ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਵੱਡਾ ਝਟਕਾ, ਅਦਾਲਤ ਵਲੋਂ ਪਟੀਸ਼ਨ ਰੱਦ 

ਏਜੰਸੀ

ਖ਼ਬਰਾਂ, ਕੌਮਾਂਤਰੀ

ਨੀਰਵ ਮੋਦੀ ਇਸ ਵੇਲੇ ਯੂਕੇ ਦੀ ਜੇਲ੍ਹ ਵਿੱਚ ਬੰਦ ਹੈ ਅਤੇ ਭਾਰਤ ਹਵਾਲਗੀ ਵਿਰੁੱਧ ਕਾਨੂੰਨੀ ਲੜਾਈ ਲੜ ਰਿਹਾ ਹੈ।

Nirav Modi

ਵਾਸ਼ਿੰਗਟਨ : ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਅਮਰੀਕਾ ਦੀ ਅਦਾਲਤ ਵਲੋਂ ਵੱਡਾ ਝਟਕਾ ਮਿਲਿਆ ਹੈ। ਅਮਰੀਕੀ ਅਦਾਲਤ ਨੇ ਭਾਰਤ ਦੇ ਭਗੌੜੇ ਨੀਰਵ ਮੋਦੀ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਦੱਸ ਦਈਏ ਕਿ ਨੀਰਵ ਮੋਦੀ ਅਤੇ ਉਸ ਦੇ ਦੋ ਸਾਥੀਆਂ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰ ਕੇ ਅਪੀਲ ਕੀਤੀ ਸੀ ਕਿ ਉਨ੍ਹਾਂ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਨੂੰ ਰੱਦ ਕੀਤਾ ਜਾਵੇ।

ਨਿਊਯਾਰਕ ਦੀ ਇੱਕ ਅਦਾਲਤ ਵਿੱਚ ਰਿਚਰਡ ਲੇਵੀਨ ਵਲੋਂ ਨੀਰਵ ਮੋਦੀ 'ਤੇ ਦੋਸ਼ ਲਾਇਆ ਸੀ। ਰਿਚਰਡ ਲੇਵਿਨ ਨੂੰ ਨੀਰਵ ਮੋਦੀ ਦੀਆਂ ਫਾਇਰ ਸਟਾਰ ਡਾਇਮੰਡ, ਫੈਂਟਸੀ ਇੰਕ ਅਤੇ ਏ ਜਾਫੇ ਵਰਗੀਆਂ ਤਿੰਨ ਕੰਪਨੀਆਂ ਦਾ ਟਰੱਸਟੀ ਬਣਾਇਆ ਗਿਆ ਸੀ ਜਿਸ ਦੀ ਮਾਲਕੀ ਨੀਰਵ ਮੋਦੀ ਕੋਲ ਸੀ।

ਰਿਚਰਡ ਲੇਵਿਨ ਨੇ ਮੋਦੀ ਨੂੰ ਉਧਾਰ ਦੇਣ ਵਾਲੀਆਂ ਸੰਸਥਾਵਾਂ ਨੂੰ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਘੱਟੋ ਘੱਟ 15 ਮਿਲੀਅਨ ਡਾਲਰ ਜ਼ੁਰਮਾਨੇ ਦੀ ਮੰਗ ਕੀਤੀ ਸੀ। ਇਹ ਜੁਰਮਾਨਾ ਨੀਰਵ ਮੋਦੀ ਅਤੇ ਉਸ ਦੇ ਸਾਥੀਆਂ ਮੇਹਰ ਭੰਸਾਲੀ ਅਤੇ ਅਜੈ ਗਾਂਧੀ ਤੋਂ ਵਸੂਲ ਕਰਨ ਦੀ ਮੰਗ ਕੀਤੀ ਗਈ ਸੀ ਜਿਸ ਸਬੰਧੀ ਨਿਊਯਾਰਕ ਦੀ ਅਦਾਲਤ ਵਲੋਂ ਪਿਛਲੇ ਸ਼ੁੱਕਰਵਾਰ ਨੂੰ ਇਹ ਹੁਕਮ ਜਾਰੀ ਕੀਤਾ ਗਿਆ।

ਦੱਸ ਦਈਏ ਕਿ ਨੀਰਵ ਮੋਦੀ ਇਸ ਵੇਲੇ ਯੂਕੇ ਦੀ ਜੇਲ੍ਹ ਵਿੱਚ ਬੰਦ ਹੈ ਅਤੇ ਭਾਰਤ ਹਵਾਲਗੀ ਵਿਰੁੱਧ ਕਾਨੂੰਨੀ ਲੜਾਈ ਲੜ ਰਿਹਾ ਹੈ। ਪੰਜਾਬ ਨੈਸ਼ਨਲ ਬੈਂਕ ਤੋਂ ਕਰੀਬ 14,000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਘੁਟਾਲੇ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਭਾਰਤ ਵਲੋਂ ਨੀਰਵ ਮੋਦੀ ਦੀ ਹਵਾਲਗੀ ਦੀ ਮੰਗ ਕੀਤੀ ਜਾ ਰਹੀ ਹੈ।