ ਉਹ ਸਲਾਖਾਂ ਪਿੱਛੇ ਹੈ। 

1986 ਵਿਚ ਸ਼ੀਤ ਜੰਗ ਦੇ ਸਿਖਰ ’ਤੇ  ਨਿਕੋਲਸ ਡੈਨੀਲੋਫ ਦੀ ਗ੍ਰਿਫਤਾਰੀ ਤੋਂ ਬਾਅਦ ਗੇਰਸ਼ਕੋਵਿਚ ਜਾਸੂਸੀ ਦੇ ਦੋਸ਼ਾਂ ਵਿਚ ਹਿਰਾਸਤ ਵਿਚ ਲਿਆ ਗਿਆ ਪਹਿਲਾ ਅਮਰੀਕੀ ਪੱਤਰਕਾਰ ਹੈ। ਫੈਸਲਾ ਸੁਣਾਏ ਜਾਣ ਤੋਂ ਬਾਅਦ, ਅਦਾਲਤ ’ਚ ਕਿਸੇ ਨੇ ਚੀਕ ਕੇ ਕਿਹਾ, ‘‘ਇਵਾਨ, ਅਸੀਂ ਤੁਹਾਨੂੰ ਪਿਆਰ ਕਰਦੇ ਹਾਂ!’’

ਵਕੀਲਾਂ ਨੇ 18 ਸਾਲ ਦੀ ਸਜ਼ਾ ਦੀ ਬੇਨਤੀ ਕੀਤੀ ਪਰ ਜੱਜ ਨੇ 16 ਸਾਲ ਦੀ ਸਜ਼ਾ ਸੁਣਾਈ। ਅਮਰੀਕੀ ਰਾਸ਼ਟਰਪਤੀ ਜੋ. ਬਾਈਡਨ  ਨੇ ਕਿਹਾ, ‘‘ਗੇਰਸ਼ਕੋਵਿਚ ਨੂੰ ਰੂਸੀ ਸਰਕਾਰ ਨੇ ਨਿਸ਼ਾਨਾ ਬਣਾਇਆ ਕਿਉਂਕਿ ਉਹ ਇਕ ਪੱਤਰਕਾਰ ਅਤੇ ਅਮਰੀਕੀ ਹੈ।’’ ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ, ‘‘ਅਸੀਂ ਇਵਾਨ ਦੀ ਰਿਹਾਈ ਲਈ ਸਖਤ ਮਿਹਨਤ ਕਰ ਰਹੇ ਹਾਂ ਅਤੇ ਅਜਿਹਾ ਕਰਨਾ ਜਾਰੀ ਰੱਖਾਂਗੇ।’’