Canada News: ਕੈਨੇਡਾ ਦੇ ਕਿਊਬੈਕ ਜਾਣ ਵਾਲੇ ਵਿਦਿਆਰਥੀਆਂ ਨੂੰ ਸਿੱਖਣੀ ਪਵੇਗੀ ਫ੍ਰੈਂਚ; ਅੰਤਰਰਾਸ਼ਟਰੀ ਵਿਦਿਆਰਥੀਆਂ ’ਤੇ ਪਵੇਗਾ ਅਸਰ
ਗੈਰ-ਫ੍ਰੈਂਚ ਵਿਦਿਆਰਥੀਆਂ ਲਈ ਟਿਊਸ਼ਨ ਫੀਸ 33% ਵਧਾਉਣ ਦੀ ਤਜਵੀਜ਼
Canada News: ਕੈਨੇਡਾ ਦੇ ਫ੍ਰੈਂਚ ਬੋਲਣ ਵਾਲੇ ਸੂਬੇ ਕਿਊਬੈਕ ਹੁਣ ਉਥੋਂ ਦੀਆਂ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਵਿਦਿਆਰਥੀਆਂ 'ਤੇ ਅੰਗਰੇਜ਼ੀ ਭਾਸ਼ਾ ਦੇ ਕੋਰਸ ਕਰਕੇ ਫ੍ਰੈਂਚ ਭਾਸ਼ਾ ਸਿੱਖਣ ਦਾ ਦਬਾਅ ਵਧਾਉਣ ਜਾ ਰਿਹਾ ਹੈ। ਕਿਊਬੈਕ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਟਿਊਸ਼ਨ ਫੀਸ ਵਧਾਏਗੀ ਅਤੇ ਉਨ੍ਹਾਂ ਲਈ ਅਪਣੀ ਪੜ੍ਹਾਈ ਦੌਰਾਨ ਫ੍ਰੈਂਚ ਸਿੱਖਣਾ ਲਾਜ਼ਮੀ ਬਣਾਏਗੀ।
ਸੂਬਾ ਸਰਕਾਰ ਨੇ ਗੈਰ ਫ੍ਰੈਂਚ ਵਿਦਿਆਰਥੀਆਂ ਲਈ ਟਿਊਸ਼ਨ ਫੀਸ 33 ਫੀ ਸਦੀ ਵਧਾਉਣ ਦੀ ਤਜਵੀਜ਼ ਤਿਆਰ ਕੀਤੀ ਹੈ। ਹਾਲਾਂਕਿ ਪਹਿਲਾਂ ਫੀਸ ਦੁੱਗਣੀ ਕਰਨ ਦੀ ਤਜਵੀਜ਼ ਸੀ ਪਰ ਬਾਅਦ ਵਿਚ ਇਸ ਨੂੰ ਘਟਾ ਕੇ 33 ਫੀ ਸਦੀ ਕਰ ਦਿਤਾ ਗਿਆ। ਇਸ ਦੇ ਨਾਲ ਹੀ ਸੂਬੇ ਵਿਚ ਅੰਗਰੇਜ਼ੀ ਵਿਚ ਸਿੱਖਿਆ ਦੇਣ ਵਾਲੀਆਂ ਯੂਨੀਵਰਸਿਟੀਆਂ ਨੂੰ ਵੱਧ ਤੋਂ ਵੱਧ ਫਰਾਂਸੀਸੀ ਭਾਸ਼ਾ ਅਪਣਾਉਣ ਲਈ ਕਿਹਾ ਜਾਵੇਗਾ।
ਇਸ ਦੇ ਨਾਲ ਹੀ ਕਿਊਬੈਕ ਸੂਬੇ ਨੇ ਫਰਾਂਸੀਸੀ ਭਾਸ਼ਾ ਵਿਚ ਪੜ੍ਹਣ ਵਾਲੇ ਵਿਦਿਆਰਥੀਆਂ ਦੀਆਂ ਫੀਸਾਂ ਘਟਾਉਣ ਦੀ ਵੀ ਯੋਜਨਾ ਬਣਾਈ ਹੈ। ਕਿਊਬੈਕ ਫਰਾਂਸ, ਬੈਲਜੀਅਮ ਅਤੇ ਸਵਿਟਜ਼ਰਲੈਂਡ ਦੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨਾ ਚਾਹੁੰਦਾ ਹੈ ਤਾਂ ਜੋ ਯੂਰਪੀਅਨ ਮੂਲ ਦੇ ਹੋਰ ਲੋਕ ਕਿਊਬੈਕ ਆਉਣ। ਕਿਊਬੈਕ ਦੂਜੇ ਸੂਬਿਆਂ ਤੋਂ ਆਉਣ ਵਾਲੇ ਕੈਨੇਡੀਅਨ ਵਿਦਿਆਰਥੀਆਂ ਲਈ ਕਾਲਜ-ਯੂਨੀਵਰਸਿਟੀ ਦੀ ਸਿੱਖਿਆ ਨੂੰ ਵੀ ਮਹਿੰਗਾ ਬਣਾ ਰਿਹਾ ਹੈ। ਕਿਊਬੈਕ ਬਾਅਦ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਪ੍ਰਾਪਤ ਫੀਸਾਂ ਦਾ ਇਕ ਵੱਡਾ ਹਿੱਸਾ ਫਰਾਂਸੀਸੀ ਬੋਲਣ ਵਾਲੀਆਂ ਯੂਨੀਵਰਸਿਟੀਆਂ ਵਿਚ ਵੰਡਦਾ ਹੈ।
ਪੰਜਾਬ ਤੋਂ ਹਰ ਸਾਲ ਕਰੀਬ 20 ਹਜ਼ਾਰ ਵਿਦਿਆਰਥੀ ਜਾਂਦੇ ਨੇ ਕਿਊਬੈਕ
ਕਿਊਬੈਕ ਵਿਚ ਹਰ ਸਾਲ 60 ਹਜ਼ਾਰ ਦੇ ਕਰੀਬ ਅੰਤਰਰਾਸ਼ਟਰੀ ਵਿਦਿਆਰਥੀ ਆਉਂਦੇ ਹਨ, ਜਿਨ੍ਹਾਂ ਵਿਚੋਂ 20 ਹਜ਼ਾਰ ਇਕੱਲੇ ਪੰਜਾਬ ਦੇ ਹਨ। ਅਜਿਹੇ 'ਚ ਟਿਊਸ਼ਨ ਫੀਸ 'ਚ ਵਾਧੇ ਦਾ ਸੱਭ ਤੋਂ ਜ਼ਿਆਦਾ ਅਸਰ ਉਨ੍ਹਾਂ 'ਤੇ ਪਵੇਗਾ ਅਤੇ ਉਨ੍ਹਾਂ ਨੂੰ ਫੀਸਾਂ ਨੂੰ ਬਚਾਉਣ ਲਈ ਫ੍ਰੈਂਚ ਸਿੱਖਣੀ ਪਵੇਗੀ।
ਕਿਊਬੈਕ ਦੇ ਬਾਹਰ ਖੋਲ੍ਹੇ ਜਾਣਗੇ ਨਵੇਂ ਕੈਂਪਸ
ਕੈਨੇਡੀਅਨ ਸਿੱਖਿਆ ਪ੍ਰਣਾਲੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕਿਊਬੈਕ ਵਿਚ ਕੰਮ ਕਰਨ ਵਾਲੀਆਂ ਯੂਨੀਵਰਸਿਟੀਆਂ ਨੇ ਸੂਬੇ ਤੋਂ ਬਾਹਰ ਹੋਰ ਸੂਬਿਆਂ ਵਿਚ ਅਪਣੇ ਕੈਂਪਸ ਖੋਲ੍ਹਣ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ ਤਾਂ ਜੋ ਲੋੜ ਪੈਣ ’ਤੇ ਵਿਦਿਆਰਥੀਆਂ ਨੂੰ ਉਥੇ ਤਬਦੀਲ ਕੀਤਾ ਜਾ ਸਕੇ।
PGWP ਪ੍ਰੋਗਰਾਮ ਅਧੀਨ ਵਰਕ ਪਰਮਿਟ 31 ਜਨਵਰੀ 2024 ਤੋਂ ਹੋਵੇਗਾ ਬੰਦ
