China earthquake: ਚੀਨ ਵਿਚ ਭੂਚਾਲ ਨੇ ਮਚਾਈ ਤਬਾਹੀ; ਹੁਣ ਤਕ 111 ਲੋਕਾਂ ਦੀ ਮੌਤ ਅਤੇ ਕਈ ਲਾਪਤਾ
ਉੱਤਰ-ਪੱਛਮੀ ਪ੍ਰਾਂਤ ਗਾਂਸੂ ਅਤੇ ਕਿੰਗਹਾਈ ਵਿਚ ਆਇਆ 6.3 ਤੀਬਰਤਾ ਦਾ ਭੂਚਾਲ
China earthquake: ਚੀਨ 'ਚ ਭੂਚਾਲ ਕਾਰਨ ਹੁਣ ਤਕ 111 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 200 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਦੱਸ ਦੇਈਏ ਕਿ ਸੋਮਵਾਰ ਦੇਰ ਸ਼ਾਮ ਚੀਨ ਦੇ ਉੱਤਰੀ-ਪੱਛਮੀ ਸੂਬਿਆਂ ਗਾਂਸੂ ਅਤੇ ਕਿੰਗਹਾਈ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.2 ਮਾਪੀ ਗਈ ਹੈ। ਭੂਚਾਲ ਦੀ ਡੂੰਘਾਈ 10 ਕਿਲੋਮੀਟਰ ਹੈ।
ਚੀਨੀ ਮੀਡੀਆ ਰੀਪੋਰਟਾਂ ਮੁਤਾਬਕ ਭੂਚਾਲ ਕਾਰਨ ਗਾਂਸੂ 'ਚ 100 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ ਕਿੰਗਹਾਈ 'ਚ 11 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਗਾਂਸੂ 'ਚ 96 ਅਤੇ ਕਿੰਗਹਾਈ 'ਚ 124 ਲੋਕ ਜ਼ਖਮੀ ਹਨ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਹੈ। ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਭੂਚਾਲ ਕਾਰਨ ਕਾਫੀ ਨੁਕਸਾਨ ਹੋਇਆ ਹੈ। ਪਾਣੀ ਅਤੇ ਬਿਜਲੀ ਵਿਵਸਥਾ ਠੱਪ ਹੋ ਗਈ ਹੈ। ਆਵਾਜਾਈ ਅਤੇ ਸੰਚਾਰ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਸੋਸ਼ਲ ਮੀਡੀਆ ਪੋਸਟ ਦੇ ਅਨੁਸਾਰ, ਗਾਂਸੂ ਦੀ ਰਾਜਧਾਨੀ ਲਾਂਝੂ ਵਿਚ ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਯੂਨੀਵਰਸਿਟੀ ਦੇ ਵਿਦਿਆਰਥੀ ਅਪਣੇ ਡਾਰਮੇਟਰੀ ਤੋਂ ਬਾਹਰ ਆ ਗਏ। ਚੀਨੀ ਮੀਡੀਆ ਨੇ ਦਸਿਆ ਕਿ ਬਚਾਅ ਦਲ ਮੌਕੇ 'ਤੇ ਪਹੁੰਚ ਗਿਆ ਹੈ। ਬਚਾਅ ਕਾਰਜ ਸ਼ੁਰੂ ਕਰ ਦਿਤੇ ਗਏ ਹਨ। ਟੈਂਟ, ਫੋਲਡਿੰਗ ਬੈੱਡ ਅਤੇ ਰਜਾਈਆਂ ਮੌਕੇ 'ਤੇ ਪਹੁੰਚਾਈਆਂ ਜਾ ਰਹੀਆਂ ਹਨ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬਚਾਅ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਮੌਤਾਂ ਦੀ ਗਿਣਤੀ ਨੂੰ ਘੱਟ ਕਰਨ ਲਈ ਉਪਾਅ ਕਰਨ ਦੇ ਨਿਰਦੇਸ਼ ਵੀ ਦਿਤੇ ਹਨ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਜਾ ਰਿਹਾ ਹੈ, ਜਿਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
(For more news apart from 6.2-magnitude China earthquake kills 111 in Gansu and Qinghai provinces, stay tuned to Rozana Spokesman)