ਅਮਰੀਕਾ - ਘਰ ਨੂੰ ਲੱਗੀ ਅੱਗ ਕਾਰਨ ਭਾਰਤੀ ਉੱਦਮੀ ਔਰਤ ਦੀ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤੀ ਭਾਈਚਾਰੇ ਦਾ ਸਨਮਾਨਿਤ ਚਿਹਰਾ ਸੀ  32 ਸਾਲਾ ਤਾਨਿਆ ਬਠੀਜਾ 

Image

 

ਹਿਊਸਟਨ - ਇੱਕ ਭਾਰਤੀ-ਅਮਰੀਕੀ ਉੱਦਮੀ ਔਰਤ ਦੀ ਨਿਊਯਾਰਕ ਦੇ ਲਾਂਗ ਆਈਲੈਂਡ 'ਚ 14 ਦਸੰਬਰ ਨੂੰ ਉਸ ਦੇ ਘਰ 'ਚ ਲੱਗੀ ਅੱਗ ਦੌਰਾਨ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਇਸ ਘਟਨਾ 'ਚ ਉਸ ਦਾ ਕੁੱਤਾ ਵੀ ਮਾਰਿਆ ਗਿਆ। 

ਪੁਲਿਸ ਦੇ ਦੱਸਣ ਅਨੁਸਾਰ, 14 ਦਸੰਬਰ ਨੂੰ ਸਵੇਰੇ ਤੜਕੇ 2:53 ਵਜੇ ਅੱਗ ਲੱਗਣ ਬਾਰੇ ਪਤਾ ਲੱਗਿਆ। ਦੋ ਪੁਲਿਸ ਅਧਿਕਾਰੀਆਂ ਅਤੇ ਇੱਕ ਸਾਰਜੈਂਟ ਨੇ ਤਾਨਿਆ ਬਠੀਜਾ (32) ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਦੀਆਂ ਲਪਟਾਂ ਬਹੁਤ ਤੇਜ਼ ਸਨ।

ਸਥਾਨਕ ਫ਼ਾਇਰ ਵਿਭਾਗ ਵੱਲੋਂ ਅੱਗ 'ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾਏ ਜਾਣ ਤੋਂ ਪਹਿਲਾਂ ਹੀ ਤਾਨਿਆ ਦੀ ਮੌਤ ਹੋ ਗਈ। ਧੂਏਂ ਦੀ ਲਪੇਟ 'ਚ ਆਏ ਪੁਲਿਸ ਕਰਮਚਾਰੀਆਂ ਨੂੰ ਵੀ ਸਟੋਨੀ ਬਰੁਕ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ। 

ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦੀ ਘਟਨਾ ਨੂੰ ਗ਼ੈਰ-ਅਪਰਾਧਿਕ ਮੰਨਿਆ ਗਿਆ ਹੈ।

ਪੁਲਿਸ ਵਿਭਾਗ ਦੇ ਹੋਮੀਸਾਈਡ ਸਕੁਐਡ ਦੇ ਮੁਖੀ ਨੇ ਕਿਹਾ, “ਬਠੀਜਾ ਕਾਰਲਜ਼ ਸਟ੍ਰੇਟ ਪਾਥ ਉੱਤੇ ਆਪਣੇ ਮਾਪਿਆਂ ਦੇ ਘਰ ਦੇ ਪਿੱਛੇ ਇੱਕ ਕਾਟੇਜ ਵਿੱਚ ਰਹਿੰਦੀ ਸੀ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਤਾਨਿਆ ਦੇ ਪਿਤਾ ਗੋਬਿੰਦ ਬਠੀਜਾ ਜੋ ਇੱਕ ਵਪਾਰੀ ਅਤੇ ਭਾਰਤੀ ਭਾਈਚਾਰੇ ਦੇ ਆਗੂ ਹਨ, ਉਹ 14 ਦਸੰਬਰ ਨੂੰ ਸਵੇਰੇ ਕਸਰਤ ਕਰਨ ਲਈ ਉੱਠੇ ਤਾਂ ਉਨ੍ਹਾਂ ਖਿੜਕੀ ਤੋਂ ਬਾਹਰ ਦੇਖਿਆ ਅਤੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਕਾਟੇਜ ਨੂੰ ਅੱਗ ਲੱਗੀ ਹੋਈ ਸੀ।

ਅਧਿਕਾਰੀ ਨੇ ਅੱਗੇ ਕਿਹਾ, "ਉਸ ਨੇ ਆਪਣੀ ਪਤਨੀ ਨੂੰ ਜਗਾਇਆ ਕੀਤਾ ਅਤੇ 911 'ਤੇ ਕਾਲ ਕੀਤੀ। ਉਹ ਬਾਹਰ ਕਾਟੇਜ ਵੱਲ ਭੱਜੇ ਅਤੇ ਆਪਣੀ ਧੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਕਾਟੇਜ ਅੱਗ ਨਾਲ ਪੂਰੀ ਤਰ੍ਹਾਂ ਨਾਲ ਘਿਰੀ ਹੋਈ ਸੀ" ਅਧਿਕਾਰੀ ਨੇ ਅੱਗੇ ਕਿਹਾ।

ਤਾਨਿਆ ਬਠੀਜਾ ਨਿਊਯਾਰਕ ਦੇ ਹੰਟਿੰਗਟਨ ਕਸਬੇ ਅਤੇ ਡਿਕਸ ਹਿਲਜ਼ ਵਿੱਚ ਭਾਰਤੀ ਭਾਈਚਾਰੇ ਵਿੱਚ ਇੱਕ ਜਾਣੀ-ਪਛਾਣੀ ਸ਼ਖ਼ਸੀਅਤ ਸੀ। ਐਕਾਊਂਟਿੰਗ ਅਤੇ ਫ਼ਾਈਨੈਂਸ ਵਿੱਚ ਐਮ.ਬੀ.ਏ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸ ਨੇ ਇੱਕ ਸਫ਼ਲ ਕਾਰੋਬਾਰੀ ਵਜੋਂ ਆਪਣੀ ਪਛਾਣ ਬਣਾਈ। 

ਤਾਨਿਆ ਦਾ ਅੰਤਿਮ ਸਸਕਾਰ 18 ਦਸੰਬਰ ਨੂੰ ਸਵੇਰੇ 10 ਵਜੇ ਲੇਕ ਰੋਨਕੋਨਕੋਮਾ ਵਿੱਚ ਮੈਲੋਨੀ ਦੇ ਲੇਕ ਫਿਊਨਰਲ ਹੋਮ ਵਿਖੇ ਕੀਤਾ ਗਿਆ।