ਮੌਜੂਦਾ ਸਮੇਂ ਵਿਚ 9.5 ਲੱਖ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿਚ ਪੜ੍ਹ ਰਹੇ ਹਨ ਅਤੇ ਲਗਭਗ 14 ਲੱਖ ਵਿਦਿਆਰਥੀ ਅਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ 'ਤੇ ਕੰਮ ਕਰ ਰਹੇ ਹਨ। ਹੁਣ ਨਵੇਂ ਨਿਯਮਾਂ ਨਾਲ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵਧ ਰਹੀਆਂ ਹਨ। ਸਟੱਡੀ ਪਰਮਿਟਾਂ ਲਈ ਖਰਚੇ ਜਾਣ ਵਾਲੇ ਫੰਡ ਪਹਿਲਾਂ ਹੀ ਦੁੱਗਣੇ ਕੀਤੇ ਜਾ ਚੁੱਕੇ ਹਨ। PGWP ਪ੍ਰੋਗਰਾਮ ਅਧੀਨ ਵਰਕ ਪਰਮਿਟ ਵੀ 31 ਜਨਵਰੀ, 2024 ਤੋਂ ਬਾਅਦ ਬੰਦ ਕੀਤੇ ਜਾ ਰਹੇ ਹਨ। ਇਸ ਕਾਰਨ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਰਹਿਣ ਲਈ ਹੋਰ ਤਰੀਕੇ ਲੱਭਣੇ ਪੈਣਗੇ।
ਵਿਦਿਆਰਥੀਆਂ ਲਈ ਕੰਮ ਦੇ ਘੰਟੇ 20 ਕਰਨ ਦੀ ਤਿਆਰੀ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੀਜ਼ਾ ਅਤੇ ਪਰਮਿਟ ਨਿਯਮਾਂ ਨੂੰ ਲਗਾਤਾਰ ਸਖ਼ਤ ਕਰ ਰਹੇ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਲਈ ਕੰਮ ਦੇ ਘੰਟੇ 20 ਤੋਂ ਵਧਾ ਕੇ 40 ਕਰਨ ਦੀ ਸਹੂਲਤ ਵੀ 30 ਅਪ੍ਰੈਲ ਤਕ ਵਧਾ ਦਿਤੀ ਗਈ ਹੈ। ਇਹ ਸਹੂਲਤ ਵੀ 1 ਮਈ 2024 ਤੋਂ ਬੰਦ ਹੋ ਜਾਵੇਗੀ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਟੱਡੀ ਵੀਜ਼ੇ ਉਨ੍ਹਾਂ ਕਾਲਜਾਂ ਅਤੇ ਰਾਜਾਂ ਲਈ ਸੀਮਤ ਹੋਣਗੇ ਜੋ ਵਿਦਿਆਰਥੀਆਂ ਲਈ ਸਹੂਲਤਾਂ ਨਹੀਂ ਦਿੰਦੇ ਹਨ। ਅਜਿਹੇ ਵਿਚ ਜੇਕਰ ਕਿਊਬੈਕ ਨੇ ਵੀ ਸਖ਼ਤੀ ਵਧਾ ਦਿਤੀ ਤਾਂ ਵਿਦਿਆਰਥੀਆਂ ਲਈ ਕੈਨੇਡਾ ਪੀਆਰ ਦਾ ਰਾਹ ਹੋਰ ਵੀ ਔਖਾ ਹੋ ਜਾਵੇਗਾ।
(For more news apart from, Now students in Quebec will have to learn French stay tuned to Rozana Spokesman)