ਕੈਨੇਡਾ ਨੇ ਅਫ਼ਗ਼ਾਨਿਸਤਾਨ ਦੀ ਨਵੀਂ ਸਰਕਾਰ ਨੂੰ ਮਾਨਤਾ ਦੇਣ ਤੋਂ ਕੀਤਾ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

20 ਸਾਲ ਪਹਿਲਾਂ ਵੀ ਜਦੋਂ ਅਤਿਵਾਦੀ ਸਮੂਹ ਨੇ ਅਫ਼ਗ਼ਾਨਿਸਤਾਨ ’ਤੇ ਕਬਜ਼ਾ ਕਰ ਲਿਆ ਸੀ, ਕੈਨੇਡਾ ਨੇ ਤਾਲਿਬਾਨ ਨੂੰ ਦੇਸ਼ ਦੀ ਸਰਕਾਰ ਵਜੋਂ ਮਾਨਤਾ ਨਹੀਂ ਦਿਤੀ ਸੀ

Justin Trudeau

 

 ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਫ਼ਗ਼ਾਨਿਸਤਾਨ ਦੀ ਮੌਜੂਦਾ ਸਥਿਤੀ ’ਤੇ ਚਿੰਤਾ ਪ੍ਰਗਟ ਕੀਤੀ ਹੈ। ਟਰੂਡੋ ਨੇ ਅਫ਼ਗ਼ਾਨਿਸਤਾਨ ਵਿਚ ਨਵੀਂ ਤਾਲਿਬਾਨ ਸਰਕਾਰ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿਤਾ ਹੈ। ਕੈਨੇਡੀਅਨ ਪੀਐਮ ਟਰੂਡੋ ਨੇ ਅਫ਼ਗ਼ਾਨਿਸਤਾਨ ਦੇ ਮੁੱਦੇ ’ਤੇ ਖੁੱਲ੍ਹ ਕੇ ਬੋਲਦਿਆਂ ਕਿਹਾ ਕਿ ਉਨ੍ਹਾਂ (ਤਾਲਿਬਾਨਾਂ) ਨੇ ਸੱਤਾ ਹਥਿਆ ਲਈ ਹੈ ਅਤੇ ਚੁਣੀ ਹੋਈ ਲੋਕਤੰਤਰੀ ਸਰਕਾਰ ਨੂੰ ਤਾਕਤ ਨਾਲ ਬਦਲ ਦਿਤਾ ਹੈ। 

 

 

 ਅਤਿਵਾਦੀ ਸੰਗਠਨ ਤਾਲਿਬਾਨ ਨੂੰ ਅਫ਼ਗ਼ਾਨਿਸਤਾਨ ਦੀ ਸਰਕਾਰ ਵਜੋਂ ਮਾਨਤਾ ਦੇਣ ਦੀ ਸਾਡੀ ਕੋਈ ਯੋਜਨਾ ਨਹੀਂ ਹੈ। ਉਹ ਕੈਨੇਡੀਅਨ ਕਾਨੂੰਨ ਅਧੀਨ ਮਾਨਤਾ ਪ੍ਰਾਪਤ ਅਤਿਵਾਦੀ ਸੰਗਠਨ ਹਨ। ਇਸ ਵੇਲੇ ਸਾਡਾ ਧਿਆਨ ਲੋਕਾਂ ਨੂੰ ਅਫ਼ਗ਼ਾਨਿਸਤਾਨ ਤੋਂ ਬਾਹਰ ਕੱਢਣ ’ਤੇ ਹੈ ਅਤੇ ਲੋਕਾਂ ਨੂੰ ਹਵਾਈ ਅੱਡੇ ਤਕ ਪਹੁੰਚਾਉਣ ਲਈ ਮੁਫ਼ਤ ਪਹੁੰਚ ਯਕੀਨੀ ਬਣਾਉਣ ਦੀ ਜ਼ਰੂਰਤ ਹੈ।  ਉਨ੍ਹਾਂ ਇਹ ਵੀ ਕਿਹਾ ਕਿ 20 ਸਾਲ ਪਹਿਲਾਂ ਵੀ ਜਦੋਂ ਅਤਿਵਾਦੀ ਸਮੂਹ ਨੇ ਅਫ਼ਗ਼ਾਨਿਸਤਾਨ ’ਤੇ ਕਬਜ਼ਾ ਕਰ ਲਿਆ ਸੀ, ਕੈਨੇਡਾ ਨੇ ਤਾਲਿਬਾਨ ਨੂੰ ਦੇਸ਼ ਦੀ ਸਰਕਾਰ ਵਜੋਂ ਮਾਨਤਾ ਨਹੀਂ ਦਿਤੀ ਸੀ।

