Covid ਟੀਕੇ ਨੂੰ ਲੈ ਕੇ ਰਾਸ਼ਟਰਵਾਰ ਦੀ ਭਾਵਨਾ ਵਿਚ ਰਹੇ ਤਾਂ ਨਤੀਜੇ ਹੋਣਗੇ ਗੰਭੀਰ! WHO ਦੀ ਚੇਤਾਵਨੀ
ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ 2 ਕਰੋੜ 20 ਲੱਖ ਤੋਂ ਜ਼ਿਆਦਾ ਹਨ, ਉੱਥੇ ਹੀ 7 ਲੱਖ 77 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ।
ਨਵੀਂ ਦਿੱਲੀ: ਪੂਰੀ ਦੁਨੀਆਂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੈ। ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ 2 ਕਰੋੜ 20 ਲੱਖ ਤੋਂ ਜ਼ਿਆਦਾ ਹਨ, ਉੱਥੇ ਹੀ 7 ਲੱਖ 77 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਟੀਕੇ ਨੂੰ ਲੈ ਕੇ ਰਾਸ਼ਟਰਵਾਦ ਦੀ ਭਾਵਨਾ ਤੋਂ ਬਾਹਰ ਨਿਕਲਣ ਅਤੇ ਇਕੱਠੇ ਹੋ ਕੇ ਇਕ-ਦੂਜੇ ਦੀ ਮਦਦ ਕਰਨ।
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਕੋਰੋਨਾ ਦੇ ਸੰਭਾਵਿਤ ਟੀਕੇ ਦੇ ਨਿਰਮਾਣ ਵਿਚ ਜੁਟੇ ਦੇਸ਼ ਜੇਕਰ ਬਾਕੀਆਂ ਨੂੰ ਵੱਖ ਕਰ ਦੇਣਗੇ ਤਾਂ ਇਸ ਨਾਲ ਹਾਲਾਤ ਸਿਰਫ਼ ਗੰਭੀਰ ਹੋਣਗੇ। ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਅਮੀਰ ਦੇਸ਼ਾਂ ਨੂੰ ਅਪੀਲ ਕੀਤੀ ਸੀ ਕਿ ਉਹ 31 ਅਗਸਤ ਤੱਕ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਲਈ COVAX ਗਲੋਬਲ ਵੈਕਸੀਨ ਫੈਸਿਲਟੀ ਦਾ ਹਿੱਸਾ ਬਣਨ, ਤਾਂ ਜੋ ਉਹਨਾਂ ਦੀ ਬਣਾਈ ਵੈਕਸੀਨ ਨੂੰ ਵਿਕਾਸਸ਼ੀਲ ਦੇਸ਼ਾਂ ਨਾਲ ਵੀ ਸਾਂਝਾ ਕੀਤਾ ਜਾ ਸਕੇ। ਵਿਸ਼ਵ ਸਿਹਤ ਸੰਗਠਨ ਮੁਖੀ ਨੇ ਕਿਹਾ ਸੀ ਕਿ ਉਹਨਾਂ ਨੇ ਇਸ ਦੇ ਲਈ 194 ਦੇਸ਼ਾਂ ਨੂੰ ਚਿੱਠੀ ਲਿਖੀ ਸੀ।
ਵਿਸ਼ਵ ਸਿਹਤ ਸੰਗਠਨ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਹੁਣ ਜ਼ਿਆਦਾਤਰ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦਾ ਕਾਰਨ ਨੌਜਵਾਨ ਲੋਕ ਹਨ, ਕਿਉਂਕਿ ਉਹਨਾਂ ਵਿਚ ਜ਼ਿਆਦਾਤਰ ਜਾਣਦੇ ਹੀ ਨਹੀਂ ਕਿ ਉਹਨਾਂ ਨੂੰ ਕੋਰੋਨਾ ਵਾਇਰਸ ਹੈ। ਇਸ ਨਾਲ ਉਹਨਾਂ ਦੇ ਆਸਪਾਸ ਰਹਿਣ ਵਾਲੇ ਸਮੂਹਾਂ ‘ਤੇ ਖਤਰਾ ਬਣਿਆ ਰਹਿੰਦਾ ਹੈ। ਦੱਸ ਦਈਏ ਕਿ ਸੰਗਠਨ ਵੱਲੋਂ ਵੱਖ-ਵੱਖ ਦੇਸ਼ਾਂ ਨਾਲ ਕੋਰੋਨਾ ਵਾਇਰਸ ਟੀਕੇ ਦੇ ਸਾਂਝੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੀ ਅਪੀਲ ਅਜਿਹੇ ਸਮੇਂ ਕੀਤੀ ਗਈ ਹੈ, ਜਦੋਂ ਯੂਰੋਪੀਅਨ ਯੂਨੀਅਨ, ਬ੍ਰਿਟੇਨ, ਸਵਿਟਜ਼ਰਲੈਂਡ ਅਤੇ ਅਮਰੀਕਾ ਨੇ ਪਹਿਲਾਂ ਹੀ ਵੈਕਸੀਨ ਦੀ ਖੋਜ ਵਿਚ ਜੁਟੀਆਂ ਕੰਪਨੀਆਂ ਨਾਲ ਸਮਝੌਤੇ ਕਰ ਲਏ ਹਨ।
ਰੂਸ ਅਤੇ ਚੀਨ ਵੀ ਫਿਲਹਾਲ ਟੀਕੇ ‘ਤੇ ਕੰਮ ਕਰ ਰਹੇ ਹਨ ਅਤੇ ਸੰਗਠਨ ਨੂੰ ਸ਼ੱਕ ਹੈ ਕਿ ਸਾਰੇ ਦੇਸ਼ ਕੌਮੀ ਹਿੱਤਾਂ ਕਾਰਨ ਕੋਰੋਨਾ ਨੂੰ ਰੋਕਣ ਲਈ ਗਲੋਬਲ ਮੋਰਚੇ ਵਿਚ ਸ਼ਾਮਲ ਨਹੀਂ ਹੋਣਗੇ। ਮੌਜੂਦਾ ਸਮੇਂ ਵਿਚ ਵਿਸ਼ਵ ਸਿਹਤ ਸੰਗਠਨ ਦੀ ਕੋਵੈਕਸ ਫੈਸਿਲਟੀ ਲਈ 92 ਘੱਟ ਆਮਦਨ ਵਾਲੇ ਦੇਸ਼ਾਂ ਨੇ ਦਿਲਚਸਪੀ ਦਿਖਾਈ ਹੈ। ਇਸ ਤੋਂ ਇਲਾਵਾ 80 ਉੱਚ ਆਮਦਨ ਵਾਲੇ ਦੇਸ਼ਾਂ ਨੇ ਵੀ ਸਕੀਮ ਨੂੰ ਵਿੱਤੀ ਮਦਦ ਦੇਣ ਵਿਚ ਦਿਲਚਸਪੀ ਲਈ ਹੈ। ਇਸ ਦੇ ਬਾਵਜੂਦ ਜ਼ਿਆਦਾਤਰ ਵੱਡੇ ਦੇਸ਼ ਹਾਲੇ 31 ਅਗਸਤ ਤੱਕ ਦੀ ਡੈੱਡਲਾਈਨ ਦਾ ਇੰਤਜ਼ਾਰ ਕਰ ਰਹੇ ਹਨ