8 ਮਹੀਨੇ ਤੋਂ ਨਹੀਂ ਮਿਲੀ ਤਨਖ਼ਾਹ, ਨੀਦਰਲੈਂਡ ਮੁੜਿਆ ਪਾਕਿਸਤਾਨੀ ਹਾਕੀ ਟੀਮ ਦਾ ਵਿਦੇਸ਼ੀ ਕੋਚ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨੀ ਹਾਕੀ ਫ਼ੈਡਰੇਸ਼ਨ ਦੇ ਮੌਜੂਦਾ ਹਾਲਾਤਾਂ ਤੋਂ ਖਿਡਾਰੀ ਵੀ ਹਨ ਨਿਰਾਸ਼

Image

 

ਕਰਾਚੀ - ਪਾਕਿਸਤਾਨ ਹਾਕੀ ਟੀਮ ਦੇ ਨੀਦਰਲੈਂਡ ਦੇ ਕੋਚ ਸੇਗਫ੍ਰਾਈਡ ਏਕਮੈਨ ਪਿਛਲੇ ਅੱਠ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਆਪਣੇ ਵਤਨ ਵਾਪਸ ਪਰਤ ਗਏ ਹਨ।

ਪਾਕਿਸਤਾਨ ਹਾਕੀ ਫ਼ੈਡਰੇਸ਼ਨ (ਪੀ.ਐੱਚ.ਐੱਫ.) ਨੇ ਕਿਹਾ ਕਿ ਏਕਮੈਨ ਨਾ ਸਿਰਫ਼ ਤਨਖ਼ਾਹ ਦਾ ਭੁਗਤਾਨ ਨਾ ਕੀਤੇ ਜਾਣ 'ਤੇ ਨਾਖ਼ੁਸ਼ ਸੀ, ਸਗੋਂ ਰਾਸ਼ਟਰੀ ਕੈਂਪ ਨਾਲ ਜੁੜੇ ਹੋਰ ਪਾਕਿਸਤਾਨੀ ਕੋਚਾਂ ਦੇ 'ਬੇਲੋੜੇ ਦਖਲ' ਤੋਂ ਵੀ ਦੁਖੀ ਸੀ।

"ਪੀ.ਐੱਚ.ਐੱਫ. ਤੋਂ ਪਾਕਿਸਤਾਨ ਸਪੋਰਟਸ ਬੋਰਡ (ਪੀ.ਐੱਸ.ਬੀ.) ਦੇ ਜ਼ਰੀਏ ਤਨਖ਼ਾਹ ਵਾਸਤੇ ਧੀਰਜ ਨਾਲ ਇੰਤਜ਼ਾਰ ਕਰਨ ਤੋਂ ਬਾਅਦ, ਏਕਮੈਨ ਨੀਦਰਲੈਂਡ ਵਾਪਸ ਮੁੜ ਗਏ ਹਨ, ਪਰ ਇਹ ਕਦਮ ਉਨ੍ਹਾਂ ਨੇ ਅੱਠ ਮਹੀਨੇ ਤੱਕ ਤਨਖ਼ਾਹ ਨਾ ਮਿਲਣ ਤੋਂ ਬਾਅਦ ਚੁੱਕਿਆ। ਉਨ੍ਹਾਂ ਫ਼ੈਸਲਾ ਕੀਤਾ ਕਿ ਹੁਣ ਬਹੁਤ ਹੋ ਚੁੱਕਿਆ ਹੈ, ਅਤੇ ਉਹ ਆਪਣੇ ਵਤਨ ਵਾਪਸ ਮੁੜ ਗਏ ਹਨ।"

ਪੀ.ਐੱਚ.ਐੱਫ. ਦੇ ਇੱਕ ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਕੋਚ ਘਰ ਵਾਪਸ ਚਲਾ ਗਿਆ ਹੈ ਕਿਉਂਕਿ ਰਾਸ਼ਟਰੀ ਟੀਮ ਕੋਲ ਨੇੜਲੇ ਭਵਿੱਖ 'ਚ ਖੇਡਣ ਲਈ ਕੋਈ ਟੂਰਨਾਮੈਂਟ ਨਹੀਂ।

ਅਧਿਕਾਰੀ ਨੇ ਕਿਹਾ ਕਿ ਇਸ ਮਹੀਨੇ ਦੇ ਅੰਤ ਤੱਕ ਕੋਚ ਨੂੰ ਪੂਰਾ ਭੁਗਤਾਨ ਕਰ ਦਿੱਤਾ ਜਾਵੇਗਾ, ਕਿਉਂਕਿ ਉਸ ਦੀਆਂ ਤਨਖ਼ਾਹਾਂ ਦਾ ਭੁਗਤਾਨ ਪੀ.ਐੱਸ.ਬੀ. ਕਰਦਾ ਹੈ। 

ਪਾਕਿਸਤਾਨ ਹਾਕੀ ਫ਼ੈਡਰੇਸ਼ਨ ਪਿਛਲੇ ਕੁਝ ਸਾਲਾਂ ਤੋਂ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ਅਤੇ ਮੌਜੂਦਾ ਸਥਿਤੀ ਤੋਂ ਖਿਡਾਰੀ ਵੀ ਨਿਰਾਸ਼ ਹਨ।