 

 

ਰਾਸ਼ਟਰਪਤੀ ਅਸ਼ਰਫ ਗਨੀ ਦੇ ਐਤਵਾਰ ਨੂੰ ਅਫ਼ਗ਼ਾਨਿਸਤਾਨ ਛੱਡਣ ਦੇ ਤੁਰਤ ਬਾਅਦ ਤਾਲਿਬਾਨ ਨੇ ਕਾਬੁਲ ਵਿਚ ਦਾਖ਼ਲ ਹੋ ਕੇ ਰਾਸ਼ਟਰਪਤੀ ਭਵਨ ਦਾ ਕਬਜ਼ਾ ਵੀ ਲੈ ਲਿਆ। ਅਤਿਵਾਦੀ ਸਮੂਹ ਤਾਲਿਬਾਨ ਨੇ ਅਫ਼ਗ਼ਾਨ ਸਰਕਾਰ ’ਤੇ ਆਪਣੀ ਜਿੱਤ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਡਰ ਦਾ ਮਾਹੌਲ ਬਣ ਗਿਆ ਅਤੇ ਲੋਕ ਦੇਸ਼ ਛੱਡਣ ਲਈ ਹਵਾਈ ਅੱਡੇ ਵੱਲ ਕਾਹਲੇ ਪੈ ਗਏ।

 

 

ਇਸ ਦੇ ਨਾਲ ਹੀ ਤਾਲਿਬਾਨ ਨੇਤਾ ਦੋਹਾ ਵਿਚ ਭਵਿੱਖ ਦੀਆਂ ਸਰਕਾਰੀ ਯੋਜਨਾਵਾਂ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਨ ਅਤੇ ਅਫ਼ਗ਼ਾਨਿਸਤਾਨ ਵਿਚ ਸਰਕਾਰ ਬਣਾਉਣ ਲਈ ਅੰਤਰਰਾਸ਼ਟਰੀ ਭਾਈਚਾਰੇ ਅਤੇ ਅੰਤਰ-ਅਫਗਾਨ ਧਿਰਾਂ ਦੇ ਸੰਪਰਕ ਵਿਚ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਨੇ ਵੀ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਰਵੱਈਏ ’ਤੇ ਚਿੰਤਾ ਪ੍ਰਗਟ ਕੀਤੀ ਹੈ।

 

ਹੋਰ ਪੜ੍ਹੋ : ਅਫ਼ਗ਼ਾਨਿਸਤਾਨ ਵਿਚ ਅਮਰੀਕਾ ਵੀ ਹਾਰਿਆ, ਰੂਸ ਵੀ ਭੱਜਾ ਤੇ ਤਾਲਿਬਾਨ (ਸਥਾਨਕ ਗੁਰੀਲੇ) ਜਿੱਤ ਗਏ!

ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰਸ ਨੇ ਕਿਹਾ ਕਿ ਮੈਂ ਸਾਰੀਆਂ ਧਿਰਾਂ ਖ਼ਾਸ ਕਰਕੇ ਤਾਲਿਬਾਨ ਨੂੰ ਅਪੀਲ ਕਰਦਾ ਹਾਂ ਕਿ ਉਹ ਲੋਕਾਂ ਦੀ ਜਾਨਾਂ ਦੀ ਰਾਖੀ ਲਈ ਸੰਜਮ ਵਰਤਣ ਅਤੇ ਇਹ ਯਕੀਨੀ ਬਣਾਉਣ ਕਿ ਮਨੁੱਖੀ ਲੋੜਾਂ ਪੂਰੀਆਂ ਹੋ ਸਕਣ।  

ਹੋਰ ਪੜ੍ਹੋ : ਇਟਲੀ ’ਚ ਪੰਜਾਬੀ ਨੌਜਵਾਨ ਦੀ ਨਹਿਰ ’ਚ ਡੁੱਬਣ ਨਾਲ ਮੌਤ